ਫਿਰੋਜ਼ਪੁਰ, (ਮਲਹੋਤਰਾ)- ਅਪਰਾਧਕ ਤੱਤਾਂ ਨੂੰ ਫੜਣ ਲਈ ਵਸਤੀ ਸ਼ੇਖਾਂਵਾਲੀ ਵਿਚ ਚਲਾਏ ਗਈ ਤਲਾਸ਼ੀ ਮੁਹਿੰਮ ਦੌਰਾਨ 82 ਸਾਲ ਦੀ ਬਜ਼ੁਰਗ ਔਰਤ ਨੇ ਥਾਣਾ ਸਿਟੀ ਮੁਖੀ ਚੰਦਰਸ਼ੇਖਰ ਤੇ ਉਸਦੇ ਘਰੋਂ 1.27 ਲੱਖ ਰੁਪਏ ਜ਼ਬਰੀ ਚੁੱਕ ਕੇ ਲੈ ਜਾਣ ਦੇ ਦੋਸ਼ ਲਾਏ ਹਨ ਜਦਕਿ ਪੁਲਸ ਇਸ ਤਲਾਸ਼ੀ ਮੁਹਿੰਮ ਦੌਰਾਨ ਕਿਸੇ ਵੀ ਅਪਰਾਧਕ ਤੱਤ ਨੂੰ ਗਿਰਫਤਾਰ ਕਰਨ ਵਿਚ ਅਸਫਲ ਰਹੀ ਹੈ। ਦੋ ਦਿਨ ਤਕ ਰੁਪਏ ਹੜੱਪਣ ਦੀ ਨੀਅਤ ਨਾਲ ਬੈਠੀ ਥਾਣਾ ਸਿਟੀ ਪੁਲਸ ਦੇ ਪੈਰਾਂ ਹੇਠੋਂ ਉਦੋਂ ਜ਼ਮੀਨ ਨਿਕਲ ਗਈ ਜਦ ਇਹ ਪੂਰਾ ਮਾਮਲਾ ਬਜ਼ੁਰਗ ਹਮੀਦਾ ਤੇ ਮੁਹੱਲਾ ਵਾਸੀਆਂ ਨੇ ਇਕੱਠੇ ਹੋ ਕੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਧਿਆਨ ਵਿਚ ਲਿਆਉਂਦਾ ਤਾਂ ਇਸ ਮਾਮਲੇ ਨੂੰ ਅਤਿ ਗੰਭੀਰ ਮੰਨਦੇ ਹੋਏ ਵਿਧਾਇਕ ਪਿੰਕੀ ਨੇ ਇਸ ਸਬੰਧੀ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਡੀ.ਐਸ.ਪੀ. ਸੁਰਿੰਦਰ ਬਾਂਸਲ ਤੇ ਥਾਣਾ ਸਦਰ ਮੁਖੀ ਗੁਰਵਿੰਦਰ ਸਿੰਘ ਭੁੱਲਰ ਨੇ ਥਾਣਾ ਸਿਟੀ ਮੁਖੀ ਤੋਂ ਪੈਸੇ ਵਾਪਸ ਲੈ ਕੇ ਭਰੀ ਪੰਚਾਇਤ ਵਿਚ ਹਮੀਦਾ ਦੇ ਹਵਾਲੇ ਕੀਤੇ ਤੇ ਥਾਣਾ ਮੁਖੀ ਚੰਦਰਸ਼ੇਖਰ ਵੱਲੋਂ ਕੀਤੀ ਗਈ ਇਸ ਗਲਤੀ ਲਈ ਖੇਦ ਦਾ ਪ੍ਰਗਟਾਵਾ ਕੀਤੀ। ਇਸ ਮੌਕੇ ਹਮੀਦਾ ਪਤਨੀ ਵੱਲੂ ਰਾਮ ਨੇ ਦੱਸਿਆ ਕਿ ਉਸਨੇ ਵਸਤੀ ਵਿਚ ਆਪਣਾ ਇੱਕ ਮਕਾਨ 29 ਮਈ ਨੂੰ 1.60 ਲੱਖ ਰੁਪਏ ਵਿਚ ਸਲੀਮ ਪੁੱਤਰ ਰੰਗਾ ਨੂੰ ਵੇਚਿਆ ਸੀ ਜਿਸਦੀ ਰਾਸ਼ੀ 1.27 ਲੱਖ ਰੁਪਏ ਉਸਦੇ ਕੋਲ ਘਰ ਵਿਚ ਪਈ ਸੀ। ਐਤਵਾਰ ਰਾਤ ਪੁਲਸ ਫੋਰਸ ਵਸਤੀ ਦੇ ਕੁਝ ਘਰਾਂ ਵਿਚ ਤਲਾਸ਼ੀ ਲੈਣ ਦੌਰਾਨ ਉਸ ਦੇ ਘਰ ਆਈ ਤੇ ਐਸ.ਐਚ.ਓ. ਚੰਦਰ ਸ਼ੇਖਰ ਉਕਤ ਰਾਸ਼ੀ ਉਸ ਦੇ ਘਰੋਂ ਚੁੱਕ ਕੇ ਲੈ ਗਏ।
