ਫਿਰੋਜ਼ਪੁਰ, (ਕੁਮਾਰ)– ਸਦੀਆਂ ਪੁਰਾਣੇ ਚੱਲੇ ਆ ਰਹੇ ਸਤਲੁਜ ਦਰਿਆ ਵਿਚ ਪਾਣੀ ਖਤਮ ਹੋਣ ਕਾਰਨ ਦਰਿਆ ਦੀ ਹੋਂਦ ਖਤਰੇ ਵਿਚ ਹੈ ਅਤੇ ਕੁਝ ਲੋਕਾਂ ਵੱਲੋਂ ਦਰਿਆ ਵਿਚ ਜੇ. ਸੀ. ਬੀ. ਮਸ਼ੀਨਾਂ ਲਾ ਕੇ ਵੱਡੇ-ਵੱਡੇ ਬੰਨ੍ਹ ਬਣਾਏ ਜਾ ਰਹੇ ਹਨ ਅਤੇ ਖੁੱਲ੍ਹੇਆਮ ਦਰਿਆ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਅਾਂ ਸਤਲੁਜ ਦਰਿਆ ਦੇ ਨਾਲ ਲੱਗਦੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣਾ ਨਾਂ ਪ੍ਰਕਾਸ਼ਿਤ ਨਾ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਨੇ ਦਰਿਆਈ ਜ਼ਮੀਨ ’ਤੇ ਹੋ ਰਹੇ ਨਾਜਾਇਜ਼ ਕਬਜ਼ਿਆਂ ਨੂੰ ਨਹੀਂ ਰੋਕਿਆ ਅਤੇ ਜਲਦ ਨਾਜਾਇਜ਼ ਕਬਜ਼ੇ ਕੀਤੀ ਦਰਿਆਈ ਜ਼ਮੀਨ ਨੂੰ ਨਹੀਂ ਬਚਾਇਆ ਤਾਂ ਜਿਥੇ ਦੇਸ਼ ਦੀ ਸੁਰੱਖਿਆ ਖਤਰੇ ਵਿਚ ਪੈ ਸਕਦੀ ਹੈ, ਉਥੇ ਹੀ ਪਿਛੇ ਤੋਂ ਕਿਸੇ ਵੀ ਸਮੇਂ ਪਾਣੀ ਦਾ ਤੇਜ਼ ਵਹਾਅ ਆਉਣ ਨਾਲ ਖਸਤਾ ਹਾਲਤ ’ਚ ਬਣਿਆ ਧੁੱਸੀ ਬੰਨ੍ਹ ਟੁੱਟ ਜਾਵੇਗਾ ਅਤੇ ਕਿਸੇ ਵੀ ਸਮੇਂ ਫਿਰੋਜ਼ਪੁਰ ਹਡ਼੍ਹ ਦੀ ਲਪੇਟ ਵਿਚ ਆ ਜਾਵੇਗਾ।
ਲੋਕਾਂ ਨੇ ਦੱਸਿਆ ਕਿ ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ’ਤੇ ਸਥਿਤ ਸਤਲੁਜ ਦਰਿਆ ਦੀ ਹੋਂਦ ਨੂੰ ਬਚਾਉਣ ਵੱਲ ਜ਼ਿਲਾ ਫਿਰੋਜ਼ਪੁਰ ਪ੍ਰਸ਼ਾਸਨ ਦੀ ਵੱਡੀ ਅਫਸਰਸ਼ਾਹੀ ਦਾ ਕੋਈ ਧਿਆਨ ਨਹੀਂ ਹੈ। ਲੋਕਾਂ ਨੇ ਕਿਹਾ ਕਿ ਇਸ ਵੱਡੇ ਮੁੱਦੇ ਨੂੰ ਲੈ ਕੇ ਕਮਿਸ਼ਨਰ ਫਿਰੋਜ਼ਪੁਰ ਡਵੀਜ਼ਨ ਅਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਖੁਦ ਜਾ ਕੇ ਮੌਕਾ ਦੇਖਣਾ ਚਾਹੀਦਾ ਹੈ ਅਤੇ ਨਾਜਾਇਜ਼ ਹੋ ਰਹੇ ਅਤੇ ਹੋ ਚੁੱਕੇ ਕਬਜ਼ਿਆਂ ਨੂੰ ਖਤਮ ਕਰਨ ਲਈ ਪੁਲਸ ਦੀ ਮਦਦ ਲੈਣੀ ਚਾਹੀਦੀ ਹੈ।
