ਮੋਗਾ (ਵੈੱਬ ਡੈਸਕ) : ਮੋਗਾ ਯਾਨੀ ਚੋਣ ਕਮਿਸ਼ਨ ਦੀ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੀ ਲਿਸਟ ਵਿਚ ਹਲਕਾ ਨੰਬਰ 73, ਜੋ ਜ਼ਿਆਦਾਤਰ ਕਾਂਗਰਸ ਦੇ ਪ੍ਰਭਾਵ ਵਾਲਾ ਮੰਨਿਆ ਜਾਂਦਾ ਹੈ। ਜੇਕਰ 1997 ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਦੇ ਅੰਕੜਿਆ 'ਤੇ ਨਜ਼ਰ ਮਾਰੀ ਜਾਵੇ ਤਾਂ ਇਸ ਹਲਕੇ 'ਤੇ ਕਾਂਗਰਸ ਦਾ ਪ੍ਰਭਾਵ ਸਿੱਧੇ ਤੌਰ 'ਤੇ ਨਜ਼ਰ ਆ ਰਿਹਾ ਹੈ। ਇਸ ਹਲਕੇ 'ਤੇ ਹੁਣ ਤੱਕ ਹੋਈਆਂ 5 ਵਿਧਾਨ ਸਭਾ ਚੋਣਾਂ ਵਿਚੋਂ ਲਗਾਤਾਰ ਤਿੰਨ ਵਾਰ ਕਾਂਗਰਸ ਆਪਣੀ ਜਿੱਤ ਦਾ ਝੰਡਾ ਲਹਿਰਾ ਚੁੱਕੀ ਹੈ। ਕਾਂਗਰਸ ਇਥੇ 2007, 2012 ਅਤੇ 2017 ਵਿਚ ਜਿੱਤ ਚੁੱਕੀ ਹੈ ਜਦਕਿ ਦੋ ਵਾਰ 1997 ਅਤੇ 2002 ਵਿਚ ਲਗਾਤਾਰ ਦੋ ਵਾਰ ਅਕਾਲੀ ਦਲ ਇਥੇ ਜਿੱਤ ਦਰਜ ਕਰ ਚੁੱਕਾ ਹੈ।
ਹਲਕਾ ਮੋਗਾ ਦਾ ਪਿਛਲੇ ਪੰਜ ਸਾਲ ਦਾ ਇਤਿਹਾਸ
1997 ਅਤੇ 2002 ਵਿਚ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬਾਦਲ ਸਰਕਾਰ ਵਿਚ ਮੰਤਰੀ ਰਹੇ ਤੋਤਾ ਸਿੰਘ ਲਗਾਤਾਰ ਦੋ ਵਾਰ ਇਥੇ ਜਿੱਤ ਦਰਜ ਕਰ ਚੁੱਕੇ ਹਨ। 1997 ਵਿਚ ਤੋਤਾ ਸਿੰਘ ਨੇ ਕਾਂਗਰਸ ਦੇ ਸਾਥੀ ਵਿਜੇ ਕੁਮਾਰ ਨੂੰ 21399 ਵੋਟਾਂ ਦੇ ਰਿਕਾਰਡ ਫਰਕ ਨਾਲ ਹਰਾ ਕੇ ਇਸ ਹਲਕੇ 'ਤੇ ਕਬਜ਼ਾ ਕੀਤਾ ਸੀ। ਤੋਤਾ ਸਿੰਘ ਦਾ ਇਹ ਕਬਜ਼ਾ 2002 ਵਿਚ ਵੀ ਕਾਇਮ ਰਿਹਾ। ਇਨ੍ਹਾਂ ਚੋਣਾਂ ਵਿਚ ਤੋਤਾ ਸਿੰਘ ਨੂੰ 42579 ਅਤੇ ਕਾਂਗਰਸ ਦੇ ਸਾਥੀ ਵਿਜੇ ਕੁਮਾਰ ਨੂੰ 42274 ਵੋਟਾਂ ਹਾਸਲ ਹੋਈਆਂ। ਇਥੇ ਤੋਤਾ ਸਿੰਘ 305 ਦੇ ਮਾਮੂਲੀ ਫਰਕ ਨਾਲ ਜੇਤੂ ਤਾਂ ਰਹੇ ਪਰ ਉਨ੍ਹਾਂ ਨੇ ਮੋਗਾ ਦੀ ਸੀਟ ਦਬਦਬਾ ਕਾਇਮ ਰੱਖਿਆ। 2007 ਵਿਚ ਕਾਂਗਰਸ ਦੇ ਜੋਗਿੰਦਰ ਪਾਲ ਜੈਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਉੱਘੇ ਆਗੂ ਤੋਤਾ ਸਿੰਘ ਨੂੰ ਹਰਾ ਕੇ ਇਸ ਸੀਟ 'ਤੇ ਜਿੱਤ ਦਰਜ ਕੀਤੀ। 2012 ਵਿਚ ਫਿਰ ਜੋਗਿੰਦਰ ਪਾਲ ਜੈਨ ਨੇ ਅਕਾਲੀ ਦਲ ਦੇ ਪਰਮਦੀਪ ਸਿੰਘ ਗਿੱਲ ਨੂੰ ਹਰਾ ਕੇ ਇਸ ਨੂੰ ਸੀਟ ਨੂੰ ਕਾਂਗਰਸ ਦੀ ਝੋਲੀ ਪਾਇਆ।