ਸ਼ਹਿਰੀਆਂ ਦਾ ਦੋਸ਼ ਹੈ ਕਿ ਥਾਣਾ ਸਿਟੀ ਪੁਲਸ ਲੋਕਾਂ ਨੁੰ ਇਨਸਾਫ ਦੁਆਉਣ ਵਿਚ ਫੇਲ•ਸਾਬਤ ਹੋ ਰਹੀ ਹੈ। ਜਦ ਕੋਈ ਫਰਿਆਦੀ ਆਪਣੀ ਫਰਿਆਦ ਲੈ ਕੇ ਜਾਂਦਾ ਹੈ ਤਾਂ ਉਥੇ ਉਨਾਂ ਦਾ ਆਰਥਕ ਸ਼ੋਸ਼ਨ ਕੀਤਾ ਜਾਂਦਾ ਹੈ।
ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਹੋਵੇਗਾ ਭ੍ਰਿਸ਼ਟਾਚਾਰ
ਵਿਧਾਇਕ ਪਿੰਕੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਹੋਵੇਗਾ ਅਤੇ ਐਸ.ਐਚ.ਓ. ਦੇ ਖਿਲਾਫ ਸਖਤ ਕਾਰਵਾਈ ਲਈ ਡੀ.ਜੀ.ਪੀ. ਪੰਜਾਬ ਨੂੰ ਲਿਖੂੰਗਾ। ਉਨਾਂ ਪੁਲਸ ਵਿਭਾਗ ਸਮੇਤ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਨਤਾ ਦੇ ਕੰਮ ਕਰਨ ਵਿਚ ਕਿਸੇ ਕਿਸਮ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਹੋਵੇਗਾ। ਸਰਕਾਰੀ ਅਧਿਕਾਰੀ ਜਨਤਾ ਦੇ ਸੇਵਕ ਹਨ, ਇਸ ਲਈ ਸੇਵਕ ਬਣ ਕੇ ਹੀ ਕੰਮ ਕਰਨ। ਜੇਕਰ ਉਨਾਂ ਦੇ ਧਿਆਨ ਵਿਚ ਕਿਸੇ ਦੇ ਨਾਲ ਧੱਕੇਸ਼ਾਹੀ ਜਾਂ ਰਿਸ਼ਵਤ ਲੈਣ ਦਾ ਕੋਈ ਮਾਮਲਾ ਸਾਹਮਣੇ ਆਇਆ ਤਾਂ ਸਬੰਧਤ ਵਿਭਾਗ ਬਾਅਦ ਵਿਚ ਕਾਰਵਾਈ ਕਰੇਗਾ, ਉਹ ਆਪਣੇ ਪੱਧਰ ਤੇ ਦੋਸ਼ੀ ਪਾਏ ਜਾਣ ਵਾਲਿਆਂ ਦੇ ਖਿਲਾਫ ਸਖਤ ਐਕਸ਼ਨ ਕਰਵਾਉਣਗੇ।
ਸ਼ਹਿਰੀਆਂ ਨੇ ਕੀਤਾ ਸਵਾਗਤ
