ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਵੱਲੋਂ ਟ੍ਰੈਵਲ ਏਜੰਟਾਂ ਦੀ ਧੋਖਾਦੇਹੀ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਇਕ ਵੱਡੀ ਕਾਰਵਾਈ ਸਾਹਮਣੇ ਆਈ ਹੈ। ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਦੋ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਇਹ ਕਾਰਵਾਈ ਸੁਖਵਿੰਦਰ ਸਿੰਘ ਪੁੱਤਰ ਸਵਰਗੀ ਗੁਰਜੰਟ ਸਿੰਘ ਉਰਫ਼ ਬੱਗੀ ਵੱਲੋਂ ਦਿੱਤੀ ਗਈ ਇਕ ਲਿਖਤੀ ਦਰਖਾਸਤ ਦੇ ਆਧਾਰ ’ਤੇ ਕੀਤੀ ਗਈ ਹੈ। ਪੁਲਸ ਵੱਲੋਂ ਜਾਂਚ ਤੋਂ ਬਾਅਦ ਜਸਵੀਰ ਕੌਰ ਉਰਫ਼ ਅਮਨ ਪੁੱਤਰੀ ਜਰਨੈਲ ਸਿੰਘ (ਵਾਸੀ ਨੇੜੇ ਬਾਬਾ ਬੂਟਾ ਰਾਮ ਗੁਰਦੁਆਰਾ ਸਾਹਿਬ, ਰਣੀਆਂ, ਜ਼ਿਲਾ ਮੋਗਾ), ਜੋ ਕਿ ਫਿਲਹਾਲ ਸਾਈਪ੍ਰਸ ਵਿਖੇ ਰਹਿ ਰਹੀ ਹੈ ਅਤੇ ਗੁਰਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ (ਵਾਸੀ ਨੇੜੇ ਬਾਬਾ ਬੂਟਾ ਰਾਮ ਗੁਰਦੁਆਰਾ ਸਾਹਿਬ, ਰਣੀਆਂ, ਜ਼ਿਲਾ ਮੋਗਾ) ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਸੀਨੀਅਰ ਕਪਤਾਨ ਪੁਲਸ ਸ੍ਰੀ ਮੁਕਤਸਰ ਸਾਹਿਬ ਅਭਿਮੰਨਿਊ ਰਾਣਾ ਦੀ ਪ੍ਰਵਾਨਗੀ ਅਤੇ ਡੀ.ਐੱਸ.ਪੀ. ਬਚਨ ਸਿੰਘ ਦੀ ਅਗਵਾਈ ਹੇਠ ਹੋਈ ਉੱਚ ਪੱਧਰੀ ਪੜਤਾਲ ਤੋਂ ਬਾਅਦ ਥਾਣਾ ਸਿਟੀ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਕੀ ਹੈ ਪੂਰਾ ਮਾਮਲਾ?
ਪੀੜਤ ਸੁਖਵਿੰਦਰ ਸਿੰਘ ਵੱਲੋਂ ਪੁਲਸ ਕੋਲ ਲੱਗਭਗ ਇਕ ਸਾਲ ਪਹਿਲਾਂ (ਮਈ 2025) ਸ਼ਿਕਾਇਤ ਦਰਜ ਕਰਵਾਈ ਗਈ ਸੀ। ਜਾਂਚ ਅਧਿਕਾਰੀਆਂ ਮੁਤਾਬਕ, ਮੁਲਜ਼ਮਾਂ ਨੇ ਪੀੜਤ ਨੂੰ ਵਿਦੇਸ਼ (ਸਾਈਪ੍ਰਸ) ਭੇਜਣ ਅਤੇ ਉੱਥੇ ਪੱਕੇ ਤੌਰ ’ਤੇ ਸੈਟਲ ਕਰਵਾਉਣ ਦਾ ਝਾਂਸਾ ਦੇ ਕੇ ਮੋਟੀ ਰਕਮ ਵਸੂਲੀ ਸੀ ਪਰ ਬਾਅਦ ਵਿਚ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਗਏ। ਪੁਲਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਫਰਾਰ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅਣ-ਅਧਿਕਾਰਤ ਟਰੈਵਲ ਏਜੰਟਾਂ ਦੇ ਝਾਂਸੇ ਵਿਚ ਆਉਣ ਤੋਂ ਬਚਣ।
ਘਰ ਦੇ ਬਾਹਰ ਲੰਘਦੀ ਕੱਸੀ ’ਚ ਡਿੱਗਣ ਨਾਲ ਕਿਸਾਨ ਦੀ ਮੌਤ
NEXT STORY