ਹਾਲਾਂਕਿ ਪੁਲਸ ਵਿਭਾਗ ’ਤੇ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੋਣ ਦੇ ਨਾਤੇ ਇਸ ਦੇ ਮੈਂਬਰਾਂ ਤੋਂ ਅਨੁਸ਼ਾਸਿਤ ਹੋਣ ਦੀ ਉਮੀਦ ਕੀਤੀ ਜਾਂਦੀ ਹੈ ਪਰ ਅੱਜ ਦੇਸ਼ ’ਚ ਕੁਝ ਪੁਲਸ ਮੁਲਾਜ਼ਮ ਆਪਣੇ ਕਾਰਨਾਮਿਆਂ ਨਾਲ ਆਲੋਚਨਾ ਦੇ ਪਾਤਰ ਬਣਨ ਦੇ ਨਾਲ-ਨਾਲ ਆਪਣੇ ਵਿਭਾਗ ਦੀ ਬਦਨਾਮੀ ਦਾ ਕਾਰਨ ਵੀ ਬਣ ਰਹੇ ਹਨ, ਜਿਨ੍ਹਾਂ ਦੀਆਂ ਇਸੇ ਸਾਲ ਦੇ ਪਿਛਲੇ 2 ਮਹੀਨਿਆਂ ਦੀਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :
* 8 ਜਨਵਰੀ, 2026 ਨੂੰ ‘ਚੂਰੂ’ (ਰਾਜਸਥਾਨ) ਜ਼ਿਲੇ ਦੇ ਇਕ ਥਾਣੇ ’ਚ ਤਾਇਨਾਤ ਰਹੀ ਮਹਿਲਾ ਕਾਂਸਟੇਬਲ ਨੇ ਤਤਕਾਲੀ ਥਾਣਾ ਮੁਖੀ ਸਮੇਤ 4 ਪੁਲਸ ਮੁਲਾਜ਼ਮਾਂ ’ਤੇ ਉਸ ਨਾਲ ਸਾਲ 2017 ਤੋਂ 2025 ਦੇ ਵਿਚਾਲੇ ਉਸ ਨੂੰ ਡਰਾ-ਧਮਕਾ ਕੇ ਅਤੇ ਨਸ਼ੀਲਾ ਪਦਾਰਥ ਪਿਲਾ ਕੇ ਥਾਣੇ ਦੇ ਅੰਦਰ ਅਤੇ ਹੋਟਲਾਂ ’ਚ ਲੈ ਜਾ ਕੇ ਗੈਂਗਰੇਪ ਕਰਨ ਦੇ ਦੋਸ਼ ’ਚ ‘ਸਿੱਧਮੁਖ’ ਪੁਲਸ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ।
* 13 ਜਨਵਰੀ, 2026 ਨੂੰ ‘ਹਿਮਾਚਲ ਪ੍ਰਦੇਸ਼’ ਸਰਕਾਰ ਨੇ 11 ਪੁਲਸ ਮੁਲਾਜ਼ਮਾਂ ਨੂੰ ਚਿੱਟਾ (ਹੈਰੋਇਨ) ਸਮੱਗਲਿੰਗ ਦੇ ਦੋਸ਼ ’ਚ ਨੌਕਰੀ ਤੋਂ ਬਰਖ਼ਾਸਤ ਕੀਤਾ।
* 29 ਜਨਵਰੀ, 2026 ਨੂੰ ‘ਵਾਰਾਣਸੀ’ (ਉੱਤਰ ਪ੍ਰਦੇਸ਼) ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਨੇ ਸ਼ਹਿਰ ਦੇ ‘ਸਿਗਰਾ’ ਥਾਣੇ ਅਧੀਨ ‘ਕਾਸ਼ੀ ਵਿੱਦਿਆਪੀਠ ਚੌਕੀ’ ਦੇ ਇੰਚਾਰਜ ਸ਼ਿਵਾਕਰ ਮਿਸ਼ਰਾ ਅਤੇ ਉਸ ਦੇ ਸਹਾਇਕ ‘ਗੌਰਵ ਦਿਵੇਦੀ’ ਨੂੰ 20,000 ਰੁਪਏ ਰਿਸ਼ਵਤ ਲੈਂਦਿਆਂ ਫੜਿਆ।
* 29 ਜਨਵਰੀ, 2026 ਨੂੰ ਹੀ ‘ਬੈਂਗਲੁਰੂ’ (ਕਰਨਾਟਕ) ’ਚ ਪੁਲਸ ਨੇ ਇਕ ਪੁਲਸ ਇੰਸਪੈਕਟਰ ਨੂੰ 4 ਲੱਖ ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ।
