ਲੁਧਿਆਣਾ (ਰਾਜ)- ਮਹਾਨਗਰ ’ਚ ਇਨ੍ਹਾਂ ਦਿਨਾਂ ’ਚ ਬੈਂਕ ਰਿਕਵਰੀ ਏਜੰਟਾਂ ਦੇ ਨਾਂ ’ਤੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲ ਰਿਹਾ ਹੈ। ਕੋਚਰ ਮਾਰਕੀਟ ਇਲਾਕੇ ’ਚ ਰਿਕਵਰੀ ਏਜੰਟ ਬਣ ਕੇ ਆਏ ਕੁਝ ਨੌਜਵਾਨਾਂ ਨੇ ਇਕ ਪਰਿਵਾਰ ਨਾਲ ਨਾ ਸਿਰਫ ਬਦਸਲੂਕੀ ਕੀਤੀ, ਸਗੋਂ ਉਨ੍ਹਾਂ ’ਤੇ ਹਮਲਾ ਵੀ ਕੀਤਾ। ਸ਼ਹਿਰ ’ਚ ਵਧਦੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਦਰਮਿਆਨ ਇਨ੍ਹਾਂ ਰਿਕਵਰੀ ਗੁੰਡਿਆਂ ਨੇ ਆਮ ਜਨਤਾ ਦਾ ਸੜਕਾਂ ’ਤੇ ਨਿਕਲਣਾ ਦੁੱਭਰ ਕਰ ਦਿੱਤਾ ਹੈ।
ਪੀੜਤ ਸ਼ੁਭਨੀਤ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਬੱਚੇ ਨਾਲ ਡੀ. ਐੱਮ. ਸੀ. ਹਸਪਤਾਲ ਤੋਂ ਦਵਾਈ ਲੈ ਕੇ ਪਰਤ ਰਿਹਾ ਸੀ। ਕੋਚਰ ਮਾਰਕੀਟ ਚੌਕ ਕੋਲ ਕੁਝ ਨੌਜਵਾਨਾਂ ਨੇ ਉਸ ਨੂੰ ਘੇਰ ਕੇ ਖੁਦ ਨੂੰ ਬੈਂਕ ਏਜੰਟ ਦੱਸਿਆ। ਜਦੋਂ ਸ਼ੁਭਨੀਤ ਨੇ ਪਛਾਣ ਪੱਤਰ ਮੰਗਿਆ ਤਾਂ ਮੁਲਜ਼ਮ ਭੜਕ ਗਏ ਅਤੇ ਗਾਲੀ-ਗਲੋਚ ਕਰਨ ਲੱਗੇ। ਮੁਲਜ਼ਮਾਂ ਨੇ ਜ਼ਬਰਦਸਤੀ ਐਕਟਿਵਾ ਦੀ ਚਾਬੀ ਖੋਹ ਲਈ ਅਤੇ ਪੱਥਰ ਚੁੱਕ ਕੇ ਸ਼ੁਭਨੀਤ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮਾਸੂਮ ਬੱਚੇ ਅਤੇ ਪਤਨੀ ਨਾਲ ਵੀ ਬਦਤਮੀਜ਼ੀ ਕੀਤੀ ਗਈ। ਹੈਰਾਨੀ ਦੀ ਗੱਲ ਇਹ ਰਹੀ ਕਿ ਪੁਲਸ ਕੰਟਰੋਲ ਰੂਮ ’ਤੇ ਕਾਲ ਕਰਨ ਦੇ ਬਾਵਜੂਦ ਕੋਈ ਮਦਦ ਨਹੀਂ ਪੁੱਜੀ।
ਬਜ਼ੁਰਗ ਨਾਲ ਵੀ ਕੀਤੀ ਲੁੱਟ ਦੀ ਕੋਸ਼ਿਸ਼
ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਬਜ਼ੁਰਗ ਨੂੰ ਇਨ੍ਹਾਂ ਕਥਿਤ ਏਜੰਟਾਂ ਨੇ ਰਸਤੇ ’ਚ ਰੋਕ ਲਿਆ। ਉਨ੍ਹਾਂ ਨੇ ਬਜ਼ੁਰਗ ਦੀ ਐਕਟਿਵਾ ਦੀ ਚਾਬੀ ਕੱਢਣ ਦੀ ਕੋਸ਼ਿਸ਼ ਕੀਤੀ ਅਤੇ ਵਿਰੋਧ ਕਰਨ ’ਤੇ ਉਨ੍ਹਾਂ ਦਾ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ। ਖਿੱਚੋਤਾਣ ਦੌਰਾਨ ਮੋਬਾਈਲ ਹੇਠਾਂ ਡਿੱਗ ਗਿਆ ਅਤੇ ਲੋਕਾਂ ਨੂੰ ਇਕੱਠਾ ਹੁੰਦਾ ਦੇਖ ਕੇ ਮੁਲਜ਼ਮ ਫਰਾਰ ਹੋ ਗਏ। ਇਸ ਮਾਮਲੇ ’ਚ ਵੀ ਪੁਲਸ ਦੀ ਕਾਰਜਪ੍ਰਣਾਲੀ ‘ਜ਼ੀਰੋ’ ਰਹੀ।
ਪੁਲਸ, ਕਥਿਤ ਨੇਤਾਵਾਂ ਅਤੇ ਮੀਡੀਆ ਦੀ ਮਿਲੀਭੁਗਤ ਦੇ ਦੋਸ਼
ਸਥਾਨਕ ਲੋਕਾਂ ਦਾ ਗੰਭੀਰ ਦੋਸ਼ ਹੈ ਕਿ ਸ਼ਹਿਰ ’ਚ ਰਿਕਵਰੀ ਏਜੰਟਾਂ ਦੇ ਨਾਂ ’ਤੇ ਇਕ ਗਿਰੋਹ ਸਰਗਰਮ ਹੈ, ਜਿਸ ਨੂੰ ਪੁਲਸ ਦੀ ਕਥਿਤ ਸਰਪ੍ਰਸਤੀ ਪ੍ਰਾਪਤ ਹੈ। ਲੋਕਾਂ ਅਨੁਸਾਰ ਥਾਣੇ ਜਾਣ ’ਤੇ ਪੁਲਸ ਮਦਦ ਦੀ ਬਜਾਏ ਪੀੜਤਾਂ ਨੂੰ ਹੀ ਧਮਕਾਉਂਦੀ ਹੈ ਅਤੇ ਏਜੰਟਾਂ ਨਾਲ ਪੈਸੇ ਦੇ ਕੇ ਸਮਝੌਤਾ ਕਰਨ ਦਾ ਦਬਾਅ ਬਣਾਉਂਦੀ ਹੈ। ਦੋਸ਼ ਲਾਇਆ ਗਿਆ ਹੈ ਕਿ ਇਸ ਨਾਜਾਇਜ਼ ਵਸੂਲੀ ’ਚ ਕੁਝ ਤਥਾ-ਕਥਿਤ ਹਿੰਦੂ ਨੇਤਾ ਅਤੇ ਮੀਡੀਆ ਦੇ ਚਿਹਰੇ ਵੀ ਸ਼ਾਮਲ ਹਨ। ਸ਼ਹਿਰਵਾਸੀਆਂ ਨੇ ਪੁਲਸ ਕਮਿਸ਼ਨਰ ਤੋਂ ਇਸ ਗਿਰੋਹ ’ਤੇ ਨਕੇਲ ਕੱਸਣ ਅਤੇ ਸ਼ਾਮਲ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਪੰਜਾਬ: 'ਮੈਂ ਪੇਪਰਾਂ ਦੀ ਤਿਆਰੀ ਕਰਨੀ ਐ...' ਆਖ਼ 7ਵੀਂ ਦੇ ਵਿਦਿਆਰਥੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ
NEXT STORY