ਸ਼ੇਰਪੁਰ/ਸੰਗਰੂਰ (ਸਿੰਗਲਾ) : ਕੌਮੀ ਸਿੱਖ ਸੰਘਰਸ਼ ਦੇ ਯੋਧੇ ਅਤੇ 25 ਸਾਲ ਜੇਲ ਵਿਚ ਨਜ਼ਰਬੰਦ ਰਹੇ ਦਿਆ ਸਿੰਘ ਲਾਹੌਰੀਆਂ ਦੇ ਘਰ ਪਿੰਡ ਕਸਬਾ ਭਰਾਲ ਵਿਖੇ ਇਕ ਸਮਾਗਮ ਵਿਚ ਸ਼ਾਮਲ ਹੋਣ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿਆਸੀ ਲੋਕਾਂ ਦੇ ਹੱਥਾਂ ਚੋਂ ਕੱਢਣਾਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਨੂੰ ਬਹਾਲ ਰੱਖਣ ਲਈ ਸਾਰੀਆਂ ਹੀ ਪੰਥਕ ਧਿਰਾਂ ਦੇ ਆਗੂਆਂ ਨੂੰ ਇਕ ਮਤ ਹੋਕੇ ਚੱਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨਿਰੋਲ ਧਾਰਮਿਕ ਸੰਸਥਾ ਹੈ ਪਰ ਇਸ ਦਾ ਬਾਦਲ ਪਰਿਵਾਰ ਨੇ ਸਿਆਸੀਕਰਨ ਕਰਕੇ ਇਸ ਦੀ ਮਾਣ-ਮਰਿਆਦਾ ਦਾ ਘਾਣ ਕੀਤਾ ਹੈ। ਜਦਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਲਈ ਸਰਬਉੱਚ ਸਥਾਨ ਹੈ ਪਰ ਬਾਦਲਾਂ ਵੱਲੋਂ ਇੱਥੇ ਵੀ ਸਿਆਸੀ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ। ਇਸ ਕਰਕੇ ਸਿੱਖ ਕੌਮ ਦੇ ਸਾਰੇ ਹੀ ਆਗੂਆਂ ਨੂੰ ਇਕ ਮੰਚ 'ਤੇ ਇੱਕਠੇ ਹੋ ਕੇ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਬਾਦਲ ਪਰਿਵਾਰ ਕੋਲੋਂ ਆਜ਼ਾਦ ਕਰਵਾਉਣ ਲਈ ਹੰਭਲਾ ਮਾਰਨ ਦੀ ਲੋੜ ਹੈ।
ਉਨ੍ਹਾਂ ਸਿੱਖ ਕੌਮ ਦੇ ਪ੍ਰਚਾਰਕਾਂ, ਰਾਗੀਆਂ, ਢਾਡੀਆਂ, ਸੰਤਾਂ-ਮਹਾਂਪੁਰਸਾਂ, ਸਮਾਜ ਸੇਵੀ ਸੰਸਥਾਵਾਂ ਦੇ ਨੁੰਮਾਇਦਿਆਂ, ਧਾਰਮਿਕ ਸਖਸੀਅਤਾਂ ਨੂੰ ਇਸ ਸੰਘਰਸ਼ ਵਿਚ ਇਕਜੁੱਟ ਹੋ ਕੇ ਸਾਥ ਦੇਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਉਹ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਸਮੇਂ-ਸਮੇਂ ਸਿਰ ਧਾਰਮਿਕ ਖੇਤਰ ਵਿਚ ਦਖਲਅੰਦਾਜ਼ੀ ਨਾ ਕਰਨ ਸਬੰਧੀ ਕਹਿੰਦੇ ਰਹੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਾ ਹੋਣ ਕਰਕੇ ਉਨ੍ਹਾਂ ਨੇ ਇਸ ਲੜਾਈ ਦੀ ਸ਼ੁਰੂਆਤ ਕੀਤੀ ਹੈ। ਸਿੱਖ ਕੌਮ ਦੇ ਸ਼ੰਘਰਸੀ ਯੋਧੇ ਜੋ ਲੰਮੇਂ ਸਮੇਂ ਤੋਂ ਦੇਸ਼ ਦੀਆਂ ਵੱਖ-ਵੱਖ ਜੇਲਾਂ ਅੰਦਰ ਨਜ਼ਰਬੰਦ ਹਨ, ਉਨ੍ਹਾਂ ਦੀ ਰਿਹਾਈ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