* 8 ਫਰਵਰੀ, 2026 ਨੂੰ ‘ਕਾਸ਼ੀਪੁਰ’ (ਉੱਤਰਾਖੰਡ) ’ਚ ਇਕ ਔਰਤ ਨੇ ਕਾਂਸਟੇਬਲ ‘ਅਰੁਣ ਕੁਮਾਰ’ ’ਤੇ ਜਬਰਨ ਉਸ ਦੇ ਘਰ ’ਚ ਵੜ ਕੇ ਉਸ ਨਾਲ ਜਬਰ-ਜ਼ਨਾਹ, ਕੁੱਟਮਾਰ, ਗਾਲੀ-ਗਲੋਚ ਅਤੇ ਹੱਤਿਆ ਦੀ ਧਮਕੀ ਦੇਣ ਦੇ ਦੋਸ਼ ’ਚ ਸ਼ਿਕਾਇਤ ਦਰਜ ਕਰਵਾਈ।
* 19 ਫਰਵਰੀ, 2026 ਨੂੰ ‘ਕਾਨਪੁਰ’ (ਉੱਤਰ ਪ੍ਰਦੇਸ਼) ’ਚ ‘ਘਾਟਮਪੁਰ’ ਥਾਣੇ ਦੀ ਪੁਲਸ ਨੇ ਪੁੱਛਗਿੱਛ ਦੇ ਨਾਂ ’ਤੇ ਆਪਣੇ ਦੋਸਤ ਦੇ ਭਰਾ ਦੇ ਵਿਆਹ ’ਚ ਹਿੱਸਾ ਲੈਣ ਲਈ ਛੁੱਟੀ ਲੈ ਕੇ ਘਰ ਆਏ ‘ਜਾਮਨਗਰ’ (ਗੁਜਰਾਤ) ਏਅਰਫੋਰਸ ਸਟੇਸ਼ਨ ’ਚ ਤਾਇਨਾਤ ਭਾਰਤੀ ਹਵਾਈ ਫੌਜ ਦੇ ਜਵਾਨ ‘ਨਿਤੀਸ਼ ਕੁਮਾਰ’ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਨਾਲ ਉਸ ਦੇ ਕੰਨ ਦਾ ਪਰਦਾ ਫਟ ਗਿਆ।
* 25 ਫਰਵਰੀ, 2026 ਨੂੰ ‘ਗਯਾ ਜੀ’ (ਬਿਹਾਰ) ’ਚ ਇਕ ਪੁਲਸ ਮੁਲਾਜ਼ਮ ਅਤੇ ਸ਼ਹਿਰ ਦੇ ਮੇਅਰ ਦੇ ਸਰਕਾਰੀ ਬਾਡੀਗਾਰਡ ਸਮੇਤ 2 ਲੋਕਾਂ ਨੂੰ 108 ਲੀਟਰ ਬੀਅਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ।
* 28 ਫਰਵਰੀ, 2026 ਨੂੰ ‘ਸੰਗਰੂਰ’ (ਪੰਜਾਬ) ਪੁਲਸ ਥਾਣੇ ਦੇ ‘ਸਾਈਬਰ ਸੈੱਲ’ ’ਚ ਤਾਇਨਾਤ ਸਬ-ਇੰਸਪੈਕਟਰ ‘ਮੇਵਾ ਸਿੰਘ’ ਨੂੰ ਪੰਜਾਬ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਇਕ ਸ਼ਿਕਾਇਤਕਰਤਾ ਅਤੇ ਉਸ ਦੀ ਪਤਨੀ ਵਿਰੁੱਧ ਦਰਜ ਕੇਸ ’ਚੋਂ ਸ਼ਿਕਾਇਤਕਰਤਾ ਦੀ ਪਤਨੀ ਦਾ ਨਾਂ ਹਟਾਉਣ ਦੇ ਬਦਲੇ ’ਚ 50,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ।
* 2 ਮਾਰਚ, 2026 ਨੂੰ ‘ਮੁਰੈਨਾ’ (ਮੱਧ ਪ੍ਰਦੇਸ਼) ਦੇ ‘ਜੌੜਾ’ ਥਾਣੇ ’ਚ ਤਾਇਨਾਤ ਐੱਸ. ਐੱਚ. ਓ. ‘ਦਰਸ਼ਨ ਲਾਲ ਸ਼ੁਕਲਾ’ ਨੂੰ ਥਾਣੇ ਦੇ ਅੰਦਰ ਆਪਣੇ ਜਨਮਦਿਨ ਦੀ ਪਾਰਟੀ ਦੇਣ ਅਤੇ ਇਕ ਹਿਸਟਰੀਸ਼ੀਟਰ ਨਾਲ ਨੱਚਣ ’ਤੇ ਮੁਅੱਤਲ ਕੀਤਾ ਗਿਆ।
