ਲੁਧਿਆਣਾ, (ਰਾਮ/ਮੁਕੇਸ਼)- ਸ਼ੇਰਪੁਰ ਕੈਂਸਰ ਹਸਪਤਾਲ ਚੌਕ ਨੇੜੇ ਤਿੰਨ ਮੰਜ਼ਿਲਾ ਆਰ. ਟੀ. ਵੂਲਣ ਮਿੱਲ ’ਚ ਜ਼ਬਰਦਸਤ ਅੱਗ ਲੱਗ ਗਈ। ਅੱਗ ਕਾਰਨ ਆਲੇ-ਦੁਆਲੇ ਫੈਕਟਰੀਆਂ ’ਚ ਕੰਮ ਕਰ ਰਹੇ ਮਜ਼ਦੂਰਾਂ ’ਚ ਹਫੜਾ-ਦਫੜੀ ਮਚ ਗਈ। ਮਿੱਲ ਦੇ ਮਾਲਕ ਦੀਪਕ ਸਿੰਘਲ ਨੇ ਕਿਹਾ ਕਿ ਮਿੱਲ ਨੂੰ ਚਾਲੂ ਕਰਨ ਲਈ ਕੁੱਝ ਮਜ਼ਦੂਰਾਂ ਨਾਲ ਮੇਨਟੀਨੈਂਸ ਦਾ ਕੰਮ ਕਰ ਰਹੇ ਸੀ। ਇਸ ਦੌਰਾਨ ਬਾਹਰ ਲੋਕਾਂ ਨੇ ਮਿੱਲ ਅੰਦਰੋਂ ਧੂੰਆਂ ਤੇ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਜ਼ੋਰਦਾਰ ਧਮਾਕੇ ਦੀ ਅਾਵਾਜ਼ ਸੁਣ ਕੇ ਉਹ ਬਾਹਰ ਵੱਲ ਦੌੜੇ ਅਤੇ ਦੇਖਿਆ ਕਿ ਮਿੱਲ ’ਚ ਅੱਗ ਲੱਗੀ ਹੋਈ ਹੈ। ਦੇਖਦਿਆਂ ਹੀ ਦੇਖਦਿਆਂ ਅੱਗ ਮਿੱਲ ਦੀ ਉਪਰਲੀ ਮੰਜ਼ਿਲ ਤੇ ਗਰਾਊਂਡ ਫਲੋਰ ’ਤੇ ਤੇਜ਼ੀ ਨਾਲ ਫੈਲ ਗਈ। ਉਨ੍ਹਾਂ ਨੇ ਤੁਰੰਤ ਹੀ ਫਾਇਰ ਬ੍ਰਿਗੇਡ ਨੂੰ ਤੇ ਮੋਤੀ ਨਗਰ ਥਾਣੇ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ ਉੱਪਰ ਕਾਬੂ ਪਾਉਣ ਲਈ ਭਾਰੀ ਜੱਦੋ-ਜਹਿਤ ਕੀਤੀ ਪਰ ਅੱਗ ਤੇਜ਼ੀ ਨਾਲ ਫੈਲਦੀ ਗਈ ਜਿਸ ਕਾਰਨ ਮਿੱਲ ਅੰਦਰ ਪਿਆ ਧਾਗਾ, ਫਾਈਬਰ, ਮਸ਼ੀਨਾਂ, ਫਰਨੀਚਰ, ਬਿਜਲੀ ਫਿਟਿੰਗ ਹੋਰ ਸਾਮਾਨ, ਕੱਚਾ ਮਾਲ ਸੜ ਕੇ ਸੁਆਹ ਹੋ ਗਿਆ।ਅੱਗ ਇੰਨੀ ਜ਼ਬਰਦਸਤ ਸੀ ਕਿ ਮਿੱਲ ਦੇ ਨਾਲ ਵਾਲੇ ਵਿਹੜੇ ਆਦਿ ਖਾਲੀ ਕਰਵਾ ਦਿੱਤੇ ਗਏ ਤਾਂ ਕਿ ਕੋਈ ਜਾਨੀ ਨੁਕਸਾਨ ਨਾ ਹੋਵੇ। ਮਿੱਲ ਦੀ ਬਿਲਡਿੰਗ ਨੂੰ ਭਾਰੀ ਨੁਕਸਾਨ ਪੁੱਜਾ ਹੈ, ਜੋ ਕਿ ਕਈ ਥਾਵਾਂ ਤੋਂ ਢਹਿ ਗਈ।
ਦੀਪਕ ਨੇ ਦੱਸਿਆ ਕਿ ਇੰਝ ਲਗਦਾ ਹੈ ਕਿ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਧਮਾਕਾ ਹੋਇਆ ਤੇ ਮਾਲ ਉੱਪਰ ਚੰਗਿਆੜੇ ਪੈਣ ਨਾਲ ਅੱਗ ਲੱਗ ਗਈ। ਅੱਗ ਨਾਲ ਉਨ੍ਹਾਂ ਦਾ ਕਰੋੜਾਂ ਦਾ ਨੁਕਸਾਨ ਹੋ ਗਿਆ। ਐੱਸ. ਐੱਚ. ਓ. ਮੋਤੀ ਨਗਰ ਵਰੁਣਜੀਤ ਸਿੰਘ ਨੇ ਕਿਹਾ ਕਿ ਹਾਲੇ ਮਾਲਕ ਬਿਆਨ ਦੇਣ ਦੀ ਹਾਲਤ ’ਚ ਨਹੀਂ ਹੈ। ਮਾਮਲੇ ਦੀ ਜਾਂਚ ਕਰ ਰਹੇ ਹਾਂ। ਫਾਇਰ ਬ੍ਰਿਗੇਡ ਅਫਸਰ ਸ੍ਰਿਸ਼ਟੀਨਾਥ ਸ਼ਰਮਾ ਨੇ ਕਿਹਾ ਕਿ 6 ਘੰਟੇ ਤੋਂ ਅੱਗ ਲੱਗੀ ਹੋਈ ਹੈ। 100 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੱਗ ਚੁੱਕੀਆਂ ਹਨ। ਅੱਗ ਉੱਪਰ ਕਾਬੂ ਪਾ ਲਿਆ ਗਿਆ ਹੈ।
ਮੁੱਖ ਮੰਤਰੀ ਦਾ ਗ੍ਰਹਿ ਜ਼ਿਲ੍ਹਾ ਬਣਿਆ ਜੁਰਮ ਤੇ ਅਪਰਾਧ ਦੀ ਰਾਜਧਾਨੀ : ਬੀਰ ਦਵਿੰਦਰ ਸਿੰਘ
NEXT STORY