ਕਿਸੇ ਪੁਲਸ ਵਾਲੇ ਵੱਲੋਂ ਪਹਿਲੀ ਵਾਰ ਪੈਸੇ ਵਾਪਸ ਕੀਤੇ ਜਾਣ ਦਾ ਪਤਾ ਸ਼ਹਿਰੀਆਂ ਨੂੰ ਲੱਗਾ ਤਾਂ ਲੋਕਾਂ ਨੇ ਵਿਧਾਇਕ ਦੇ ਇਸ ਕਦਮ ਦਾ ਸਵਾਗਤ ਕੀਤਾ। ਸਮਾਜਸੇਵੀ ਸੰਸਥਾਵਾਂ ਦੇ ਅਹੁਦੇਦਾਰਾਂ ਸੰਜੀਵ ਕਟਾਰੀਆ, ਰਮਨਦੀਪ ਸੰਨੀ, ਵਿਨੋਦ ਗੋਇਲ, ਦੀਵਾਨ ਚੰਦ ਆਦਿ ਨੇ ਕਿਹਾ ਕਿ ਸਿਰਫ ਪੁਲਸ ਵਿਭਾਗ ਹੀ ਨਹੀਂ ਜਦਕਿ ਹੋਰਨਾਂ ਸਰਕਾਰੀ ਵਿਭਾਗਾਂ ਵਿਚ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਕਈ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਜੇਬਾਂ ਗਰਮ ਕਰਨੀਆਂ ਪੈਂਦੀਆਂ ਹਨ। ਵਿਧਾਇਕ ਨੂੰ ਸਾਰੇ ਵਿਭਾਗਾਂ ਵਿਚ ਅਜਿਹੇ ਸਖਤ ਕਦਮ ਚੁੱਕਣੇ ਚਾਹੀਦੇ ਹਨ ਜਿਸ ਨਾਲ ਜਨਤਾ ਵਿਚ ਉਨਾਂ ਦਾ ਵਿਸ਼ਵਾਸ ਹੋਰ ਮਜਬੂਤ ਬਣੇ ਤੇ ਲੋਕਾਂ ਨੂੰ ਭ੍ਰਿਸ਼ਟਾਰਚਾਰੀ ਤੰਤਰ ਤੋਂ ਮੁਕਤੀ ਮਿਲੇ।
ਕੀ ਕਿਹਾ ਐਸ.ਐਚ.ਓ. ਨੇ
ਇਸ ਮਾਮਲੇ ਵਿਚ ਐਸ.ਐਚ.ਓ. ਚੰਦਰ ਸ਼ੇਖਰ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਏਸੇ ਪਰਿਵਾਰ ਦੀ ਇੱਕ ਔਰਤ ਤੇ ਐਨ.ਡੀ.ਪੀ.ਐਸ. ਐਕਟ ਦੇ ਚਾਰ ਮਾਮਲੇ ਦਰਜ ਹਨ। ਇਸ ਦੇ ਘਰ ਤੇ ਸਰਚ ਕੀਤੀ ਗਈ ਤਾਂ ਉਥੋਂ ਉਕਤ ਰਾਸ਼ੀ ਮਿਲੀ, ਸਾਨੂੰ ਸ਼ੱਕ ਸੀ ਕਿ ਇਹ ਪੈਸੇ ਨਸ਼ੀਲੇ ਪਦਾਰਥ ਵੇਚ ਕੇ ਇਕੱਠੇ ਕੀਤੇ ਹੋਏ ਹਨ, ਪਰ ਜਦ ਜਾਂਚ ਕਰਨ ਤੋਂ ਬਾਅਦ ਸਥਿਤੀ ਸਾਫ ਹੋਈ ਤਾਂ ਉਸਦੇ ਪੈਸੇ ਉਸ ਨੂੰ ਵਾਪਸ ਕਰ ਦਿੱਤੇ ਗਏ ਹਨ।
ਉਧਰ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਐਸ.ਐਚ.ਓ. ਨੂੰ ਜ਼ਬਰੀ ਛੁੱਟੀ ਤੇ ਭੇਜ ਦਿੱਤਾ ਗਿਆ ਹੈ ਤੇ ਕਿਸੇ ਵੀ ਸਮੇਂ ਪੁਲਸ ਦੇ ਉਚ ਅਧਿਕਾਰੀ ਐਸ.ਐਚ.ਓ. ਚੰਦਰਸ਼ੇਖਰ ਤੇ ਕੋਈ ਵੱਡਾ ਐਕਸ਼ਨ ਲੈ ਸਕਦੇ ਹਨ।
ਨਵਜੋਤ ਸਿੱਧੂ ਖਿਲਾਫ਼ ਹੁਣ ਸਾਥੀ ਮੰਤਰੀਆਂ ਦੇ ਤੇਵਰ ਵੀ ਪਏ ਨਰਮ
NEXT STORY