ਨਿਹਾਲ ਸਿੰਘ ਵਾਲਾ,(ਗੁਪਤਾ)- ਬਲਾਕ ਨਿਹਾਲ ਸਿੰਘ ਵਾਲਾ ਦੀਆਂ ਸਮੂਹ ਸੰਘਰਸ਼ਸ਼ੀਲ ਅਧਿਆਪਕ ਜਥੇਬੰਦੀਆਂ ਵਲੋਂ 5 ਸੂਬਾ ਪੱਧਰੀ ਅਧਿਆਪਕ ਆਗੂਆਂ ਦੀਆਂ ਸੇਵਾਵਾਂ ਸਮਾਪਤ ਕਰਨ ਖਿਲਾਫ ਰੋਹ ਭਰਪੂਰ ਨਾਅਰੇਬਾਜ਼ੀ ਕਰਨ ਉਪਰੰਤ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਅਧਿਆਪਕ ਆਗੂਆਂ ਜਸਵਿੰਦਰ ਸਿੰਘ ਨਿਹਾਲ ਸਿੰਘ ਵਾਲਾ, ਅਮਨਦੀਪ ਸਿੰਘ ਮਾਛੀਕੇ, ਸੁਖਮੰਦਰ ਸਿੰਘ ਨਿਹਾਲ ਸਿੰਘ ਵਾਲਾ ਅਤੇ ਸਵਰਨ ਸਿੰਘ ਹਿੰਮਤਪੁਰਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਹਕੂਮਤ ਵਲੋਂ ਚੋਟੀ ਦੇ 5 ਅਧਿਆਪਕ ਆਗੂਆਂ ਨੂੰ ਟਰਮੀਨੇਟ ਕਰ ਕੇ ਪੰਜਾਬ ਦੀ ਸਮੂਹ ਅਧਿਆਪਕ ਲਹਿਰ ਦੀ ਅਣਖ ਨੂੰ ਵੰਗਾਰਿਆ ਹੈ। ਜਿਸ ਦੀ ਹਕੂਮਤ ਨੂੰ ਵੱਡੀ ਸਿਆਸੀ ਕੀਮਤ ਤਾਰਨੀ ਪਵੇਗੀ। ਆਗੂਆਂ ਨੇ ਕਿਹਾ ਕਿ 8886 ਅਧਿਆਪਕਾਂ ਦੀ ਤਨਖਾਹ ਕਟੋਤੀ ਦੇ ਵਿਰੋਧ ’ਚ ਚੱਲ ਰਹੇ ਸੰਘਰਸ਼ ਨੂੰ ਖੌਫਜ਼ਦਾ ਕਰਨ ਲਈ ਸੇਵਾਵਾਂ ਖਤਮ ਕਰਨਾ ਜਾਬਰ ਵਾਰ ਕੀਤਾ ਗਿਆ ਹੈ। ਵਾਰ-ਵਾਰ ਗੱਲਬਾਤ, ਐਲਾਨਾਂ ਅਤੇ ਭਰੋਸਾ ਦੇ ਕੇ ਭੱਜਣ ਕਾਰਨ ਪੰਜਾਬ ਦੇ ਸਮੂਹ ਅਧਿਆਪਕਾਂ ’ਚ ਗੁੱਸੇ ਦੀ ਲਹਿਰ ਹੈ। ਆਉਣ ਵਾਲੇ ਦਿਨਾਂ ’ਚ ਪੰਜਾਬ ਦੀ ਧਰਤੀ ’ਤੇ ਅਧਿਆਪਕਾਂ ਦੇ ਫੈਸਲਾਕੁੰਨ ਸੰਘਰਸ਼ ਲਡ਼ੇ ਜਾਣਗੇ। ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ 8886 ਅਧਿਆਪਕਾਂ ਸਮੇਤ ਸਭਨਾਂ ਕੈਟਾਗਿਰੀਆਂ ਦੇ ਠੇਕੇ ’ਤੇ ਕੰਮ ਕਰਦੇ ਅਧਿਆਪਕ ਪੂਰੀ ਤਨਖਾਹ ਤੇ ਸਿੱਖਿਆ ਵਿਭਾਗ ’ਚ ਰੈਗੂਲਰ ਕੀਤੇ ਜਾਣ, ਬਰਖਾਸਤਗੀ ਅਤੇ ਮੁਅੱਤਲੀਆਂ ਰੱਦ ਕੀਤੀਆਂ ਜਾਣ ਅਤੇ ਪੰਜਾਬ ਸਰਕਾਰ ਵਲੋਂ ਸੁਹਿਰਦਤਾ ਨਾਲ ਗੱਲਬਾਤ ਕਰ ਕੇ ਸਮੂਹ ਅਧਿਆਪਕ ਮਸਲਿਆਂ ਦਾ ਠੋਸ ਹੱਲ ਕੱਢਿਆ ਜਾਵੇ। ਰੋਹ ਵਿਚ ਆਏ ਅਧਿਆਪਕਾਂ ਵਲੋਂ ਸਿੱਖਿਆ ਦੇ ਨਿੱਜੀਕਰਨ ਦੀ ਨੀਤੀ ਅਤੇ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਨ ਉਪਰੰਤ ਅਰਥੀ ਨੂੰ ਲਾਂਬੂ ਲਾਇਆ ਗਿਆ। ਇਸ ਸਮੇਂ ਗੁਰਚਰਨ ਸਿੰਘ ਗਿੱਲ, ਗੁਰਮੀਤ ਸਿੰਘ ਝੋਰਡ਼ਾਂ, ਹਰਪ੍ਰੀਤ ਸਿੰਘ ਰਾਮਾ, ਸ਼ਿੰਗਾਰਾ ਸਿੰਘ ਸੈਦੋਕੇ, ਜਸਪਾਲ ਸਿੰਘ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ ਧੂਡ਼ਕੋਟ, ਸੰਦੀਪ ਕੁਮਾਰ, ਸਵਰਨ ਸਿੰਘ, ਅਮਰਜੀਤ ਸਿੰਘ ਪੱਤੋ, ਬਲਜੀਤ ਸਿੰਘ, ਸੁਖਜੀਤ ਸਿੰਘ, ਤੇਜਿੰਦਰ ਸਿੰਘ, ਅਮਨਦੀਪ ਸਿੰਘ ਬੌਡੇ, ਜਸਵਿੰਦਰ ਸਿੰਘ ਧੂਡ਼ਕੋਟ, ਹਰਪ੍ਰੀਤ ਸਿੰਘ ਮਾਣੂੰਕੇ ਤੇ ਜੋਗਿੰਦਰ ਸਿੰਘ ਸਮੇਤ ਵੱਡੀ ਗਿਣਤੀ ’ਚ ਅਧਿਆਪਕ ਹਾਜ਼ਰ ਸਨ।
ਚਾਈਨਾ ਡੋਰ ਲੋਕਾਂ ਲਈ ਬਣੀ ਸਿਰਦਰਦੀ
NEXT STORY