ਲੁਧਿਆਣਾ (ਧੀਮਾਨ)- ਭਾਰਤ ਸਰਕਾਰ ਨੇ ਹਾਲ ਹੀ ’ਚ ਬ੍ਰਿਟਿਸ਼ ਇੰਡੀਅਨ ਪੈਨਲ ਕੋਡ ਨੂੰ ਭਾਰਤੀ ਸਜ਼ਾ ਜ਼ਾਬਤਾ ’ਚ ਬਦਲਦੇ ਹੋਏ ਕਾਨੂੰਨ ’ਚ ਕਈ ਸਖ਼ਤ ਬਦਲਾਅ ਕੀਤੇ ਹਨ। ਉਨ੍ਹਾਂ ’ਚ ਇਕ ਮੁੱਖ ਬਦਲਾਅ ਸੜਕ ਦੁਰਘਟਨਾਵਾਂ ’ਚ ਹੋਣ ਵਾਲੀਆਂ ਮੌਤਾਂ ਨਾਲ ਸਬੰਧਤ ਹੈ। ਦੇਸ਼ ’ਚ ਸੜਕ ਦੁਰਘਟਨਾਵਾਂ ’ਚ ਹੋਣ ਵਾਲੀਆਂ ਮੌਤਾਂ ਦਾ ਅੰਕੜਾ 5 ਲੱਖ ਨੂੰ ਪਾਰ ਕਰ ਗਿਆ ਹੈ। ਇਸ ਲਈ ਹੁਣ ‘ਹਿੱਟ ਐਂਡ ਰਨ’ ਕੇਸਾਂ ’ਚ ਸਜ਼ਾ ਦੀ ਵਿਵਸਥਾ ਨੂੰ ਦੋ ਸਾਲ ਤੋਂ ਵਧਾ ਕੇ 10 ਸਾਲ ਕਰ ਦਿੱਤਾ ਗਿਆ ਹੈ। ਇਸ ਦੇ ਵਿਰੋਧ ਵਿੱਚ ਦੇਸ਼ ਭਰ ਦੀਆਂ ਟ੍ਰਾਂਸਪੋਰਟ ਜਥੇਬੰਦੀਆਂ ਨੇ ਹੜਤਾਲ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਜਾਂਦਾ ਸਾਲ ਵਿਛਾ ਗਿਆ ਘਰ 'ਚ ਸੱਥਰ, ਇੱਕੋ ਪਰਿਵਾਰ ਦੇ 5 ਜੀਆਂ ਨੇ ਫਾਹਾ ਲੈ ਕੇ ਕੀਤੀ ਜੀਵਨਲੀਲਾ ਸਮਾਪਤ
ਟ੍ਰਾਂਸਪੋਰਟ ਐਸੋਸੀਏਸ਼ਨਾਂ ਨੇ ਦੇਸ਼ ’ਚ ਟਰੱਕ, ਟੈਂਪੂ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਹਨ ਅਤੇ ਪ੍ਰਾਈਵੇਟ ਗੱਡੀਆਂ ਦੀ ਸੜਕਾਂ ’ਤੇ ਰੋਕ ਕੇ ਹਵਾ ਕੱਢੀ ਜਾ ਰਹੀ ਹੈ ਅਤੇ ਉਨ੍ਹਾਂ ਨਾਲ ਦੁਰ-ਵਿਵਹਾਰ ਕੀਤਾ ਜਾ ਰਿਹਾ ਹੈ। ਟ੍ਰਾਂਸਪੋਰਟ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਸ ਕਾਨੂੰਨ ਤੋਂ ਬਾਅਦ ਦੇਸ਼ ’ਚ ਕੋਈ ਵੀ ਵਿਅਕਤੀ ਟ੍ਰਾਂਸਪੋਰਟ ’ਚ ਚਾਲਕ ਦੀ ਨੌਕਰੀ ਨਹੀਂ ਕਰੇਗਾ ਅਤੇ ਧੁੰਦ ਜਾਂ ਹੋਰਨਾਂ ਕਾਰਨਾਂ ਕਰ ਕੇ ਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਚਾਲਕ ਨੂੰ ਇਸ ਦੀ ਭਾਰੀ ਸਜ਼ਾ ਭੁਗਤਣੀ ਪਵੇਗੀ। ਟ੍ਰਾਂਸਪੋਰਟ ਦੇ ਇਸ ਚੱਕੇ ਜਾਮ ਦਾ ਸਿੱਧਾ ਅਸਰ ਦੇਸ਼ ਭਰ ਦੇ ਕਾਰੋਬਾਰ ’ਤੇ ਪਿਆ ਹੈ। ਪੰਜਾਬ ਭਰ ’ਚ 134 ਟ੍ਰਾਂਸਪੋਰਟ ਯੂਨੀਅਨਾਂ ਹਨ, ਜਿਨ੍ਹਾਂ ’ਚ 70,000 ਤੋਂ ਵੱਧ ਟਰੱਕ ਅਤੇ ਟੈਂਪੂ ਚਲਦੇ ਹਨ।
ਇਸ ਸਬੰਧੀ ਆਲ ਇੰਡਸਟ੍ਰੀਜ਼ ਐਂਡ ਟ੍ਰੇਡ ਫੋਰਮ ਦੇ ਰਾਸ਼ਟਰੀ ਪ੍ਰਧਾਨ ਬਦੀਸ਼ ਜਿੰਦਲ ਨੇ ਦੱਸਿਆ ਕਿ ਟ੍ਰਾਂਸਪੋਰਟਰਾਂ ਵੱਲੋਂ ਕੀਤੇ ਗਏ ਚੱਕਾ ਜਾਮ ਨਾਲ ਦੇਸ਼ ਦਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ। ਪੰਜਾਬ ’ਤੇ ਇਸ ਦਾ ਅਸਰ ਸਭ ਤੋਂ ਵੱਧ ਪਵੇਗਾ ਕਿਉਂਕਿ ਪੰਜਾਬ ’ਚ ਸਾਰਾ ਕੱਚਾ ਮਾਲ ਦੂਜੇ ਸੂਬਿਆਂ ਤੋਂ ਆਉਂਦਾ ਹੈ ਅਤੇ ਬਣਿਆ ਮਾਲ ਵੀ ਦੂਜੇ ਸੂਬਿਆਂ ’ਚ ਭੇਜਿਆ ਜਾਂਦਾ ਹੈ। ਇਸ ਦੇ ਨਾਲ-ਨਾਲ ਲੁਧਿਆਣਾ ’ਚ ਹੋਈ 3 ਦਿਨ ਦੀ ਹੜਤਾਲ ਨਾਲ ਇੱਥੋਂ ਦੇ ਕਾਰੋਬਾਰ ਬੰਦ ਹੋ ਜਾਣਗੇ ਕਿਉਂਕਿ ਜ਼ਿਆਦਾਤਰ ਫੈਕਟਰੀਆਂ ’ਚ ਇਕ ਜਾਂ ਦੋ ਦਿਨ ਦਾ ਸਟਾਕ ਹੀ ਰਹਿੰਦਾ ਹੈ ਅਤੇ ਕੱਚੇ ਮਾਲ ਨੂੰ ਵੱਖ-ਵੱਖ ਪ੍ਰੋਸੈੱਸ ਕਰਨ ਲਈ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਭੇਜਿਆ ਜਾਂਦਾ ਹੈ।
ਇਹ ਵੀ ਪੜ੍ਹੋ- ਟੈਂਕਰ ਚਾਲਕ ਨੇ ਐਕਟਿਵਾ ਸਵਾਰ ਔਰਤ ਨੂੰ ਮਾਰੀ ਟੱਕਰ, ਪਿਛਲੇ ਟਾਇਰ ਹੇਠਾਂ ਆਉਣ ਕਾਰਨ ਹੋਈ ਮੌਤ
