ਪਟਿਆਲਾ (ਰਾਜੇਸ਼ ਪੰਜੌਲਾ): ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜਵਾਈ ਸਾਬਕਾ ਕੈਬਨਿਟ ਮੰਤਰੀ ਹਰਮੇਲ ਸਿੰਘ ਟੌਹੜਾ ਅਤੇ ਉਨ੍ਹਾਂ ਦੇ ਸਪੁੱਤਰ ਹਰਿੰਦਰਪਾਲ ਸਿੰਘ ਟੌਹੜਾ ਨੇ ਸ਼ਨੀਵਾਰ ਨੂੰ ਮੁੱਖ ਮੰਤਰੀ ਨਿਵਾਸ ਨਿਊ ਮੋਤੀ ਮਹਿਲ ਪਹੁੰਚ ਕੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਧਰਮ ਪਤਨੀ ਅਤੇ ਪਟਿਆਲਾ ਦੀ ਐੱਮ. ਪੀ. ਮਹਾਰਾਣੀ ਪਰਨੀਤ ਕੌਰ ਨਾਲ ਬੰਦ ਕਮਰਾ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਸਿਰਫ ਮਹਾਰਾਣੀ ਪਰਨੀਤ ਕੌਰ ਅਤੇ ਟੌਹੜਾ ਪਰਿਵਾਰ ਮੌਜੂਦ ਸੀ। ਮੋਤੀ ਮਹਿਲ ਸਟਾਫ਼ ਦਾ ਕੋਈ ਵੀ ਮੈਂਬਰ ਮੀਟਿੰਗ ’ਚ ਮੌਜੂਦ ਨਹੀਂ ਸੀ। ਸਿਰਫ ਸੋਸ਼ਲ ਮੀਡੀਆ ਟੀਮ ਦੇ ਫੋਟੋਗ੍ਰਾਫਰ ਨੇ ਫੋਟੋ ਖਿੱਚੀ ਅਤੇ ਉਹ ਵੀ ਮੀਟਿੰਗ ਤੋਂ ਬਾਹਰ ਆ ਗਿਆ। ਦੇਰ ਸ਼ਾਮ ਐੱਮ. ਪੀ. ਮਹਾਰਾਣੀ ਪਰਨੀਤ ਕੌਰ ਨੇ ਖ਼ੁਦ ਇਹ ਫੋਟੋ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ, ਜਿਸ ਤੋਂ ਬਾਅਦ ਕਾਂਗਰਸ ਅਤੇ ਜ਼ਿਲ੍ਹਾ ਪਟਿਆਲਾ ਸਿਆਸਤ ’ਚ ਨਵੀਂ ਚਰਚਾ ਸ਼ੁਰੂ ਹੋ ਗਈ ਹੈ।
ਹਰਮੇਲ ਸਿੰਘ ਟੌਹੜਾ 1997 ’ਚ ਹਲਕਾ ਡਕਾਲਾ (ਹੁਣ ਸਨੌਰ) ਤੋਂ ਵਿਧਾਇਕ ਬਣੇ ਸਨ ਅਤੇ ਅਕਾਲੀ ਭਾਜਪਾ ਸਰਕਾਰ ’ਚ ਪੀ. ਡਬਲਯੂ. ਡੀ. ਵਿਭਾਗ ਦੇ ਕੈਬਨਿਟ ਮੰਤਰੀ ਰਹੇ ਸਨ। ਅਕਾਲੀ ਦਲ ਤੋਂ ਦੁਖੀ ਹੋ ਕੇ ਟੌਹੜਾ ਪਰਿਵਾਰ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਿਆ ਸੀ ਅਤੇ ਪੰਥ ਰਤਨ ਜਥੇ. ਗੁਰਚਰਨ ਸਿੰਘ ਟੌਹੜਾ ਦੀ ਸਪੁੱਤਰੀ ਅਤੇ ਹਰਮੇਲ ਸਿੰਘ ਟੌਹੜਾ ਦੀ ਧਰਮਪਤਨੀ ਬੀਬੀ ਕੁਲਦੀਪ ਕੌਰ ਟੌਹੜਾ ਨੇ ਆਮ ਆਦਮੀ ਪਾਰਟੀ ਦੀ ਟਿਕਟ ਤੋਂ 2017 ’ਚ ਹਲਕਾ ਸਨੌਰ ਤੋਂ ਚੋਣ ਲੜੀ ਸੀ। ਕੁੱਝ ਸਮੇਂ ਬਾਅਦ ਉਹ ਫਿਰ ਅਕਾਲੀ ਦਲ ’ਚ ਸ਼ਾਮਲ ਹੋ ਗਏ ਸਨ।
ਸੂਤਰਾਂ ਅਨੁਸਾਰ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਟੌਹੜਾ ਪਰਿਵਾਰ ਨੂੰ ਕਾਂਗਰਸ ’ਚ ਸ਼ਾਮਲ ਕਰਨਾ ਚਾਹੁੰਦੇ ਸਨ ਪਰ ਟੌਹੜਾ ਪਰਿਵਾਰ ਨਹੀਂ ਮੰਨਿਆ। ਚੋਣ ਵਰ੍ਹੇ ’ਚ ਟੌਹੜਾ ਪਰਿਵਾਰ ਦੀ ਮਹਾਰਾਣੀ ਪਰਨੀਤ ਕੌਰ ਨਾਲ ਮੀਟਿੰਗ ਕਈ ਤਰ੍ਹਾਂ ਦੇ ਰਾਜਨੀਤਕ ਸੰਕੇਤ ਦਿੰਦੀ ਹੈ। ਕੈ. ਅਮਰਿੰਦਰ ਸਿੰਘ ਹਮੇਸ਼ਾ ਹੀ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹਡ਼ਾ ਦੇ ਪਰਿਵਾਰ ਦਾ ਬੇਹੱਦ ਸਤਿਕਾਰ ਕਰਦੇ ਹਨ।
ਜੈਤੋ ’ਚ ਕੋਰੋਨਾ ਦਾ ਕਹਿਰ, 8 ਪਾਜ਼ੇਟਿਵ ਕੇਸਾਂ ਦੀ ਪੁਸ਼ਟੀ
NEXT STORY