ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਪਰਾਲੀ ਸਾਡ਼ਨ ਤੋਂ ਪੈਦਾ ਹੋਣ ਵਾਲੇ ਮਾਡ਼ੇ ਪ੍ਰਭਾਵਾਂ ਨੂੰ ਧਿਆਨ ’ਚ ਰੱਖਦਿਆਂ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਬਰਨਾਲਾ ਜ਼ਿਲੇ ਦੇ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਏ ਬਗੈਰ ਨਵੀਆਂ ਤਕਨੀਕਾਂ ਦੀ ਮਦਦ ਨਾਲ ਕਣਕ ਦੀ ਸਿੱਧੀ ਬੀਜਾਈ ਕੀਤੀ ਜਾ ਰਹੀ ਹੈ। ਤਕਰੀਬਨ 100 ਏਕਡ਼ ਜ਼ਮੀਨ ’ਤੇ ਖੇਤੀ ਕਰਨ ਵਾਲੇ ਪਿੰਡ ਸ਼ੇਰ ਸਿੰਘ ਪੁਰਾ (ਨਾਈਵਾਲਾ) ਦੇ ਕਿਸਾਨ ਜਗਰਾਜ ਸਿੰਘ ਵੱਲੋਂ ਇਸ ਵਾਰ ਪਰਾਲੀ ਨਾ ਸਾਡ਼ਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਉਸ ਵੱਲੋਂ ਕਣਕ ਦੀ ਬੀਜਾਈ ਹੈਪੀਸੀਡਰ ਮਸ਼ੀਨ ਨਾਲ ਕਰਨ ਦੀ ਵਿਉਂਤ ਬਣਾਈ ਗਈ ਹੈ। ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਧਰਮ ਪਾਲ ਗੁਪਤਾ ਵੱਲੋਂ ਇਸ ਕਿਸਾਨ ਦੇ ਖੇਤਾਂ ਦਾ ਦੌਰਾ ਵੀ ਕੀਤਾ ਗਿਆ ਅਤੇ ਬਾਕੀ ਕਿਸਾਨਾਂ ਨਾਲ ਵੀ ਗੱਲਬਾਤ ਕਰ ਕੇ ਉਨ੍ਹਾਂ ਨੂੰ ਪਰਾਲੀ ਨੂੰ ਅੱਗ ਨਾ ਲਗਾ ਕੇ ਕਣਕ ਦੀ ਬੀਜਾਈ ਹੈਪੀਸੀਡਰ ਨਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਅਗਾਂਹਵਧੂ ਕਿਸਾਨ ਜੁਗਰਾਜ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਉਨ੍ਹਾਂ ਵੱਲੋਂ ਲਗਭਗ 40 ਏਕਡ਼ ਰਕਬੇ ’ਤੇ ਪਰਾਲੀ ਨੂੰ ਅੱਗ ਲਾਏ ਬਗੈਰ ਹੀ ਹੈਪੀਸੀਡਰ ਨਾਲ ਕਣਕ ਦੀ ਬੀਜਾਈ ਕੀਤੀ ਗਈ ਸੀ। ਉਸ ਨੇ ਦੱਸਿਆ ਕਿ ਪਿਛਲੀ ਵਾਰ ਉਸ ਵੱਲੋਂ ਪਰਾਲੀ ਦੇ ਕਰਚਿਆਂ ’ਚ ਸਿੱਧੀ ਬੀਜੀ ਗਈ ਕਣਕ ਦਾ ਝਾਡ਼ 60 ਮਣ ਭਾਵ 24 ਕੁਇੰਟਲ ਦੇ ਕਰੀਬ ਨਿਕਲਿਆ ਸੀ, ਜਿਸ ਤੋਂ ਉਤਸ਼ਾਹਿਤ ਹੋ ਕੇ ਇਸ ਵਾਰ ਉਸ ਨੇ ਸਾਰੀ ਦੀ ਸਾਰੀ 100 ਏਕਡ਼ ਕਣਕ ਹੈਪੀਸੀਡਰ ਨਾਲ ਬੀਜਣ ਦਾ ਫੈਸਲਾ ਕੀਤਾ ਹੈ। ਜੁਗਰਾਜ ਸਿੰਘ ਨੇ ਦੱਸਿਆ ਕਿ ਪਿਛਲੀ ਵਾਰ ਉਸ ਵੱਲੋਂ ਅੱਗ ਲਾ ਕੇ ਬੀਜੀ ਗਈ ਕਣਕ ਦਾ ਝਾਡ਼ ਪਰਾਲੀ ’ਚ ਹੈਪੀਸੀਡਰ ਨਾਲ ਬੀਜੀ ਗਈ ਕਣਕ ਤੋਂ ਘੱਟ ਨਿਕਲਿਆ ਸੀ, ਜਿਸ ਕਾਰਨ ਉਸ ਨੇ ਇਸ ਵਾਰ ਬਿਲਕੁਲ ਅੱਗ ਨਾ ਲਾਉਣ ਦਾ ਫੈਸਲਾ ਕੀਤਾ ਹੈ। ਉਸ ਨੇ ਕਿਹਾ ਕਿ ਹੈਪੀਸੀਡਰ ਨਾਲ ਕਣਕ ਬੀਜਣ ਲਈ ਉਸ ਨੇ ਸੁਪਰ ਐੱਸ. ਐੱਮ. ਐੱਸ. ਲੱਗੀ ਕੰਬਾਈਨ ਤੋਂ ਝੋਨੇ ਦੀ ਵਢਾਈ ਕਰਵਾਈ ਹੈ, ਜਿਸ ਨਾਲ ਫੂਸ ਇਕੱਠਾ ਹੋਣ ਦੀ ਦਿੱਕਤ ਨਹੀਂ ਆਉਂਦੀ। ਉਸ ਨੇ ਦੱਸਿਆ ਕਿ ਹੈਪੀਸੀਡਰ ਨਾਲ ਕਣਕ ਦੀ ਬੀਜਾਈ ਕਰਨ ਨਾਲ ਜਿੱਥੇ ਵਾਤਾਵਰਣ ਨੂੰ ਕੋਈ ਨੁਕਸਾਨ ਨਹੀਂ ਪੁੱਜਦਾ, ਉਥੇ ਹੀ ਖਾਦਾਂ ਦੀ ਵੀ ਘੱਟ ਲੋਡ਼ ਪੈਂਦੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਧਰਮ ਪਾਲ ਗੁਪਤਾ ਨੇ ਕਿਹਾ ਕਿ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਸਭ ਤੋਂ ਪਹਿਲਾਂ ਨੁਕਸਾਨ ਕਿਸਾਨ ਦਾ ਆਪਣਾ ਹੁੰਦਾ ਹੈ ਕਿਉਂਕਿ ਮਿੱਤਰ ਕੀੜੇ ਅਤੇ ਸੂਖਮ ਤੱਤ ਨਸ਼ਟ ਹੋਣ ਦੇ ਨਾਲ-ਨਾਲ ਇਸ ਅੱਗ ਦੀ ਲਪੇਟ ’ਚ ਸਭ ਤੋਂ ਪਹਿਲਾਂ ਉਹ ਤੇ ਉਸ ਦਾ ਪਰਿਵਾਰ ਆਉਂਦਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਕਰਕੇ ਹੋਣ ਵਾਲੇ ਧੂੰਏਂ ਕਾਰਨ ਹੀ ਸਾਡੇ ਆਲੇ-ਦੁਆਲੇ ’ਚ ਸਾਹ ਦੀਆਂ ਬੀਮਾਰੀਆਂ ਅਤੇ ਹੋਰ ਕਈ ਤਰ੍ਹਾਂ ਦੇ ਘਾਤਕ ਰੋਗਾਂ ’ਚ ਵਾਧਾ ਹੋ ਰਿਹਾ ਹੈ। ਸ਼੍ਰੀ ਗੁਪਤਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨ ਅਤੇ ਸਰਕਾਰ ਵੱਲੋਂ ਸਹਿਕਾਰੀ ਸਭਾਵਾਂ ਤੇ ਕਸਟਮ ਹਾਇਰਿੰਗ ਗਰੁੱਪਾਂ ’ਚ ਸਬਸਿਡੀ ’ਤੇ ਮੁਹੱਈਆ ਕਰਵਾਈ ਗਈ ਸੁਚੱਜੇ ਪਰਾਲੀ ਪ੍ਰਬੰਧਨ ਵਾਲੀ ਮਸ਼ੀਨਰੀ ਦੀ ਵਰਤੋਂ ਕਰ ਕੇ ਕਣਕ ਤੇ ਹੋਰਨਾਂ ਫ਼ਸਲਾਂ ਦੀ ਬੀਜਾਈ ਕਰਨ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ’ਚ ਹਰ ਇਕ ਵਿਅਕਤੀ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਪਡ਼੍ਹੇ-ਲਿਖੇ ਨੌਜਵਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੇ ਮਾਡ਼ੇ ਰੁਝਾਨ ਨੂੰ ਰੋਕਣ ਲਈ ਅੱਗੇ ਆਉਣਾ ਚਾਹੀਦਾ ਹੈ।
ਜਬਰ-ਜ਼ਨਾਹ ਦੇ ਦੋਸ਼ ’ਚ 4 ’ਤੇ ਪਰਚਾ
NEXT STORY