ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ(ਸੁਖਪਾਲ ਢਿੱਲੋਂ/ਪਵਨ ਤਨੇਜਾ): ਪੰਜਾਬ ਦੇ ਕਿਸਾਨਾਂ ਵੱਲੋਂ ਪਿਛਲੇ ਕਰੀਬ ਢਾਈ ਮਹੀਨਿਆਂ ਤੋਂ ਆਪਣੀਆਂ ਜਮੀਨਾਂ ਨੂੰ ਬਚਾਉਣ ਲਈ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਕਿਸਾਨ ਵਿਰੋਧੀ ਬਿੱਲਾਂ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਸੰਘਰਸ਼ ਜੋਰਾਂ 'ਤੇ ਹੈ। ਕਿਸਾਨਾਂ ਨੇ ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਘੇਰਾ ਪਾਇਆ ਹੋਇਆ ਹੈ। ਕਿਸਾਨਾਂ ਦੇ ਇਸ ਅੰਦੋਲਨ ਸਬੰਧੀ 'ਜਗ ਬਾਣੀ' ਵੱਲੋਂ ਵੱਖ-ਵੱਖ ਨੌਜਵਾਨਾਂ ਨਾਲ ਗੱਲਬਾਤ ਕੀਤੀ ਗਈ। ਜਿਸ ਦੇ ਮੁੱਖ ਅੰਸ਼ ਪੇਸ਼ ਕਰ ਰਹੇ ਹਾਂ।
ਪੰਜਾਬ ਦੇ ਲੋਕਾਂ 'ਚ ਕੇਂਦਰ ਸਰਕਾਰ ਪ੍ਰਤੀ ਹੈ ਭਾਰੀ ਰੋਸ- ਨਵਦੀਪ ਸੁੱਖੀ
ਉਘੇ ਸਮਾਜ ਸੇਵਕ ਤੇ ਮੁੱਖ ਅਧਿਆਪਕ ਨਵਦੀਪ ਸੁੱਖੀ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਮਾਰਨ ਵਾਲੀ ਨੀਤੀ ਅਖਤਿਆਰ ਕੀਤੀ ਹੈ। ਜਿਸ ਕਰਕੇ ਸੂਬੇ ਦੇ ਲੋਕਾਂ 'ਚ ਕੇਂਦਰ ਸਰਕਾਰ ਪ੍ਰਤੀ ਭਾਰੀ ਰੋਸ ਹੈ ਤੇ ਉਹ ਦਿੱਲੀ ਨੂੰ ਆਪਣਾ ਹੱਕ ਲੈਣ ਲਈ ਵਹੀਰਾਂ ਘੱਤ ਰਹੇ ਹਨ। ਕੇਂਦਰ ਸਰਕਾਰ ਨੂੰ ਆਪਣਾ ਫ਼ੈਸਲਾ ਤੁਰੰਤ ਰੱਦ ਕਰ ਦੇਣਾ ਚਾਹੀਦਾ ਹੈ।
ਕੇਂਦਰ ਸਰਕਾਰ ਕਿਸਾਨਾਂ ਨਾਲ ਕਰ ਰਹੀ ਹੈ ਕੋਝਾ ਮਜ਼ਾਕ-ਅਰਸ਼ਪ੍ਰੀਤ ਸਿੰਘ