ਸ਼੍ਰੀ ਢੀਂਡਸਾ ਨੇ 23 ਫਰਵਰੀ ਦੀ ਸੰਗਰੂਰ ਰੈਲੀ ਨੂੰ ਵਿਰੋਧੀਆਂ ਵੱਲੋਂ ਕਾਂਗਰਸ ਦੀ ਸਪੋਂਸਰ ਰੈਲੀ ਕਹੇ ਜਾਣ 'ਤੇ ਤਿੱਖਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਇਹ ਬਾਦਲ ਦਲ ਦੇ ਆਗੂਆਂ ਦੀ ਘਬਰਾਹਟ ਦਾ ਨਤੀਜਾ ਹੈ, ਕਿਉਂਕਿ ਸੰਗਰੂਰ ਰੈਲੀ ਦੇ ਹੋਣ ਵਾਲੇ ਇੱਕਠ ਨੂੰ ਲੈ ਕੇ ਉਨ੍ਹਾਂ ਦੀ ਨੀਂਦ ਹਰਾਮ ਹੋ ਚੁੱਕੀ ਹੈ ਅਤੇ ਇਨ੍ਹਾਂ ਆਗੂਆਂ ਕੋਲ ਸਾਡੇ ਪਿਉ-ਪੁੱਤਾਂ ਦੇ ਖਿਲਾਫ ਕੋਈ ਵੀ ਬੋਲਣ ਲਈ ਹੋਰ ਮਾਮਲਾ ਹੀ ਨਹੀਂ। ਉਨ੍ਹਾਂ ਕਿਹਾ ਕਿ ਲੋਕਾਂ ਦੇ ਆਪ ਮੁਹਾਰੇ ਇੱਕਠ ਦੀ ਹਨੇਰੀ ਅੱਗੇ ਬਾਦਲਾਂ ਦੇ ਪੈਸੇ ਦੀ ਸ਼ਕਤੀ ਨਹੀਂ ਟਿਕ ਸਕੇਗੀ। ਢੀਂਡਸਾ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਅਸੀਂ ਬਾਦਲਾਂ ਦੀ ਰੈਲੀ ਵਿਚ ਕਿਸੇ ਵੀ ਆਗੂ ਵਰਕਰ ਨੂੰ ਜਾਣ ਤੋਂ ਨਹੀਂ ਰੋਕਿਆ, ਜਦਕਿ ਉਨ੍ਹਾਂ ਵੱਲੋਂ ਆਗੂਆਂ ਤੇ ਵਰਕਰਾਂ 'ਤੇ 23 ਦੀ ਸੰਗਰੂਰ ਰੈਲੀ ਵਿਚ ਸ਼ਾਮਲ ਨਾ ਹੋਣ ਲਈ ਦਬਾਅ ਪਾਇਆ ਜਾ ਰਿਹਾ ਹੈ ਪਰ ਆਗੂਆਂ ਤੇ ਵਰਕਰਾਂ ਵੱਲੋਂ ਹੋਰ ਵੀ ਵਧੇਰੇ ਜੋਸ਼ ਨਾਲ ਰੈਲੀ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਰੈਲੀ ਦਾ ਇਕੱਠ ਬਾਦਲਾਂ ਨੂੰ ਜ਼ਿਲਾ ਸੰਗਰੂਰ ਦੀ ਸਥਿਤੀ ਸਪੱਸ਼ਟ ਕਰ ਦੇਵੇਗਾ ਕਿ ਲੋਕ ਕਿਸ ਨਾਲ ਖੜ੍ਹੇ ਹਨ।
ਇਸ ਸਮੇਂ ਕੌਮੀ ਸਿੱਖ ਸੰਘਰਸ਼ ਦੇ ਯੋਧੇ ਦਿਆ ਸਿੰਘ ਲਾਹੌਰੀਆਂ, ਸਾਬਕਾ ਚੇਅਰਮੈਨ ਹਾਜ਼ੀ ਮਹੁੰਮਦ ਤੁਫੈਲ ਮਲਿਕ ਮਲੇਰਕੋਟਲਾ, ਗੁਰਮੇਲ ਸਿੰਘ ਕੁਠਾਲਾ ਸੇਵਾ ਮੁਕਤ ਡਿਪਟੀ ਡਾਇਰੈਕਟਰ, ਉੱਘੇ ਟਰਾਸਪੋਰਟਰ ਤਲਵੀਰ ਸਿੰਘ ਧਨੇਸਰ ਧੂਰੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ।
ਹੋਟਲ 'ਚ ਚੱਲ ਰਿਹਾ ਸੀ ਜਿਸਮਫਰੋਸ਼ੀ ਦਾ ਧੰਦਾ, ਪੁਲਸ ਨੇ ਛਾਪਾ ਮਾਰ ਕੇ ਹਿਰਾਸਤ 'ਚ ਲਏ ਦੋ ਜੋੜੇ
NEXT STORY