ਫਰੀਦਕੋਟ (ਜਗਦੀਸ਼) : ਬੇਅਦਬੀ ਮਾਮਲਿਆਂ ਦੇ ਮੁੱਖ ਦੋਸ਼ੀ ਮੰਨੇ ਜਾਂਦੇ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਦੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਮਿਲੀ ਜ਼ਮਾਨਤ ਨੂੰ ਪੀੜਤ ਪਰਿਵਾਰ ਦੇ ਮੈਂਬਰ ਸੁਖਰਾਜ ਸਿੰਘ ਨਿਆਮੀਵਾਲਾ ਨੇ ਨਿਰਾਸ਼ਾਜਨਕ ਦੱਸਿਆ ਹੈ। ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਬੇਅਦਬੀ ਕਾਂਡ ਅਤੇ ਫਿਰ ਬਹਿਬਲ ਗੋਲੀਕਾਂਡ ਦੇ ਮਾਮਲੇ ਫਰੀਦਕੋਟ ਤੋਂ ਚੰਡੀਗੜ੍ਹ ਦੀ ਅਦਾਲਤ ’ਚ ਤਬਦੀਲ ਕੀਤੇ ਗਏ, ਜਿਸ ਦਾ ਪੰਥਕ ਹਲਕਿਆਂ ’ਚ ਡੱਟ ਕੇ ਵਿਰੋਧ ਹੋਇਆ ਪਰ ਹੁਣ ਪ੍ਰਦੀਪ ਕਲੇਰ ਦੀ ਹੋਈ ਜ਼ਮਾਨਤ ਨਾਲ ਸਰਕਾਰਾਂ ਇਹ ਸਿੱਧ ਕਰਨਾ ਚਾਹੁੰਦੀਆਂ ਹਨ ਕਿ ਘੱਟ ਅਰਥਾਤ ਸਿੱਖਾਂ ਨੂੰ ਨਿਆ ਪ੍ਰਣਾਲੀ ’ਤੇ ਯਕੀਨ ਕਰਨ ਦੀ ਕੋਈ ਜ਼ਰੂਰਤ ਨਹੀਂ।
ਸੁਖਰਾਜ ਸਿੰਘ ਨਿਆਮੀਵਾਲਾ ਨੇ ਆਖਿਆ ਕਿ ਪ੍ਰਦੀਪ ਕਲੇਰ ਵੱਲੋਂ ਅਦਾਲਤ ’ਚ ਦਰਜ ਕਰਵਾਏ ਬਿਆਨਾਂ ਅਤੇ ਪੁਲਸ ਕੋਲ ਪੁੱਛਗਿੱਛ ਦੌਰਾਨ ਕੀਤੇ ਖੁਲਾਸਿਆਂ ਤੋਂ ਬਾਅਦ ਡੇਰਾ ਸਿਰਸਾ ਦੇ ਮੁਖੀ ਸੌਦਾ ਸਾਧ ਅਤੇ ਹਨੀਪ੍ਰੀਤ ਨੂੰ ਪੰਜਾਬ ਦੇ ਕਿਸੇ ਸੀ. ਆਈ. ਏ. ਸਟਾਫ ’ਚ ਪੁੱਛਗਿੱਛ ਲਈ ਲਿਆਉਣਾ ਚਾਹੀਦਾ ਸੀ ਕਿਉਂਕਿ ਪ੍ਰਦੀਪ ਕਲੇਰ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਬੇਅਦਬੀ ਕਾਂਡ ਨੂੰ ਅੰਜਾਮ ਦੇਣ ਲਈ ਸੌਦਾ ਸਾਧ ਅਤੇ ਹਨੀਪ੍ਰੀਤ ਵੱਲੋਂ ਹੀ ਹਦਾਇਤਾਂ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਪ੍ਰਦੀਪ ਕਲੇਰ ਦੇ ਪ੍ਰਗਟਾਵਿਆਂ ਤੋਂ ਬਾਅਦ ਉਸ ਦੇ 2 ਹੋਰ ਭਗੌੜੇ ਸਾਥੀਆਂ ਹਰਸ਼ ਧੂਰੀ ਅਤੇ ਸੰਦੀਪ ਬਰੇਟਾ ਨੂੰ ਵੀ ਕਾਬੂ ਕੀਤਾ ਜਾਣਾ ਚਾਹੀਦਾ ਸੀ ਪਰ ਉਸ ਦੀ ਜ਼ਮਾਨਤ ਨੇ ਪੀੜਤ ਪਰਿਵਾਰਾਂ, ਅਹਿਮ ਗਵਾਹਾਂ ਅਤੇ ਪੰਥ ਦਰਦੀਆਂ ਦੇ ਜ਼ਖਮਾਂ ’ਤੇ ਨਮਕ ਛਿੜਕਣ ਦਾ ਕੰਮ ਕੀਤਾ ਹੈ।
ਉਨ੍ਹਾਂ ਕਿਹਾ ਕਿ ਸਿੱਖਾਂ ਦੇ ਜਜ਼ਬਾਤਾਂ ਨਾਲ ਖੇਡ ਕੇ ਜਾਂ ਬੇਅਦਬੀ ਕਾਂਡ ਵਰਗੇ ਮੁੱਦਿਆਂ ’ਤੇ ਸਿਆਸੀ ਰੋਟੀਆਂ ਸੇਕਣ ਵਾਲਿਆਂ ਨੂੰ ਸੱਤਾ ਦਾ ਆਨੰਦ ਮਾਣਨਾ ਮਹਿੰਗਾ ਹੀ ਪਿਆ ਹੈ। ਸੁਖਰਾਜ ਸਿੰਘ ਨਿਆਮੀਵਾਲਾ ਨੇ ਆਖਿਆ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਹੁਣ ਤਖਤਾਂ ਦੇ ਜਥੇਦਾਰਾਂ ਨੂੰ ਸਖ਼ਤ ਫੈਸਲੇ ਲੇਣੇ ਪੈਣਗੇ।
ਕੰਮ ਤੋਂ ਵਾਪਸ ਜਾ ਰਹੇ ਫੋਰਮੈਨ ਨੂੰ ਬੱਸ ਨੇ ਦਰੜਿਾ, ਚਾਰ ਬੱਚਿਆਂ ਦਾ ਪਿਓ ਸੀ ਮ੍ਰਿਤਕ
NEXT STORY