ਮੰਤਵ ਫਾਊਡੇਸ਼ਨ ਦੇ ਪ੍ਰਧਾਨ ਅਰਸ਼ਪ੍ਰੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਵਾਰ-ਵਾਰ ਮੀਟਿੰਗਾਂ ਕਰਕੇ ਉਹਨਾਂ ਦਾ ਕੋਝਾ ਮਜ਼ਾਕ ਉਡਾ ਰਿਹਾ ਹੈ। ਜਦ ਕਿ ਚਾਹੀਦਾ ਇਹ ਹੈ ਕਿ ਮੀਟਿੰਗ ਦੌਰਾਨ ਕੇਂਦਰ ਸਰਕਾਰ ਦੇ ਨੁੰਮਾਇੰਦੇ ਖੇਤੀ ਵਿਰੋਧੀ ਬਿੱਲਾਂ ਨੂੰ ਤੁਰੰਤ ਰੱਦ ਕਰਨ ਦਾ ਐਲਾਨ ਕਰਨ ਤਾਂ ਕਿ ਕਿਸਾਨ ਵਾਪਸ ਪੰਜਾਬ ਆ ਸਕਣ।
-ਅਸੀਂ ਸਾਰੇ ਕਿਸਾਨਾਂ ਦਾ ਦਿੱਤਾ ਹੀ ਖਾਂਦੇ ਹਾਂ-ਨਵਦੀਪ ਆਹੂਜਾ
ਸੋਸ਼ਲ ਵਰਕਰ ਨਵਦੀਪ ਆਹੂਜਾ ਦਾ ਕਹਿਣਾ ਹੈ ਕਿ ਸਾਡਾ ਕੱਪੜੇ ਦਾ ਜੱਦੀ ਬਿਜ਼ਨੈੱਸ ਹੈ। ਮੈਨੂੰ ਯਾਦ ਹੈ ਛੋਟੇ ਹੁੰਦਿਆਂ ਮੇਰੇ ਦਾਦਾ ਜੀ, ਪਿਤਾ ਜੀ ਗੱਲਾਂ ਕਰਦੇ ਸਨ ਕਿ ਇਸ ਵਾਰ ਫਸਲ ਚੰਗੀ ਹੋਈ ਹੈ ਇਸ ਵਾਰ ਸੇਲ ਚੰਗੀ ਹੋਊ। ਕਿਉਕਿ ਉਹ ਜਾਣਦੇ ਸਨ ਕਿ ਜਿੱਥੇ ਕਿਸਾਨ ਅੰਨਦਾਤਾ ਹੈ ਉੱਥੇ ਉਸ ਦੀ ਜਿਣਸ ਕਰਕੇ ਹੀ ਬਾਜ਼ਾਰ 'ਚ ਰੌਣਕ ਆਉਂਦੀ ਹੈ। ਅਸੀਂ ਸਾਰੇ ਕਿਸਾਨਾਂ ਦਾ ਦਿੱਤਾ ਖਾਂਦੇ ਹਾਂ। ਇਹ ਅੰਦੋਲਨ ਸਿਰਫ ਕਿਸਾਨ ਦਾ ਨਹੀਂ, ਸਾਡਾ ਸਭ ਦਾ ਹੈ। ਮੈਂ ਇਸ ਅੰਦੋਲਨ ਦਾ ਸਮਰਥਨ ਕਰਦਾ ਹਾਂ।
-ਅੰਦੋਲਨ ਸੌ ਪ੍ਰਤੀਸ਼ਤ ਸਹੀ- ਹਰਵਿੰਦਰ ਸਿੰਘ ਚੱਕ ਸ਼ੇਰੇਵਾਲਾ
ਨੌਜਵਾਨ ਕਿਸਾਨ ਹਰਵਿੰਦਰ ਸਿੰਘ ਚੱਕ ਸ਼ੇਰੇਵਾਲਾ ਦਾ ਕਹਿਣਾ ਹੈ ਕਿ ਇਹ ਅੰਦੋਲਨ ਸੌ ਪ੍ਰਤੀਸ਼ਤ ਸਹੀ ਹੈ। ਪਹਿਲਾਂ ਹੀ ਨੌਜਵਾਨ ਪੀੜ੍ਹੀ ਵਿਦੇਸ਼ ਜਾ ਰਹੀ ਹੈ। ਜੇ ਇਹ ਕਾਨੂੰਨ ਵਾਪਸ ਨਾ ਲਿਆ ਗਿਆ ਤਾਂ ਖੇਤੀ ਪ੍ਰਧਾਨ ਸੂਬਾ ਉਜਾੜ ਹੋ ਜਾਵੇਗਾ। ਅੱਜ ਲੋੜ ਹੈ ਹਰ ਪੰਜਾਬ ਵਾਸੀ ਇਸ ਅੰਦੋਲਨ 'ਚ ਹਿੱਸਾ ਲਵੇ।
ਕਿਸਾਨਾਂ ਨੂੰ ਅੱਖੋਂ-ਪਰੋਖੇ ਕਰਨਾ ਸਮੁੱਚੇ ਦੇਸ਼ ਨੂੰ ਖੂਹ 'ਚ ਸੁੱਟਣ ਸਮਾਨ- ਮੋਹਕਮ ਸਿੰਘ ਸੰਧੂ