ਥਾਣੇ ਦੇ ਅੰਦਰ ਕੇਕ ਕੱਟਿਆ ਗਿਆ। ‘ਦਰਸ਼ਨ ਲਾਲ ਸ਼ੁਕਲਾ’ ਨੂੰ ਹਾਰ ਪਹਿਨਾਏ ਗਏ। ਵੱਡੀ ਗਿਣਤੀ ’ਚ ਲੋਕ ਉਸ ਨੂੰ ਵਧਾਈ ਦੇਣ ਪਹੁੰਚੇ। ਇਨ੍ਹਾਂ ’ਚ ਮੋਟਰਸਾਈਕਲ ਚੋਰੀ ਦੇ ਅਨੇਕਾਂ ਮਾਮਲਿਆਂ ’ਚ ਸ਼ਾਮਲ ਹਿਸਟਰੀਸ਼ੀਟਰ ‘ਲਵਕੁਸ਼ ਸ਼ਰਮਾ’ ਵੀ ਸ਼ਾਮਲ ਸੀ। ਉਸ ਨੇ ਆਉਂਦੇ ਹੀ ‘ਦਰਸ਼ਨ ਲਾਲ ਸ਼ਰਮਾ’ ਨੂੰ ਮੋਢਿਆਂ ’ਤੇ ਬਿਠਾ ਲਿਆ ਅਤੇ ਫਿਰ ਦੋਵਾਂ ਨੇ ਨੱਚਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਦੋਵਾਂ ਦੇ ਪਿੱਛੇ ਖੜ੍ਹੇ ਹੋਰ ਪੁਲਸ ਮੁਲਾਜ਼ਮ ਵੀ ਨੱਚਣ ਲੱਗੇ।
* ਅਤੇ ਹੁਣ 4 ਮਾਰਚ, 2026 ਨੂੰ ‘ਕਾਨਪੁਰ’ (ਉੱਤਰ ਪ੍ਰਦੇਸ਼) ’ਚ ਗਾਂਜਾ, ਸਮੈਕ ਅਤੇ ਚਰਸ ਸਮੇਤ ਨਾਜਾਇਜ਼ ਨਸ਼ੀਲੇ ਪਦਾਰਥਾਂ ਦੇ ਸਮੱਗਲਰਾਂ ਨਾਲ ਮਿਲੀਭੁਗਤ ਦੇ ਦੋਸ਼ ’ਚ ਪੁਲਸ ਕਮਿਸ਼ਨਰ ‘ਕਾਨਪੁਰ’ ਨੇ 4 ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ।
ਪੁਲਸ ਮੁਲਾਜ਼ਮਾਂ ਨੂੰ ਡਿਊਟੀ ਜੁਆਇਨ ਕਰਨ ਤੋਂ ਪਹਿਲਾਂ ਫਰਜ਼ ਪਾਲਣਾ, ਅਹੁਦੇ ਦੀ ਸ਼ਾਨ ਅਤੇ ਮਰਿਆਦਾ ਬਣਾਈ ਰੱਖਣ ਦੀ ਸਹੁੰ ਚੁਕਾਈ ਜਾਂਦੀ ਹੈ ਪਰ ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਕੁਝ ਪੁਲਸ ਮੁਲਾਜ਼ਮਾਂ ਦਾ ਆਚਰਣ ਆਪਣੇ ਫਰਜ਼ ਨੂੰ ਭੁੱਲ ਕੇ ਅਹੁਦੇ ਦੀ ਮਰਿਆਦਾ ਨੂੰ ਤਾਰ-ਤਾਰ ਕਰਨ ਵਾਲਾ ਹੈ। ਇਸ ਲਈ ਅਜਿਹੇ ਮੁਲਾਜ਼ਮਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੇ ਨਾਲ-ਨਾਲ ਦੂਜਿਆਂ ਨੂੰ ਵੀ ਨਸੀਹਤ ਮਿਲੇ ਅਤੇ ਉਹ ਅਜਿਹਾ ਆਚਰਣ ਕਰਨ ਤੋਂ ਸੰਕੋਚ ਕਰਨ।
—ਵਿਜੇ ਕੁਮਾਰ
ਸਿਰਫ ਡਿਜੀਟਲਾਈਜ਼ੇਸ਼ਨ ਨਹੀਂ ਹੈ ‘ਇਜ਼ ਆਫ ਡੂਇੰਗ ਬਿਜ਼ਨੈੱਸ’
NEXT STORY