®ਦੇਸ਼ ਦੀ ਸੁਰੱਖਿਆ ਨੂੰ ਖਤਰਾ ਵਧਿਆ
ਸਤਲੁਜ ਦਰਿਆ ਵਿਚ ਪਾਣੀ ਖਤਮ ਹੋ ਜਾਣ ਤੋਂ ਬਾਅਦ ਦੇਸ਼ ਦੀ ਸੁਰੱਖਿਆ ਨੂੰ ਵੀ ਖਤਰਾ ਵਧ ਰਿਹਾ ਹੈ ਕਿਉਂਕਿ ਦਰਿਆਈ ਪਾਣੀ ਪਾਕਿਸਤਾਨੀ ਏਜੰਸੀ ਆਈ. ਐੱਸ. ਆਈ. ਦੇ ਅੱਤਵਾਦੀਆਂ ਤੇ ਸਮੱਗਲਰਾਂ ਦੀਆਂ ਗਤੀਵਿਧੀਆਂ ਵਿਚ ਵੀ ਵੱਡੀ ਰੁਕਾਵਟ ਸੀ। ਬੇਸ਼ੱਕ ਬੀ. ਐੱਸ. ਐੱਫ. ਤੇ ਆਰਮੀ ਦੀ ਸਰਹੱਦਾਂ ’ਤੇ ਸੁਰੱਖਿਆ ਸਖਤ ਹੈ, ਫਿਰ ਵੀ ਦੇਸ਼ ਵਿਰੋਧੀ ਤਾਕਤਾਂ ਦਰਿਆ ਵਿਚ ਪਾਣੀ ਨਾ ਹੋਣ ਕਾਰਨ ਆਪਣੀਆਂ ਗਤੀਵਿਧੀਆਂ ਤੇਜ਼ ਕਰ ਸਕਦੀਆਂ ਹਨ।
®ਫਿਰੋਜ਼ਪੁਰ ’ਚ ਆਉਣ ਵਾਲੇ ਲੱਖਾਂ ਪੰਛੀ ਹੋਏ ਗਾਇਬ
ਜਦ ਸਤਲੁਜ ਦਰਿਆ ’ਚ ਪਾਣੀ ਹੁੰਦਾ ਸੀ ਤਾਂ ਇਥੇ ਤਰ੍ਹਾਂ-ਤਰ੍ਹਾਂ ਦੇ ਲੱਖਾਂ ਪੰਛੀ ਫਿਰੋਜ਼ਪੁਰ ’ਚ ਆਉਂਦੇ-ਜਾਂਦੇ ਸਨ ਅਤੇ ਪਾਣੀ ’ਚ ਕਈ ਤਰ੍ਹਾਂ ਦੇ ਜੀਵ-ਜੰਤੂ ਸਨ ਪਰ ਸਰਹੱਦੀ ਲੋਕਾਂ ਅਨੁਸਾਰ ਅੱਜ ਪੱਛੀ ਗਾਇਬ ਹੋ ਗਏ ਹਨ ਅਤੇ ਪਾਣੀ ਵਿਚ ਰਹਿੰਦੇ ਜੀਵ-ਜੰਤੂਆਂ ਦਾ ਨਾਮੋ-ਨਿਸ਼ਾਨ ਗਾਇਬ ਹੋ ਗਿਆ ਹੈ।
®ਪਾਣੀ ਦਾ ਪੱਧਰ ਹੇਠਾਂ ਗਿਆ, ਕਿਸਾਨਾਂ ਦੀਆਂ ਮੁਸ਼ਕਲਾਂ ਵਧੀਆਂ
ਸਤਲੁਜ ਦਰਿਆ ਦੇ ਨਾਲ ਲੱਗਦੇ ਸਰਹੱਦੀ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਜਦ ਦਰਿਆ ਵਿਚ ਪਾਣੀ ਸੀ ਤਾਂ ਕਿਸਾਨਾਂ ਨੂੰ ਬਹੁਤ ਫਾਇਦਾ ਸੀ ਅਤੇ 25-30 ਫੁੱਟ ’ਤੇ ਪਾਣੀ ਉਪਲੱਬਧ ਸੀ ਪਰ ਹੁਣ ਪਾਣੀ ਦਾ ਪੱਧਰ ਕਰੀਬ 55-60 ਫੁੱਟ ’ਤੇ ਚਲਾ ਗਿਆ ਹੈ, ਜਿਸ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਲੋਕਾਂ ਨੇ ਦੱਸਿਆ ਕਿ ਦਰਿਆ ਦੀਆਂ ਕਈ ਫਾਟਾਂ ਵੀ ਲੋਕਾਂ ਨੇ ਨਾਜਾਇਜ਼ ਕਬਜ਼ੇ ਕਰ ਕੇ ਖਤਮ ਕਰ ਦਿੱਤੀਆਂ ਹਨ।
30 ਸਾਲਾਂ ਤੋਂ ਨਹੀਂ ਹੋਈ ਬੰਨ੍ਹ ਦੀ ਰਿਪੇਅਰ
ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਸਤਲੁਜ ਦਰਿਆ ਦੇ ਨਾਲ ਲੱਗੇ ਧੁੱਸੀ ਬੰਨ੍ਹ ਦੀ ਹਾਲਤ ਬੇਹੱਦ ਖਸਤਾ ਹੈ ਅਤੇ ਬੀਤੇ 30 ਸਾਲਾਂ ਤੋਂ ਇਸ ਬੰਨ੍ਹ ਦੀ ਰਿਪੇਅਰ ਹੁੰਦੀ ਲੋਕਾਂ ਨੇ ਕਦੇ ਨਹੀਂ ਦੇਖੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਾਲਾਂ ਤੋਂ ਦਰਿਆ ’ਚ ਨੋਚਾਂ ਬਣਾਉਣ ਦੇ ਦਾਅਵੇ ਵੀ ਲਗਭਗ ਕਾਗਜ਼ਾਂ ਤੱਕ ਹੀ ਸੀਮਤ ਹਨ।
ਜਲਦ ਹਟਾਏ ਜਾਣ ਨਾਜਾਇਜ਼ ਕਾਗਜ਼
ਐਂਟੀ ਨਾਰਕੋਟਿਕਸ ਇੰਡੀਆ ਵਿੰਗ ਦੇ ਚੇਅਰਮੈਨ ਸੰਦੀਪ ਗੁਲਾਟੀ, ਰਾਸ਼ਟਰੀ ਉਪ ਪ੍ਰਧਾਨ ਰਾਜੀਵ ਵਧਵਾ, ਜ਼ਿਲਾ ਸੈਕਟਰੀ ਸੂਰਜ ਮਹਿਤਾ ਅਤੇ ਰਣਦੀਪ ਭੰਡਾਰੀ ਨੇ ਮੰਗ ਕੀਤੀ ਕਿ ਸਤਲੁਜ ਦਰਿਆ ਦੀ ਜ਼ਮੀਨ ’ਤੇ ਹੋ ਰਹੇ ਨਾਜਾਇਜ਼ ਕਬਜ਼ਿਆਂ ਨੂੰ ਤੁਰੰਤ ਰੋਕਿਆ ਜਾਵੇ ਅਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਵੇ। ਉਨ੍ਹਾਂ ਧੁੱਸੀ ਬੰਨ੍ਹ ਨੂੰ ਤੁਰੰਤ ਬਣਾਉਣ ਦੀ ਮੰਗ ਕਰਦਿਆਂ ਕਿਹਾ ਕਿ ਸਿੰਚਾਈ ਵਿਭਾਗ ਫਿਰੋਜ਼ਪੁਰ ਵੱਲੋਂ ਧੁੱਸੀ ਬੰਨ੍ਹ ਦੀ ਮੁਰੰਮਤ ਅਤੇ ਨੋਚਾਂ ਬਣਾਉਣ ਦੇ ਕੰਮਾਂ ਦਾ ਰਿਕਾਰਡ ਕਬਜ਼ੇ ਵਿਚ ਲੈ ਕੇ ਵਿਜੀਲੈਂਸ ਵਿਭਾਗ ਉੱਚ ਪੱਧਰੀ ਜਾਂਚ ਕਰੇ।
ਕਿਸੇ ਵੀ ਵਿਅਕਤੀ ਨੂੰ ਦਰਿਆ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰਨ ਨਹੀਂ ਦਿੱਤਾ ਜਾਵੇਗਾ। ਜਲਦ ਅਧਿਕਾਰੀਆਂ ਦੀ ਟੀਮ ਭੇਜੀ ਜਾਵੇਗੀ ਅਤੇ ਧੁੱਸੀ ਬੰਨ੍ਹ ਨੂੰ ਬਣਾਉਣ ਲਈ ਸਰਕਾਰ ਨੂੰ ਰਿਪੋਰਟ ਭੇਜੀ ਜਾਵੇਗੀ।
–ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ
ਮਾਣਯੋਗ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ
NEXT STORY