ਜਲੰਧਰ (ਵੈੱਬ ਡੈਸਕ) : ਧਰਮਕੋਟ ਯਾਨੀ ਚੋਣ ਕਮਿਸ਼ਨ ਦੇ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੀ ਸੂਚੀ ਵਿਚ ਹਲਕਾ ਨੰਬਰ-74। ਰਵਾਇਤੀ ਤੌਰ 'ਤੇ ਇਹ ਹਲਕਾ ਅਕਾਲੀ ਦਲ ਦੇ ਪ੍ਰਭਾਵ ਵਾਲਾ ਮੰਨਿਆ ਜਾਂਦਾ ਹੈ। ਜੇਕਰ 1997 ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਦੇ ਅੰਕੜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਇਸ ਹਲਕੇ 'ਤੇ ਅਕਾਲੀ ਦਲ ਦਾ ਪ੍ਰਭਾਵ ਸਿੱਧੇ ਤੌਰ 'ਤੇ ਨਜ਼ਰ ਆ ਰਿਹਾ ਹੈ। ਇਸ ਸੀਟ 'ਤੇ ਹੁਣ ਤੱਕ ਹੋਈਆਂ 5 ਵਿਧਾਨ ਸਭਾ ਚੋਣਾਂ ਵਿਚੋਂ 4 ਵਾਰ ਅਕਾਲੀ ਦਲ ਜੇਤੂ ਰਹਿ ਚੁੱਕਾ ਹੈ। ਅਕਾਲੀ ਦਲ ਨੇ ਇਸ ਸੀਟ 'ਤੇ 1997, 2002, 2007 ਅਤੇ 2012 ਵਿਚ ਲਗਾਤਾਰ ਚਾਰ ਵਾਰ ਜਿੱਤ ਦਰਜ ਕਰ ਚੁੱਕਾ ਹੈ। ਜਦਕਿ ਇਕ ਵਾਰ 2017 ਵਿਚ ਇਸ ਸੀਟ 'ਤੇ ਕਾਂਗਰਸ ਦਾ ਉਮੀਦਵਾਰ ਜੇਤੂ ਰਹਿ ਚੁੱਕਾ ਹੈ।
ਹਲਕਾ ਧਰਮਕੋਟ ਦਾ ਪਿਛਲੀਆਂ 5 ਚੋਣਾਂ ਦਾ ਇਤਿਹਾਸ
ਧਰਮਕੋਟ ਹਲਕੇ ਨੂੰ ਜੇਕਰ ਅਕਾਲੀ ਦਲ ਦਾ ਗੜ੍ਹ ਕਿਹਾ ਜਾਵੇ ਤਾਂ ਇਸ ਵਿਚ ਕੋਈ ਸ਼ੱਕ ਨਹੀਂ ਹੋਵੇਗਾ, ਕਿਉਂਕਿ 1997 ਤੋਂ 2012 ਵਿਚ ਲਗਾਤਾਰ ਅਕਾਲੀ ਦਲ ਇਥੇ ਵੱਡੀ ਲੀਡ ਨਾਲ ਜਿੱਤ ਹਾਸਲ ਕਰਦਾ ਰਿਹਾ ਹੈ। 1997 ਵਿਚ ਅਕਾਲੀ ਦਲ ਦੇ ਸ਼ੀਤਲ ਸਿੰਘ ਨੇ ਕਾਂਗਰਸ ਦੇ ਕੇਵਲ ਸਿੰਘ ਨੂੰ 26642 ਵੋਟਾਂ ਦੇ ਵੱਡੇ ਫਰਕ ਨਾਲ ਮਾਤ ਦਿੱਤੀ। 2002 ਵਿਚ ਕਾਂਗਰਸ ਦੀ ਹਾਲਤ ਇਥੇ ਇੰਨੀ ਪਤਲੀ ਹੋ ਗਈ ਕਿ ਕਾਂਗਰਸ ਦੂਜੇ ਸਥਾਨ ਤੋਂ ਥਾਂ ਤੀਜੇ 'ਤੇ ਪਹੁੰਚ ਗਈ ਅਤੇ ਅਕਾਲੀ ਦਲ ਦੇ ਸ਼ੀਤਲ ਸਿੰਘ 15529 ਵੋਟਾਂ ਦੇ ਵੱਡੇ ਮਾਰਜਨ ਨਾਲ ਮੁੜ ਜੇਤੂ ਰਹੇ ਅਤੇ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿਚ ਉਤਰੇ ਮੁਖਤਿਆਰ ਸਿੰਘ ਦੂਜੇ ਨੰਬਰ 'ਤੇ ਰਹੇ।
