ਅੰਬਾਲਾ- ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ-ਮਜ਼ਦੂਰ ਮੋਰਚਾ ਦੇ ਸਾਂਝੇ ਸੱਦੇ 'ਤੇ ਸ਼ੰਭੂ ਰੇਲਵੇ ਸਟੇਸ਼ਨ 'ਤੇ ਅੰਦੋਲਨ ਚੱਲ ਰਿਹਾ ਹੈ। ਕਿਸਾਨ ਪਿਛਲੇ ਹਫ਼ਤੇ ਤੋਂ ਪਟੜੀਆਂ ਜਾਮ ਕਰਕੇ ਹੜਤਾਲ ’ਤੇ ਬੈਠੇ ਹਨ। ਕਿਸਾਨਾਂ ਦੀ ਮੰਗ ਹੈ ਕਿ ਜਦੋਂ ਤੱਕ ਹਰਿਆਣਾ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ 3 ਕਿਸਾਨਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਉਦੋਂ ਤੱਕ ਸ਼ੰਭੂ ਰੇਲਵੇ ਟਰੈਕ ਨਹੀਂ ਖੋਲ੍ਹਿਆ ਜਾਵੇਗਾ। ਇਸ ਦੇ ਨਾਲ ਹੀ ਕਿਸਾਨਾਂ ਨੇ ਸਰਕਾਰ ਨੂੰ 27 ਅਪ੍ਰੈਲ ਤੱਕ ਦਾ ਅਲਟੀਮੇਟਮ ਦਿੱਤਾ ਹੈ।
ਕਿਸਾਨਾਂ ਦੀ ਇਸ ਹੜਤਾਲ ਕਾਰਨ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਰੇਲਵੇ ਨੂੰ ਵਿੱਤੀ ਘਾਟਾ ਵੀ ਝੱਲਣਾ ਪੈ ਰਿਹਾ ਹੈ। ਅੱਜ ਵੀ ਕਿਸਾਨਾਂ ਦੇ ਅੰਦੋਲਨ ਕਾਰਨ 63 ਟਰੇਨਾਂ ਨੂੰ ਰੱਦ ਕਰਨਾ ਪਿਆ। ਇਸ ਦੇ ਨਾਲ ਹੀ ਕਈ ਟਰੇਨਾਂ ਦੇ ਰੂਟਾਂ 'ਚ ਵੀ ਬਦਲਾਅ ਕੀਤੇ ਗਏ ਹਨ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਾਡੇ ਅੰਦੋਲਨ ਨੂੰ 70 ਦਿਨ ਤੋਂ ਵੱਧ ਸਮਾਂ ਹੋ ਗਿਆ ਹੈ। ਅੰਦੋਲਨ ਦੇ 100 ਦਿਨ ਪੂਰੇ ਹੋਣ ਤੋਂ ਬਾਅਦ ਲੱਖਾਂ ਕਿਸਾਨ ਸ਼ੰਭੂ, ਡੱਬਵਾਲੀ ਅਤੇ ਖਨੌਰੀ ਬਾਰਡਰ 'ਤੇ ਇਕੱਠੇ ਹੋਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਰਿਆਣਾ, ਪੰਜਾਬ, ਯੂ.ਪੀ. ਅਤੇ ਹਿਮਾਚਲ ਦੇ ਕਿਸਾਨਾਂ ਨੂੰ ਹੁਣ ਤੋਂ ਹੀ ਤਿਆਰੀਆਂ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਬਾਰੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੋਈ ਸ਼ੱਕ ਹੈ ਤਾਂ ਉਹ ਉਸ ਦਿਨ ਸਰਹੱਦ 'ਤੇ ਜ਼ਰੂਰ ਆਉਣ ਅਤੇ ਦੇਖਣ। ਕਿਸਾਨ ਆਗੂ ਨੇ ਕਿਹਾ ਕਿ ਅਸੀਂ 1 ਮਈ ਨੂੰ ਸਰਹੱਦ 'ਤੇ ਮਜ਼ਦੂਰ ਦਿਵਸ ਮਨਾਵਾਂਗੇ।
PM ਮੋਦੀ ਤੇ ਰਾਹੁਲ ਗਾਂਧੀ ਦੇ ਭਾਸ਼ਣਾਂ 'ਤੇ ਚੋਣ ਕਮਿਸ਼ਨ ਨੇ ਕਾਂਗਰਸ-ਭਾਜਪਾ ਨੂੰ ਭੇਜਿਆ ਨੋਟਿਸ
NEXT STORY