ਉੱਘੇ ਸਮਾਜ ਸੇਵਕ ਮੋਹਕਮ ਸਿੰਘ ਸੰਧੂ ਦਾ ਕਹਿਣਾ ਹੈ ਕਿ ਕੇਂਦਰ ਦਾ ਜਿੱਦ ਤੇ ਅੜਿਆ ਰਹਿਣਾ ਮਨਸ਼ਾ ਨੂੰ ਦਰਸਾਉਂਦਾ ਹੈ। ਕੇਂਦਰ ਇਹ ਨਾ ਭੁੱਲੇ ਕਿਸਾਨਾਂ ਨੂੰ ਅੱਖੋਂ ਪਰੋਖੇ ਕਰਨਾ ਸਮੁੱਚੇ ਦੇਸ਼ ਨੂੰ ਖੂਹ 'ਚ ਸੁੱਟਣ ਦੇ ਸਮਾਨ ਹੈ। ਜੇਕਰ ਇਹ ਕਾਨੂੰਨ ਵਾਪਸ ਨਾ ਲਿਆ ਤਾਂ ਇਸ ਦੇ ਸਿੱਟੇ ਜਲਦੀ ਮਿਲਣਗੇ। ਕਿਰਸਾਨੀ ਬਿਨਾਂ ਡਿੱਗੀ ਅਰਥਵਿਵਸਥਾ ਬਿਲਕੁੱਲ ਮਿੱਟੀ ਹੋ ਜਾਵੇਗੀ। ਕਿਰਸਾਨ ਦਾ ਪੁੱਤ ਹਾਂ ਸਦਾ ਕਿਰਸਾਨੀ ਲਈ ਬੋਲਾਂਗਾ।
ਪੂਰਾ ਵਿਦਿਆਰਥੀ ਵਰਗ ਕਿਸਾਨਾਂ ਦੇ ਨਾਲ ਹੈ- ਜਸਕਰਨਜੀਤ ਸਿੰਘ ਸਾਹਿਲ
ਨੌਜਵਾਨ ਵਿਦਿਆਰਥੀ ਤੇ ਲੇਖਕ ਜਸਕਰਨਜੀਤ ਸਿੰਘ ਸਾਹਿਲ ਕੈਂਥ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਸਿਰਫ ਇਕ ਜਿੱਦ ਖਾਤਿਰ ਇਹ ਕਾਨੂੰਨ ਵਾਪਸ ਨਹੀਂ ਲੈ ਰਹੀ। ਨੋਟਬੰਦੀ ਸਮੇਤ ਹੋਰ ਕੋਈ ਤਜਰਬਿਆਂ ਨੇ ਦੇਸ਼ ਝੰਬ ਕੇ ਰੱਖ ਦਿੱਤਾ ਹੈ। ਅੰਨਦਾਤੇ ਨੂੰ ਸੜਕਾਂ ਤੇ ਲਿਆਉਣ ਨਾਲ ਵਿਦੇਸ਼ਾਂ 'ਚ ਵੀ ਕਿਸਾਨਾਂ ਨੂੰ ਸਮਰਥਨ ਮਿਲ ਰਿਹਾ। ਪੂਰਾ ਵਿਦਿਆਰਥੀ ਵਰਗ ਕਿਸਾਨਾਂ ਨਾਲ ਹੈ।
ਪੰਜਾਬ ਦਾ ਸਮੁੱਚਾ ਮੁਲਾਜ਼ਮ ਵਰਗ ਕਿਸਾਨਾਂ ਦੇ ਨਾਲ ਹੈ- ਜੁਪਿੰਦਰ ਸਿੰਘ
ਅਧਿਆਪਕ ਆਗੂ ਜੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਅੱਜ ਦੇ ਇਸ ਕਿਸਾਨ ਘੋਲ ਲਈ ਸਿਰਫ ਕਿਸਾਨ ਮਜ਼ਦੂਰ ਹੀ ਨਹੀਂ ਬਲਕਿ ਪੰਜਾਬ ਦਾ ਸਮੁੱਚਾ ਮੁਲਾਜ਼ਮ ਵਰਗ ਵੀ ਕਿਸਾਨਾਂ ਦੇ ਨਾਲ ਹੈ। ਕਿਉਂਕਿ ਅਜਿਹੇ ਘਾਤਕ ਬਿੱਲਾਂ ਦਾ ਪਾਸ ਹੋਣਾ ਹਰ ਵਰਗ ਲਈ ਖਤਰਨਾਕ ਹੈ। ਲੋੜ ਹੈ ਨਿੱਜੀ ਹਿੱਤ ਤਿਆਗ ਕੇ ਕਿਸਾਨਾਂ ਦਾ ਸਾਥ ਦੇਈਏ।
ਵੱਡੀ ਖ਼ਬਰ : ਦਿੱਲੀ ਬਾਰਡਰ ਉਤੇ ਧਰਨੇ 'ਤੇ ਬੈਠੇ ਕਿਸਾਨ ਨੇਤਾ ਬਲਬੀਰ ਰਾਜੇਵਾਲ ਦੀ ਸਿਹਤ ਵਿਗੜੀ
NEXT STORY