2007 ਵਿਚ ਅਕਾਲੀ ਦਲ ਨੇ ਲਗਾਤਾਰ ਤੀਜੀ ਵਾਰ ਸ਼ੀਤਲ ਸਿੰਘ ਨੂੰ ਮੈਦਾਨ ਵਿਚ ਉਤਾਰਿਆ ਉਨ੍ਹਾਂ ਕਾਂਗਰਸ ਦੇ ਕੇਵਲ ਸਿੰਘ 5700 ਵੋਟਾਂ ਦੇ ਫਰਕ ਨਾਲ ਮਾਤ ਦੇ ਕੇ ਧਰਮਕੋਟ ਹਲਕੇ 'ਤੇ ਆਪਣਾ ਕਬਜ਼ਾ ਕਾਇਮ ਰੱਖਿਆ। 2012 ਦੀਆਂ ਚੋਣਾਂ ਵਿਚ ਅਕਾਲੀ ਦਲ ਨੇ ਦਿੱਗਜ ਆਗੂ ਤੋਤਾ ਸਿੰਘ ਨੂੰ ਧਰਮਕੋਟ ਤੋਂ ਉਮੀਦਵਾਰ ਬਣਾਇਆ ਜਿਨ੍ਹਾਂ ਨੇ ਕਾਂਗਰਸ ਦੇ ਸੁਖਜੀਤ ਸਿੰਘ ਨੂੰ 4255 ਵੋਟਾਂ ਦੇ ਫਰਕ ਨਾਲ ਹਰਾ ਕੇ ਲਗਾਤਾਰ ਚੌਥੀ ਵਾਰ ਇਹ ਹਲਕਾ ਜਿੱਤ ਕੇ ਅਕਾਲੀ ਦਲ ਦੀ ਝੋਲੀ ਵਿਚ ਪਾਇਆ। 2017 ਵਿਚ ਬੇਅਦਬੀ ਦਾ ਸੇਕ ਅਕਾਲੀ ਦਲ ਨੂੰ ਅਜਿਹਾ ਲੱਗਾ ਕਿ ਰਵਾਇਤੀ ਸੀਟ ਵੀ ਅਕਾਲੀ ਦਲ ਬਚਾਅ ਨਾ ਸਕਿਆ। ਇਥੇ ਕਾਂਗਰਸ ਦੇ ਸੁਖਜੀਤ ਸਿੰਘ ਨੂੰ 63238 ਜਦਕਿ ਅਕਾਲੀ ਦਲ ਦੇ ਤੋਤਾ ਸਿੰਘ ਨੂੰ 41020 ਅਤੇ ਆਮ ਆਦਮੀ ਪਾਰਟੀ ਦੇ ਦਲਜੀਤ ਸਿੰਘ ਨੂੰ 34465 ਵੋਟਾਂ ਹਾਸਲ ਹੋਈਆਂ। ਇਥੇ ਕਾਂਗਰਸ ਦੇ ਸੁਖਜੀਤ ਸਿੰਘ 22218 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੇ।

2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਲਕਾ ਧਰਮਕੋਟ ਤੋਂ ਕਾਂਗਰਸ ਨੇ ਮੌਜੂਦਾ ਵਿਧਾਇਕ ਸੁਖਜੀਤ ਸਿੰਘ ਨੂੰ, ਆਮ ਆਦਮੀ ਪਾਰਟੀ ਵਲੋਂ ਦਵਿੰਦਰ ਸਿੰਘ ਲਾਡੀ ਢੋਸ, ਅਕਾਲੀ ਦਲ ਵਲੋਂ ਜਥੇਦਾਰ ਤੋਤਾ ਸਿੰਘ, ਸੰਯੁਕਤ ਸਮਾਜ ਮੋਰਚੇ ਵਲੋਂ ਹਰਪ੍ਰੀਤ ਸਿੰਘ ਅਤੇ ਪੰਜਾਬ ਲੋਕ ਕਾਂਗਰਸ ਵਲੋਂ ਰਵਿੰਦਰ ਸਿੰਘ ਗਰੇਵਾਲ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ।
ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਇਸ ਸੀਟ ’ਤੇ ਕੁਲ 181612 ਵੋਟਰ ਹਨ, ਜਿਨ੍ਹਾਂ 'ਚੋਂ 85567 ਪੁਰਸ਼, 96036 ਔਰਤਾਂ ਅਤੇ 9 ਥਰਡ ਜੈਂਡਰ ਹਨ।
ਮੋਗਾ ਹਲਕੇ 'ਚ ਹੋਵੇਗੀ ਸਖ਼ਤ ਟੱਕਰ, ਜਾਣੋ ਸੀਟ ਦਾ ਇਤਿਹਾਸ
NEXT STORY