ਲੁਧਿਆਣਾ (ਰਾਜ): ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਸਮਰਥਿਤ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਦੇ ਪੰਜਾਬ ਵਿਚ ਵਧਦੇ ਨੈੱਟਵਰਕ ਨੂੰ ਤਬਾਹ ਕਰਨ ਲਈ ਬੁੱਧਵਾਰ ਨੂੰ ਪੰਜਾਬ ਪੁਲਸ ਨੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਵੱਡਾ ਸਰਚ ਆਪ੍ਰੇਸ਼ਨ ਚਲਾਇਆ। ਪੁਲਸ ਨੇ ਵੱਡੀ ਗਿਣਤੀ ਵਿਚ ਅਜਿਹੇ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ, ਜਿਨ੍ਹਾਂ 'ਤੇ ਭੱਟੀ ਦੇ ਇਸ਼ਾਰੇ 'ਤੇ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਹੋਣ ਦਾ ਸ਼ੱਕ ਹੈ। ਖੁਫੀਆ ਵਿਭਾਗ ਤੋਂ ਮਿਲੀ ਇਨਪੁਟ ਦੇ ਆਧਾਰ 'ਤੇ ਕੀਤੀ ਗਈ ਇਸ ਕਾਰਵਾਈ ਦਾ ਮੁੱਖ ਉਦੇਸ਼ ਸੂਬੇ ਦੇ ਨੌਜਵਾਨਾਂ ਨੂੰ ਅਪਰਾਧ ਦੀ ਦਲਦਲ ਵਿਚ ਫਸਣ ਤੋਂ ਰੋਕਣਾ ਹੈ।
ਸੋਸ਼ਲ ਮੀਡੀਆ ਬਣਿਆ ਭੱਟੀ ਦਾ ਹਥਿਆਰ:
ਜਾਂਚ ਵਿਚ ਖੁਲਾਸਾ ਹੋਇਆ ਹੈ ਕਿ ਸ਼ਹਿਜ਼ਾਦ ਭੱਟੀ, ਜੋ ਇਸ ਵੇਲੇ ਦੁਬਈ ਵਿਚ ਬੈਠ ਕੇ ਆਪਣਾ ਨੈੱਟਵਰਕ ਚਲਾ ਰਿਹਾ ਹੈ, ਸੋਸ਼ਲ ਮੀਡੀਆ ਦੇ ਜ਼ਰੀਏ ਬੇਰੁਜ਼ਗਾਰ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਹਿਰਾਸਤ ਵਿਚ ਲਏ ਗਏ ਜ਼ਿਆਦਾਤਰ ਨੌਜਵਾਨ ਸੋਸ਼ਲ ਮੀਡੀਆ 'ਤੇ ਭੱਟੀ ਨੂੰ ਫਾਲੋ ਕਰਦੇ ਸਨ ਅਤੇ ਉਸ ਦੀਆਂ ਭੜਕਾਊ ਵੀਡੀਓਜ਼ ਨੂੰ ਅੱਗੇ ਸ਼ੇਅਰ ਕਰ ਰਹੇ ਸਨ। ਪੁਲਸ ਅਧਿਕਾਰੀਆਂ ਅਨੁਸਾਰ, ਭੱਟੀ ਇਨ੍ਹਾਂ ਨੌਜਵਾਨਾਂ ਨੂੰ ਪੈਸੇ ਅਤੇ ਨਸ਼ੇ ਦਾ ਲਾਲਚ ਦੇ ਕੇ ਡਰੱਗ ਤਸਕਰੀ, ਨਾਜਾਇਜ਼ ਹਥਿਆਰਾਂ ਦੀ ਸਪਲਾਈ ਅਤੇ ਅੱਤਵਾਦੀ ਗਤੀਵਿਧੀਆਂ ਲਈ ਬਤੌਰ ਕੋਰੀਅਰ ਇਸਤੇਮਾਲ ਕਰਦਾ ਹੈ। ਹਾਲਾਂਕਿ ਏਜੰਸੀਆਂ ਉਸ ਦੇ ਕਈ ਅਕਾਊਂਟ ਬਲਾਕ ਕਰਵਾ ਚੁੱਕੀਆਂ ਹਨ, ਪਰ ਉਹ ਲਗਾਤਾਰ ਨਵੇਂ ਹੈਂਡਲ ਬਣਾ ਕੇ ਨੌਜਵਾਨਾਂ ਨੂੰ ਜਾਲ ਵਿਚ ਫਸਾ ਰਿਹਾ ਹੈ।
ਹਿਰਾਸਤ 'ਚ ਲਏ ਗਏ ਸ਼ੱਕੀ ਲੋਕ
ਲੁਧਿਆਣਾ ਦੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ 18 ਲੋਕਾਂ ਨੂੰ ਪੁੱਛਗਿੱਛ ਲਈ ਰਾਊਂਡਅੱਪ ਕੀਤਾ ਗਿਆ ਹੈ। ਇਸੇ ਤਰ੍ਹਾਂ ਜਲੰਧਰ ਤੋਂ ਵੀ 17 ਦੇ ਕਰੀਬ ਸ਼ੱਕੀ ਲੋਕਾਂ ਨੂੰ ਹਿਰਾਸਤ ਵਿਚ ਲਏ ਜਾਣ ਦੀ ਸੂਚਨਾ ਹੈ। ਪੁਲਸ ਹੁਣ ਡੂੰਘਾਈ ਨਾਲ ਇਸ ਗੱਲ ਦੀ ਤਫਤੀਸ਼ ਕਰ ਰਹੀ ਹੈ ਕਿ ਇਨ੍ਹਾਂ ਸ਼ੱਕੀਆਂ ਦਾ ਸ਼ਹਿਜ਼ਾਦ ਭੱਟੀ ਦੇ ਨਾਲ ਕੀ ਸਬੰਧ ਹੈ ਅਤੇ ਇਹ ਕਿਹੜੀਆਂ-ਕਿਹੜੀਆਂ ਵਾਰਦਾਤਾਂ ਵਿਚ ਸ਼ਾਮਲ ਰਹੇ ਹਨ। ਸੀਨੀਅਰ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਮੁਹਿੰਮ ਨਾਲ ਪੰਜਾਬ ਵਿਚ ਭੱਟੀ ਦੇ ਨੈੱਟਵਰਕ ਨੂੰ ਤੋੜਨ ਅਤੇ ਭਵਿੱਖ ਵਿਚ ਹੋਣ ਵਾਲੇ ਅਪਰਾਧਾਂ ਨੂੰ ਰੋਕਣ ਵਿਚ ਵੱਡੀ ਮਦਦ ਮਿਲੇਗੀ।
ਮੋਹਾਲੀ ਨਿਗਮ ਚੋਣਾਂ : ਭਾਜਪਾ ਨੇ ਖੋਲ੍ਹੇ ਪੱਤੇ, 42 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
NEXT STORY