ਫਿਰੋਜ਼ਪੁਰ, (ਕੁਮਾਰ, ਮਨਦੀਪ)— ਸ਼ਹੀਦ ਊਧਮ ਸਿੰਘ ਮੈਮੋਰੀਅਲ ਕਮੇਟੀ ਫਿਰੋਜ਼ਪੁਰ ਵਲੋਂ ਸ਼ਹਿਰ ਦੇ ਸ਼ਹੀਦ ਊਧਮ ਸਿੰਘ ਭਵਨ 'ਚ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ 'ਚ ਫਿਰੋਜ਼ਪੁਰ ਸ਼ਹਿਰੀ ਖੇਤਰ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਮੁੱਖ ਮਹਿਮਾਨ ਵਜੋਂ ਹਿੱਸਾ ਲਿਆ ਅਤੇ ਸ਼ਹੀਦ ਊਧਮ ਸਿੰਘ ਜੀ ਦੇ ਜੀਵਨ 'ਤੇ ਵਿਸਥਾਰਪੂਰਵਕ ਰੌਸ਼ਨੀ ਪਾਈ ਅਤੇ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਸ਼ਹੀਦ ਊਧਮ ਸਿੰਘ ਵੱਲੋਂ ਦਿਖਾਏ ਗਏ ਰਸਤੇ 'ਤੇ ਚੱਲ ਕੇ ਸ਼ਹੀਦਾਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਪੰਜਾਬ ਸਰਕਾਰ ਤੋਂ ਸ਼ਹੀਦ ਊਧਮ ਸਿੰਘ ਭਵਨ ਫਿਰੋਜ਼ਪੁਰ ਨੂੰ ਖੂਬਸੂਰਤ ਬਣਾਉਣ ਅਤੇ ਭਵਨ 'ਚ ਸ਼ਾਨਦਾਰ ਪਾਰਕ ਆਦਿ ਬਣਾਉਣ ਲਈ 36 ਲੱਖ ਰੁਪਏ ਲਿਆ ਕੇ ਸ਼ਹੀਦ ਊਧਮ ਸਿੰਘ ਮੈਮੋਰੀਅਲ ਕਮੇਟੀ ਨੂੰ ਦਿੱਤੇ ਹਨ ਅਤੇ ਇਹ ਸ਼ਹੀਦ ਊਧਮ ਸਿੰਘ ਭਵਨ ਪੰਜਾਬ ਦਾ ਪਹਿਲਾ ਸ਼ਾਨਦਾਰ ਭਵਨ ਬਣੇਗਾ ਅਤੇ ਸ਼ਹੀਦ ਊਧਮ ਸਿੰਘ ਜੀ ਨੂੰ ਸਾਡੇ ਵੱਲੋਂ ਇਹ ਸੱਚੀ ਸ਼ਰਧਾਂਜਲੀ ਹੋਵੇਗੀ। ਵਿਧਾਇਕ ਪਿੰਕੀ ਨੇ ਕਿਹਾ ਕਿ ਇਸ ਭਵਨ ਲਈ ਜਿੰਨੇ ਵੀ ਫੰਡਾਂ ਦੀ ਹੋਰ ਜ਼ਰੂਰਤ ਪਵੇਗੀ, ਉਨੇ ਹੀ ਫੰਡ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਉਹ ਖੁਦ ਲਿਆ ਕੇ ਦੇਣਗੇ ਅਤੇ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਸ਼ਹਿਰ ਉਨ੍ਹਾਂ ਦੀ ਜਨਮ ਭੂਮੀ ਹੈ, ਜਿਸ ਨੂੰ ਉਹ ਕਰਮ ਭੂਮੀ ਵਿਚ ਬਦਲਣ ਦਾ ਸੰਕਲਪ ਲੈ ਚੁੱਕੇ ਹਨ ਅਤੇ ਫਿਰੋਜ਼ਪੁਰ ਵਿਚ ਵਿਕਾਸ ਦੇ ਕੰਮ ਜੰਗੀ ਪੱਧਰ 'ਤੇ ਜਾਰੀ ਹਨ। ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਸਰਬਪੱਖੀ ਵਿਕਾਸ ਵਿਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਸ਼ਹੀਦ ਊਧਮ ਸਿੰਘ ਮੈਮੋਰੀਅਲ ਕਮੇਟੀ ਦੇ ਅਹੁਦੇਦਾਰ ਦਰਸ਼ਨ ਸਿੰਘ ਸ਼ੇਰਖਾਂ, ਗੁਰਭੇਜ ਸਿੰਘ ਟਿੱਬੀ, ਪ੍ਰਧਾਨ ਭਗਵਾਨ ਸਿੰਘ, ਕਰਤਾਰ ਸਿੰਘ ਰੁਕਨਾ ਮੁੰਗਲਾ, ਕ੍ਰਿਪਾਲ ਸਿੰਘ ਭਗਤ, ਸੁੱਚਾ ਸਿੰਘ ਟਿੱਬੀ, ਕਾਲਾ ਸ਼ਾਹਦੀਨ ਵਾਲਾ, ਜਸਵਿੰਦਰ ਸਿੰਘ ਜਾਗੋਵਾਲੀਆ, ਗੁਰਦੀਪ ਸਿੰਘ ਭਗਤ, ਇਕਬਾਲ ਚੰਦ ਪਾਲਾ ਭੱਟੀ, ਵਾਈਸ ਚੇਅਰਮੈਨ ਵਕੀਲ ਵਿਕਰਮ ਕੰਬੋਜ, ਅਮਨ ਰੱਖੜੀ, ਸੁਖਚੈਨ ਸਿੰਘ ਮੋਹਕਮ ਖਾਂ, ਗੁਰਨਾਮ ਸਿੰਘ, ਕੁਲਬੀਰ ਸਿੰਘ ਸਰਪੰਚ, ਧਰਮਜੀਤ ਸਿੰਘ, ਸੁਖਵਿੰਦਰ ਅਟਾਰੀ, ਰਿੰਕੂ ਗਰੋਵਰ, ਬਲਬੀਰ ਬਾਠ, ਪਰਮਿੰਦਰ ਹਾਂਡਾ, ਰਿਸ਼ੀ ਸ਼ਰਮਾ ਅਤੇ ਪ੍ਰਿੰਸ ਭਾਊ ਆਦਿ ਮੌਜੂਦ ਸਨ। ਅੰਤ ਵਿਚ ਸ਼ਹੀਦ ਊਧਮ ਸਿੰਘ ਮੈਮੋਰੀਅਲ ਕਮੇਟੀ ਨੇ ਵਿਧਾਇਕ ਪਿੰਕੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਵੀ ਕੀਤਾ।
ਸੀ. ਆਈ. ਏ. ਸਟਾਫ ਵਲੋਂ ਡਰੱਗਜ਼ ਸਮੱਗਲਰ ਗ੍ਰਿਫਤਾਰ
NEXT STORY