ਮਾਨਸਾ, (ਸੰਦੀਪ ਮਿੱਤਲ)- ਮਾਨਸਾ ਜ਼ਿਲੇ ਦੇ ਪਿੰਡ ਹਾਕਮਵਾਲਾ ਦੇ ਸਰਕਾਰੀ ਹਾਈ ਸਕੂਲ ’ਚ ਲੰਬੇ ਸਮੇਂ ਤੋਂ ਪ੍ਰਮੁੱਖ ਵਿਸ਼ਿਆਂ ਦੇ ਅਧਿਆਪਕਾਂ ਦੀ ਘਾਟ ਤੋਂ ਬੇਹੱਦ ਨਿਰਾਸ਼ ਸਕੂਲ ’ਚ ਪਡ਼੍ਹਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਸਕੂਲ ਨੂੰ ਜਿੰਦਰਾ ਮਾਰ ਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵਿਦਿਆਰਥੀ ਹੀਰਾ ਸਿੰਘ, ਗਗਨਦੀਪ ਕੌਰ, ਰੀਤੂ ਕੌਰ, ਅਰਸ਼ਦੀਪ ਸਿੰਘ, ਮਾਪੇ ਜਗਤਾਰ ਸਿੰਘ, ਜਸਵੰਤ ਸਿੰਘ, ਕਾਲਾ ਸਿੰਘ, ਬਿੰਦਰ ਸਿੰਘ, ਸਾਬਕਾ ਸਰਪੰਚ ਮਿੱਠੂ ਸਿੰਘ, ਇਕਬਾਲ ਸਿੰਘ, ਸਰਬਜੀਤ ਸਿੰਘ ਨੇ ਕਿਹਾ ਕਿ ਇਸ ਸਕੂਲ ’ਚ 180 ਦੇ ਕਰੀਬ ਵਿਦਿਆਰਥੀ ਪਡ਼੍ਹਦੇ ਹਨ ਪਰ ਉਨ੍ਹਾਂ ਨੂੰ ਪਡ਼੍ਹਾਉਣ ਲਈ ਸਿਰਫ ਪੰਜਾਬੀ, ਸਰੀਰਕ ਸਿੱਖਿਆ, ਡਰਾਇੰਗ, ਕੰਪਿਊਟਰ ਅਧਿਆਪਕ ਜੋ ਡੈਪੂਟੇਸ਼ਨ ’ਤੇ ਹੈ ਹੀ ਮੌਜੂਦ ਹਨ, ਜਦੋਂ ਕਿ ਅੰਗਰੇਜ਼ੀ, ਗਣਿਤ, ਸਾਇੰਸ, ਹਿੰਦੀ, ਐੱਸ. ਐੱਸ. ਟੀ. ਵਰਗੇ ਅਹਿਮ ਵਿਸ਼ਿਆਂ ਦੀਆਂ ਪੋਸਟਾਂ ਚਿਰਾਂ ਤੋਂ ਖਾਲੀ ਹਨ ਜਿਸ ਕਾਰਣ ਇੱਥੇ ਪਡ਼੍ਹਦੇ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਦਿਖਾਈ ਦੇ ਰਿਹਾ ਹੈ। ਇਸੇ ਸਮੱਸਿਆ ਕਰ ਕੇ ਦਰਜਨਾਂ ਵਿਦਿਆਰਥੀ ਇਸ ਸਕੂਲ ਨੂੰ ਛੱਡ ਕੇ ਬੋਹਾ ਜਾਂ ਗੰਢੂ ਕਲਾਂ ਆਦਿ ਸਕੂਲਾਂ ’ਚ ਦਾਖਲਾ ਲੈਣ ਲਈ ਮਜਬੂਰ ਹੋਏ ਹਨ ਪਰ ਸਰਕਾਰੀ ਸਕੂਲਾਂ ਦੀ ਸਿੱਖਿਆ ਨੂੰ ਪ੍ਰਾਈਵੇਟ ਸਕੂਲਾਂ ਤੋਂ ਬਿਹਤਰ ਬਣਾਉਣ ਦੇ ਦਮਗੱਜੇ ਮਾਰਨ ਵਾਲਾ ਸਿੱਖਿਆ ਵਿਭਾਗ ਸਭ ਕੁਝ ਜਾਣਦਾ ਹੋਇਆ ਮੂਕ ਦਰਸ਼ਕ ਬਣਿਆ ਹੋਇਆ ਹੈ।
ਸਕੂਲ ਦੇ ਪੁਰਾਣੇ ਵਿਦਿਆਰਥੀਆਂ ਵਲੋਂ ਬਣਾਈ ਸਕੂਲ ਭਲਾਈ ਕਮੇਟੀ ਦੇ ਪ੍ਰਧਾਨ ਸੰਸਾਰ ਸਿੰਘ ਥਿੰਦ, ਸਕੱਤਰ ਡਾ. ਸੁਖਪਾਲ ਸਿੰਘ, ਸੁਖਵਿੰਦਰ ਸਿੰਘ ਬੱਬਲ ਨੇ ਦੱਸਿਆ ਕਿ ਉਹ ਇਸ ਸਮੱਸਿਆ ਲਈ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਪਰਨਾਲਾ ਉਥੇ ਦਾ ਉਥੇ ਹੈ।
ਧਰਨੇ ’ਚ ਵਿਸ਼ੇਸ਼ ਤੌਰ ’ਤੇ ਪੁੱਜੇ ਪ੍ਰਿੰਸੀਪਲ ਮੁਕੇਸ਼ ਕੁਮਾਰ ਬੋਹਾ ਨੇ ਪੰਜ ਦਿਨਾਂ ਅੰਦਰ ਅਧਿਆਪਕ ਹਰ ਹਾਲ ’ਚ ਭੇਜਣ ਦੇ ਵਿਸ਼ਵਾਸ ਮਗਰੋਂ ਰੋਸ ਧਰਨਾ ਸਮਾਪਤ ਕਰ ਕੇ ਤਾਲਾ ਖੁੱਲ੍ਹਵਾਇਆ ਪਰ ਵਿਦਿਆਰਥੀ ਕਲਾਸਾਂ ’ਚ ਜਾਣ ਦੀ ਬਜਾਏ ਘਰੋਂ ਘਰੀ ਚਲੇ ਗਏ। ਵਿਦਿਆਰਥੀਆਂ ਤੇ ਮਾਪਿਆਂ ਨੇ ਆਖਿਆ ਕਿ ਜੇਕਰ ਪੰਜ ਦਿਨਾਂ ’ਚ ਮਸਲਾ ਹੱਲ ਨਾ ਹੋਇਆ ਤਾਂ ਸੰਘਰਸ਼ ਵੱਡੇ ਪੱਧਰ ’ਤੇ ਵਿੱਢਿਆ ਜਾਵੇਗਾ।
ਦੂਸ਼ਿਤ ਪਾਣੀ ਤੋਂ ਦੁਖੀ ਲੋਕਾਂ ਨੇ ਵਾਟਰ ਵਰਕਸ ਵਿਭਾਗ ਵਿਰੁੱਧ ਕੀਤੀ ਨਾਅਰੇਬਾਜ਼ੀ
NEXT STORY