ਜਿੰਦਲ ਮੁਤਾਬਕ ਜੇਕਰ ਇਹ ਹੜਤਾਲ ਲੰਬੀ ਚੱਲੀ ਤਾਂ ਉਦਯੋਗਾਂ ਲਈ ਕਾਫੀ ਘਾਤਕ ਸਾਬਤ ਹੋ ਸਕਦੀ ਹੈ। ਸਾਲ ਦੀ ਆਖ਼ਰੀ ਤਿਮਾਹੀ ਹੋਣ ਕਾਰਨ ਟੈਂਡਰ ਅਤੇ ਐਕਸਪੋਰਟ ’ਚ ਸਮੇਂ ’ਤੇ ਮਾਲ ਭੇਜਣਾ ਜ਼ਰੂਰੀ ਹੈ ਅਤੇ ਜੇਕਰ ਇਸੇ ਹੀ ਤਰ੍ਹਾਂ ਚਲਦਾ ਰਿਹਾ ਤਾਂ ਕਾਰੋਬਾਰੀਆਂ ਨੂੰ ਕਾਫੀ ਘਾਟਾ ਸਹਿਣਾ ਪਵੇਗਾ। ਵਿਦੇਸ਼ੀ ਗਾਹਕ ਪੰਜਾਬ ਦੇ ਕਾਰੋਬਾਰੀਆਂ ਨੂੰ ਪਹਿਲਾਂ ਹੀ ਆਰਡਰ ਦੇਣ ਤੋਂ ਕਤਰਾਉਂਦੇ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਪੰਜਾਬ ’ਚ ਆਮ ਕਰ ਕੇ ਹੜਤਾਲਾਂ ਅਤੇ ਰੋਡ ਬਲਾਕ ਦਾ ਸਿਲਸਿਲਾ ਚਲਦਾ ਰਹਿੰਦਾ ਹੈ, ਜਿਸ ਕਾਰਨ ਪੰਜਾਬ ਤੋਂ ਮਾਲ ਸਮੇਂ ਸਿਰ ਡਿਲੀਵਰ ਨਹੀਂ ਹੁੰਦਾ। ਆਲ ਇੰਡਸਟ੍ਰੀਜ਼ ਐਂਡ ਟ੍ਰੇਡ ਫੋਰਮ ਨੇ ਸਾਰੀਆਂ ਟ੍ਰਾਂਸਪੋਰਟ ਐਸੋਸੀਏਸ਼ਨਾਂ ਨੂੰ ਅਪੀਲ ਕੀਤੀ ਹੈ ਕਿ ਕਾਰੋਬਾਰੀਆਂ ਨੂੰ ਪ੍ਰੇਸ਼ਾਨ ਕਰਨ ਦੀ ਬਜਾਏ ਉਹ ਸਰਕਾਰ ਨਾਲ ਕਾਨੂੰਨੀ ਲੜਾਈ ਲੜਨ ਕਿਉਂਕਿ ਹੜਤਾਲ ਹੋਣ ਨਾਲ ਕਾਰੋਬਾਰ ਦੇ ਨਾਲ ਨਾਲ ਟ੍ਰਾਂਸਪੋਰਟ ਨੂੰ ਵੀ ਭਾਰੀ ਘਾਟਾ ਸਹਿਣਾ ਪਵੇਗਾ।
ਇਹ ਵੀ ਪੜ੍ਹੋ- ਨਵੇਂ ਸਾਲ ਦੇ ਪਹਿਲੇ ਦਿਨ ਵੀ ਨਹੀਂ ਦਿਖਿਆ 'ਸੂਰਜ ਦੇਵਤਾ', ਜਲੰਧਰ 'ਚ ਧੁੰਦ ਕਾਰਨ AQI ਪੱਧਰ ਪਹੁੰਚਿਆ 350 ਤੋਂ ਪਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫੈਕਟਰੀ 'ਚ CCTV ਠੀਕ ਕਰ ਰਿਹਾ ਵਿਅਕਤੀ ਡਿੱਗਾ ਛੱਤ ਤੋਂ ਹੇਠਾਂ, ਹੋਈ ਮੌਤ
NEXT STORY