ਤਲਵੰਡੀ ਸਾਬੋ (ਮਨੀਸ਼) : ਕਾਂਗਰਸ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 4 ਹਫਤਿਆਂ 'ਚ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਦੀ ਸਹੁੰ ਖਾਧੀ ਗਈ ਸੀ ਪਰ ਢਾਈ ਸਾਲ ਬੀਤ ਜਾਣ ਤੋਂ ਬਾਅਦ ਵੀ ਪੰਜਾਬ ਵਿਚ ਨਸ਼ਾ ਧੜੱਲੇ ਨਾਲ ਵਿੱਕ ਰਿਹਾ ਹੈ ਅਤੇ ਆਏ ਦਿਨ ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਫਸ ਕੇ ਮੌਤ ਦੇ ਮੂੰਹ ਵਿਚ ਜਾ ਰਹੇ ਸਨ, ਜਿਸ ਨੂੰ ਦੇਖਦੇ ਹੋਏ ਪੰਜਾਬ-ਹਰਿਆਣਾ ਦੀ ਸਰਹੱਦ 'ਤੇ ਪੈਂਦੇ ਸੈਕੜੇ ਪਿੰਡਾਂ 'ਚ 'ਚਿੱਟਾ' ਖਤਮ ਕਰਨ ਲਈ ਹੁਣ ਤਲਵੰਡੀ ਸਾਬੋ ਅਤੇ ਹਰਿਆਣਾ ਦੇ ਨੌਜਵਾਨਾਂ ਨੇ ਸਾਝੀ ਮੁਹਿੰਮ ਵਿੱਢ ਦਿੱਤੀ ਹੈ।

ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਗਾਟਵਾਲੀ ਵਿਖੇ ਦੋਵਾਂ ਸੂਬਿਆਂ ਦੇ ਨੌਜਵਾਨਾਂ ਨੇ ਸਾਂਝਾ ਇੱਕਠ ਕੀਤਾ, ਜਿਸ ਵਿਚ ਪੰਜਾਬ ਪੁਲਸ ਅਤੇ ਹਰਿਆਣਾ ਪੁਲਸ ਦੇ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ। ਦੋਵਾਂ ਸੂਬਿਆਂ ਦੇ ਲੋਕਾਂ ਨੇ ਆਪਣੇ-ਆਪਣੇ ਇਲਾਕੇ ਦੇ ਨੌਜਵਾਨਾਂ ਨੂੰ 'ਚਿੱਟੇ' ਦੇ ਨਸ਼ੇ ਤੋਂ ਹਟਾਉਣ ਲਈ ਉਪਰਾਲੇ ਕਰਨ ਦੀ ਗੱਲ ਆਖੀ। ਨੌਜਵਾਨ ਘਰ-ਘਰ ਜਾ ਕੇ ਨਸ਼ਾ ਕਰਨ ਵਾਲੇ ਨੂੰ ਨਸ਼ਾ ਛੱਡਣ ਅਤੇ ਵੇਚਣ ਵਾਲਿਆਂ ਨੂੰ ਨਾ ਵੇਚਣ ਦੀ ਅਪੀਲ ਕਰ ਰਹੇ ਹਨ, ਜਿਸ ਦੇ ਕਾਫੀ ਚੰਗੇ ਸਿੱਟੇ ਵੀ ਨਿਕਲ ਰਹੇ ਹਨ। ਹਰਿਆਣਾ ਦੇ ਨੌਜਵਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਿੰਡਾਂ ਦਾ ਬਹੁਤ ਬੁਰਾ ਹਾਲ ਹੋ ਚੁੱਕਾ ਹੈ, ਜਿਸ ਕਰਕੇ ਉਹ ਪੰਜਾਬ ਦੇ ਨੌਜਵਾਨਾਂ ਦੀਆਂ ਕਮੇਟੀਆਂ ਨਾਲ ਰਲ ਕੇ 'ਚਿੱਟੇ' ਦੇ ਨਸ਼ੇ ਨੂੰ ਬੰਦ ਕਰਨ ਦਾ ਉਪਰਾਲਾ ਕਰ ਰਹੇ ਹਨ।
12 ਲੱਖ ਰੁਪਏ ਲੈ ਕੈਨੇਡਾ ਦੀ ਥਾਂ ਭੇਜਿਆ ਕੰਬੋਡੀਆ, 4 ਖਿਲਾਫ ਪਰਚਾ
NEXT STORY