ਫ਼ਿਰੋਜ਼ਪੁਰ, (ਕੁਮਾਰ)- ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਰੁਪਿੰਦਰ, ਜ਼ਿਲਾ ਪ੍ਰਧਾਨ ਬਲਕਾਰ ਸਿੰਘ ਅਤੇ ਜ਼ਿਲਾ ਜਨਰਲ ਸਕੱਤਰ ਹਰਜਿੰਦਰ ਸਿੰਘ ਮੋਮੀ ਨੇ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਕੈਬਨਿਟ ਅਤੇ ਇਸਦੇ ਫਰੇਬੀ ਮੰਤਰੀਆਂ ਵੱਲੋਂ 3 ਅਕਤੂਬਰ ਨੂੰ 8886 ਐੱਸ. ਐੱਸ. ਏ./ਰਮਸਾ/ਆਦਰਸ਼/ਮਾਡਲ ਅਧਿਆਪਕਾਂ ਦੀਆਂ ਤਨਖਾਹਾਂ ਵਿਚ ਕਟੌਤੀ ਕਰਨ ਦਾ ਨਾਦਰਸ਼ਾਹੀ ਫਰਮਾਨ ਜਾਰੀ ਕਰਨ ਤੋਂ ਬਾਅਦ ਸਾਂਝੇ ਅਧਿਆਪਕ ਮੋਰਚੇ ਦੇ ਬੈਨਰ ਹੇਠ ਸ਼ੁਰੂ ਹੋਏ ਇਤਿਹਾਸਕ ਸੰਘਰਸ਼ ਕਾਰਨ ਬੌਖਲਾਹਟ ਵਿਚ ਆਈ ਕੈਪਟਨ ਸਰਕਾਰ ਵੱਲੋਂ ਪੰਜ ਅਧਿਆਪਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਮੁਲਾਜ਼ਮਾਂ ਅਤੇ ਸਰਕਾਰ ਦਰਮਿਆਨ ਚੱਲ ਰਹੀ ਜੱਦੋ-ਜਹਿਦ ਅੰਦਰ ਸਰਕਾਰ ਦੀ ਤਾਕਤ ਅਫਸਰਸ਼ਾਹੀ, ਪੁਲਸ ਕਾਨੂੰਨ ਆਦਿ ਦੀ ਵਰਤੋਂ ਕਰ ਕੇ ਮੁਲਾਜ਼ਮਾਂ ਨੂੰ ਡਰਾਉਣ, ਧਮਕਾਉਣ ਅਤੇ ਤਰ੍ਹਾਂ-ਤਰ੍ਹਾਂ ਦੇ ਲਾਲਚ ਅਤੇ ਝਾਂਸੇ ਦੇ ਕੇ ਵੀ ਅਧਿਆਪਕਾਂ ਤੋਂ ਕਲਿੱਕ ਨਹੀਂ ਕਰਵਾ ਸਕੀ। ਪਹਿਲਾਂ ਡਰਾਵੇ, ਧਮਕੀਆਂ, ਫਿਰ ਬਦਲੀਆਂ, ਮੁਅੱਤਲੀਆਂ ਦੇ ਬਾਵਜੂਦ ਜੁਝਾਰੂ ਅਧਿਆਪਕ ਡਟੇ ਰਹੇ। ਅੰਤ ’ਚ ਸਰਕਾਰ ਨੇ ਆਪਣਾ ਆਖਰੀ ਹਥਿਆਰ ਵਰਤਿਆ ਹੈ। ਪਿਛਲੇ 40 ਸਾਲਾਂ ਵਿਚ ਇਹ ਪਹਿਲੀ ਸਰਕਾਰ ਹੈ, ਜਿਸਨੇ ਹੱਕ ਮੰਗਦੇ ਅਧਿਆਪਕਾਂ ਦੀਆਂ ਸੇਵਾਵਾਂ ਖਤਮ ਕਰਨ ਦਾ ਜਾਬਰ ਫੈਸਲਾ ਲਿਆ ਹੈ। ਪੰਜ ਅਧਿਆਪਕ ਆਗੂਅਾਂ ਨੂੰ ਟਰਮੀਨੇਟ ਕਰ ਕੇ ਖੌਫ ਅਤੇ ਡਰ ਨੂੰ ਚਰਮ ਸੀਮਾ ’ਤੇ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸਦੇ ਰਵੱਈਏ ਵਿਰੁੱਧ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਪੰਜਾਬ ਰਜਿ. ਨੰ. 31 ਜ਼ਿਲਾ ਫਿਰੋਜ਼ਪੁਰ ਵੱਲੋਂ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਸਰਕਲ ਪ੍ਰੈੱਸ ਸਕੱਤਰ ਹਰਦੀਪ ਸਿੰਘ ਨੇ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਲੋਹਡ਼ੀ ਦੇ ਮੌਕੇ ਤੋਹਫੇ ਦਿੱਤੇ ਜਾਣ ਦੀ ਗੱਲ ਕੀਤੀ ਜਾ ਰਹੀ ਸੀ, ਜੋ ਕਿ ਅੱਜ ਵਿਕਟੇਮਾਈਜ਼ੇਸ਼ਨਾਂ ਦੇ ਰੂਪ ਵਿਚ ਦਿੱਤੇ ਹਨ ਪਰ ਇਹ ਹਿਟਲਰ ਸਰਕਾਰ ਅਤੇ ਮੰਤਰੀ ਸਮਝ ਲੈਣ ਕਿ ਪੰਜਾਬ ਦੀਆਂ ਸਾਰੀਆਂ ਜਨਤਕ ਜਮਹੂਰੀ ਜਥੇਬੰਦੀਆਂ, ਸਾਰੇ ਅਧਿਆਪਕ, ਆਮ ਲੋਕ ਸਰਕਾਰ ਦੇ ਇਸ ਤੁਗਲਕੀ ਫਰਮਾਨ ਦਾ ਮੂੰਹ-ਤੋਡ਼ ਜਵਾਬ ਦੇਣਗੇ। ਜਦੋਂ ਤੱਕ ਉਹ ਪੂਰੀ ਤਨਖਾਹ ਅਤੇ ਸਿੱਖਿਆ ਵਿਭਾਗ ਵਿਚ ਰੈਗੂਲਰ ਨਹੀਂ ਹੋ ਜਾਂਦੇ ਅਤੇ ਅਧਿਆਪਕ ਵਰਗ ਦੀਆਂ ਸਾਰੀਆਂ ਸਮੱਸਿਅਾਵਾਂ ਦਾ ਪੁਖਤਾ ਹੱਲ ਨਹੀਂ ਹੋ ਜਾਂਦਾ, ਉਦੋਂ ਤੱਕ ਸੰਘਰਸ਼ ਦੀ ਹਮਾਇਤ ਨੂੰ ਜਾਰੀ ਰੱਖਿਆ ਜਾਵੇਗਾ।
ਸਡ਼ਕ ਹਾਦਸੇ ’ਚ ਸਾਬਕਾ ਸਰਪੰਚ ਦੀ ਮੌਤ
NEXT STORY