ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ, ਪਵਨ) - ਦਿਹਾਤੀ ਮਜ਼ਦੂਰ ਸਭਾ ਦੀ ਜ਼ਿਲਾ ਕਮੇਟੀ ਵੱਲੋਂ ਸਰਕਾਰ ਦੀ ਅਧਿਆਪਕਾ ਵਿਰੋਧੀ ਨੀਤੀ ਖਿਲਾਫ਼ ਪੰਜਾਬ ਭਰ ਦੇ ਅਧਿਆਪਕਾਂ ਵੱਲੋਂ ਸੜਕਾਂ 'ਤੇ ਆ ਕੇ ਕੀਤੇ ਜਾ ਰਹੇ ਅੰਦੋਲਨ ਦੀ ਹਮਾਇਤ ਕੀਤੀ ਗਈ। ਇਸ ਮੌਕੇ ਜਥੇਬੰਦੀ ਦੇ ਜ਼ਿਲਾ ਹਰਜੀਤ ਸਿੰਘ ਮਦਰੱਸਾ, ਜ਼ਿਲਾ ਸਕੱਤਰ ਜਗਜੀਤ ਸਿੰਘ ਜੱਸੇਆਣਾ, ਕਰਮ ਸਿੰਘ ਮਦਰੱਸਾ, ਅੰਮ੍ਰਿਤਪਾਲ ਸਿੰਘ ਗੂੜੀ ਸੰਘਰ, ਜ਼ਿਲਾ ਵਿੱਤ ਸਕੱਤਰ ਜਸਵਿੰਦਰ ਸਿੰਘ ਸੰਗੂਧੌਣ ਆਦਿ ਨੇ ਸਾਂਝੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ 'ਚ ਜਥੇਬੰਦੀ ਹਰ ਤਰ੍ਹਾਂ ਦੀ ਹਮਾਇਤ ਕਰੇਗੀ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲਗਾਤਾਰ ਸਿੱਖਿਆ ਵਿਰੋਧੀ ਲਏ ਜਾ ਰਹੇ ਫੈਸਲਿਆਂ ਅਤੇ ਸਿੱਖਿਆ ਮੰਤਰੀ ਦੇ ਅੜੀਅਲ ਵਤੀਰੇ ਖਿਲਾਫ਼ ਦਿਹਾਤੀ ਮਜ਼ਦੂਰ ਸਭਾ ਜਨਤਕ ਅੰਦੋਲਨ ਵਿੱਢਣ ਲਈ ਮਜਬੂਰ ਹੋਵੇਗੀ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਜਲਦੀ ਤੋਂ ਜਲਦੀ ਅਧਿਆਪਕਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰੇ ਨਹੀਂ ਤਾਂ ਮਜ਼ਦੂਰ ਜਥੇਬੰਦੀਆਂ ਵੱਲੋਂ ਸਾਂਝਾ ਮੋਰਚਾ ਬਣਾ ਕੇ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ। ਇਸੇ ਦੌਰਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲਾ ਆਗੂ ਤਰਸੇਮ ਸਿੰਘ ਖੁੰਡੇ ਹਲਾਲ, ਕਾਕਾ ਸਿੰਘ ਖੁੰਡੇ ਹਲਾਲ, ਜਗਸੀਰ ਸਿੰਘ ਲੱਖੇਵਾਲੀ, ਰਾਜਾ ਸਿੰਘ ਖੁੰਨਣ ਖੁਰਦ, ਬਾਜ ਸਿੰਘ ਭੁੱਟੀਵਾਲਾ ਅਤੇ ਸੁੱਖਾ ਸਿੰਘ ਸਿੰਘੇਵਾਲਾ ਨੇ ਵੀ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਹੈ।
ਸ਼ਹੀਦ ਸਿੰਘਾਂ ਦੇ ਸ਼ਰਧਾਂਜਲੀ ਸਮਾਗਮ 'ਚ ਪੁੱਜੀਆਂ ਸੰਗਤਾਂ ਦਾ ਧੰਨਵਾਦ : ਜਥੇ. ਮੰਡ
NEXT STORY