ਇਸ ਸੀਟ 'ਤੇ ਉਸ ਵੇਲੇ ਕਾਂਗਰਸ ਨੂੰ ਤਗੜਾ ਝਟਕਾ ਲੱਗਾ ਜਦੋਂ ਜੈਨ ਨੇ ਕਾਂਗਰਸ ਦਾ ਪੰਜਾ ਛੱਡ ਅਕਾਲੀ ਦਲ ਦੀ ਤਕੜੀ ਫੜ ਲਈ ਅਤੇ ਇਸ ਸੀਟ ਤੋਂ ਅਸਤੀਫਾ ਦੇ ਦਿੱਤਾ। ਜੈਨ ਦੇ ਅਸਤੀਫਾ ਤੋਂ ਬਾਅਦ 2013 'ਚ ਮੋਗਾ 'ਚ ਜ਼ਿਮਨੀ ਚੋਣ ਹੋਈ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣ ਮੈਦਾਨ 'ਚ ਉਤਰੇ ਜੈਨ ਨੇ ਕਾਂਗਰਸ ਦੇ ਸਾਥੀ ਵਿਜੇ ਕੁਮਾਰ ਨੂੰ ਹਰਾ ਕੇ ਇਸ ਸੀਟ 'ਤੇ ਅਕਾਲੀ ਦਲ ਨੂੰ ਕਾਬਜ਼ ਕੀਤਾ। 2017 ਵਿਚ ਇਸ ਹਲਕੇ 'ਤੇ ਤਿਕੌਣਾ ਮੁਕਾਬਲਾ ਦੇਖਣ ਨੂੰ ਮਿਲਿਆ। ਇਨ੍ਹਾਂ ਚੋਣਾਂ ਵਿਚ ਭਾਵੇਂ ਕਾਂਗਰਸ ਦੇ ਹਰਜੋਤ ਕਮਲ ਜੇਤੂ ਰਹੇ ਪਰ ਆਮ ਆਦਮੀ ਪਾਰਟੀ ਕਾਂਗਰਸ ਨੂੰ ਸਖ਼ਤ ਟੱਕਰ ਦਿੰਦੀ ਨਜ਼ਰ ਆਈ। ਪਹਿਲੀ ਵਾਰ ਮੈਦਾਨ ਵਿਚ ਉੱਤਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੇਸ਼ ਗਰੋਵਰ ਨੂੰ 50593 ਵੋਟਾਂ ਹਾਸਲ ਹੋਈਆਂ ਜਦਕਿ ਅਕਾਲੀ ਦਲ ਦੇ ਬਰਜਿੰਦਰ ਸਿੰਘ ਮੱਖਣ ਬਰਾੜ 36587 ਨਾਲ ਤੀਜੇ ਨੰਬਰ 'ਤੇ ਰਹੇ। ਇਥੇ ਕਾਂਗਰਸ ਦੇ ਹਰਜੋਤ ਕਮਰ 1764 ਵੋਟਾਂ ਨਾਲ ਜੇਤੂ ਰਹੇ।

2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਲਕਾ ਮੋਗਾ ਤੋਂ ਕਾਂਗਰਸ ਨੇ ਮਾਲਵਿਕਾ ਸੂਦ, ਆਮ ਆਦਮੀ ਪਾਰਟੀ ਵਲੋਂ ਡਾ. ਅਮਨਦੀਪ ਕੌਰ ਅਰੋੜਾ, ਅਕਾਲੀ ਦਲ ਵਲੋਂ ਬਰਜਿੰਦਰ ਸਿੰਘ ਬਰਾੜ, ਸੰਯੁਕਤ ਸਮਾਜ ਮੋਰਚੇ ਵਲੋਂ ਨਵਦੀਪ ਸਿੰਘ ਸੰਘਾ ਅਤੇ ਭਾਜਪਾ ਵਲੋਂ ਡਾ. ਹਰਜੋਤ ਕਮਲ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ।
ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਇਸ ਸੀਟ ’ਤੇ ਕੁਲ 203541ਵੋਟਰ ਹਨ, ਜਿਨ੍ਹਾਂ 'ਚੋਂ 96188 ਪੁਰਸ਼, 107339 ਔਰਤਾਂ ਅਤੇ 14 ਥਰਡ ਜੈਂਡਰ ਹਨ।
ਅਕਾਲੀ ਦਲ ਦੇ ਪ੍ਰਭਾਵ ਵਾਲੇ ਹਲਕਾ ਬਾਘਾ ਪੁਰਾਣਾ ਦੀ ਸੀਟ ਦਾ ਜਾਣੋ ਇਤਿਹਾਸ
NEXT STORY