ਫਿਰੋਜ਼ਪੁਰ (ਸੰਨੀ) - ਵਿਸ਼ਵ ਵਾਤਾਵਰਣ ਦਿਵਸ ਮੌਕੇ ਲੋਕਾਂ ’ਚ ਵਾਤਾਵਰਣ ਨੂੰ ਬਚਾਉਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਜ਼ਿਲਾ ਪ੍ਰਸ਼ਾਸਨ ਫਿਰੋਜ਼ਪੁਰ ਵੱਲੋਂ ਨਗਰ ਕੌਂਸਲ ਅਤੇ ਸਮਾਜ-ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਵਾਤਾਵਰਣ ਜਾਗਰੂਕਤਾ ਸਾਈਕਲ ਰੈਲੀ ਕੱਢੀ ਗਈ। ਇਸ ਰੈਲੀ ਨੂੰ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਗੁਰਦੁਆਰਾ ਸਾਰਾਗਡ਼੍ਹੀ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਉਪਰੰਤ ਡਿਪਟੀ ਕਮਿਸ਼ਨਰ ਚੰਦਰ ਗੈਂਦ, ਸਹਾਇਕ ਕਮਿਸ਼ਨਰ ਰਣਜੀਤ ਸਿੰਘ, ਪ੍ਰਧਾਨ ਸਾਈਕਲਿੰਗ ਐਸੋਸੀਏਸ਼ਨ ਅਨਿਰੁੱਧ ਗੁਪਤਾ ਸਮੇਤ ਵੱਡੀ ਗਿਣਤੀ ’ਚ ਵਾਤਾਵਰਣ ਪ੍ਰੇਮੀਆਂ ਨੇ ਸਾਈਕਲ ਚਲਾ ਕੇ ਵਾਤਾਵਰਣ ਦੀ ਸ਼ੁੱਧਤਾ ਪ੍ਰਤੀ ਲੋਕਾਂ ਨੂੰ ਪ੍ਰੇਰਿਤ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮਾਜ ਨੂੰ ਕਲੀਨ ਅਤੇ ਗਰੀਨ ਬਣਾਉਣ ਅਤੇ ਨਸ਼ਿਆਂ ਤੋਂ ਮੁਕਤ ਕਰਨ ਲਈ ਇਹ ਰੈਲੀ ਲੋਕਾਂ ’ਚ ਜਾਗਰੂਕਤਾ ਪੈਦਾ ਕਰੇਗੀ। ਉਨ੍ਹਾਂ ਕਿਹਾ ਕਿ ਨਿਰੰਤਰ ਪ੍ਰਦੂਸ਼ਣ ਫੈਲਣ ਨਾਲ ਸੈਂਕਡ਼ਿਆਂ ਦੀ ਗਿਣਤੀ ਵਿਚ ਲੋਕ ਗੰਭੀਰ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ, ਜੋ ਸਮਾਜ ਦੇ ਵਿਕਾਸ ਲਈ ਬਹੁਤ ਵੱਡੀ ਰੁਕਾਵਟ ਹੈ। ਇਸ ਲਈ ਸਾਰਿਆਂ ਨੂੰ ਮਿਲ ਕੇ ਵਾਤਾਵਰਣ ਦੀ ਸੰਭਾਲ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੰਗਾ ਅਤੇ ਤੰਦਰੁਸਤ ਜੀਵਨ ਜਿਊਣ ਲਈ ਵਾਤਾਵਰਣ ਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ। ਇਸ ਲਈ ਆਉਣ ਵਾਲੇ ਸਮੇਂ ਵਿਚ ਜ਼ਿਲਾ ਪ੍ਰਸ਼ਾਸਨ ਵੱਲੋਂ ਵੀ ਕੁਝ ਇਹੋ ਜਿਹੀਆਂ ਗਤੀਵਿਧੀਆਂ ਜਾਂ ਸਰਵਿਸਿਜ਼ ਸ਼ੁਰੂ ਕੀਤੀਆਂ ਜਾਣਗੀਆਂ, ਜਿਸ ਤਹਿਤ ਸਰਕਾਰੀ ਸਕੀਮਾਂ ਨੂੰ ਰੁੱਖ ਲਾਉਣ ਦੀ ਮੁਹਿੰਮ ਨਾਲ ਜੋਡ਼ਿਆ ਜਾਵੇਗਾ।
ਰੈਲੀ ਦੌਰਾਨ ਡਿਪਟੀ ਕਮਿਸ਼ਨਰ ਸਮੇਤ ਹੋਰ ਅਧਿਕਾਰੀਆਂ ਅਤੇ ਸਮਾਜ-ਸੇਵੀ ਸੰਸਥਾਵਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਬੂਟੇ ਵੀ ਲਾਏ ਗਏ ਅਤੇ ਲੋਕਾਂ ਨੂੰ ਵੀ ਰੁੱਖ ਲਾਉਣ ਅਤੇ ਇਨ੍ਹਾਂ ਦੀ ਦੇਖਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਹ ਰੈਲੀ ਗੁਰਦੁਆਰਾ ਸਾਰਾਗਡ਼੍ਹੀ ਤੋਂ ਸ਼ੁਰੂ ਹੋ ਕੇ ਰੇਲਵੇ ਓਵਰਬ੍ਰਿਜ, ਸ਼ਹੀਦ ਊਧਮ ਸਿੰਘ ਚੌਕ, ਮੋਦੀ ਮਿੱਲ, ਕਸੂਰੀ ਗੇਟ, ਅੰਮ੍ਰਿਤਸਰੀ ਗੇਟ, ਬਾਸੀ ਗੇਟ, ਮੱਖੂ ਗੇਟ, ਜ਼ੀਰਾ ਗੇਟ, ਬਗਦਾਦੀ ਗੇਟ ਤੋਂ ਹੁੰਦੀ ਹੋਈ ਵਾਪਸ ਸ਼ਹੀਦ ਊਧਮ ਸਿੰਘ ਚੌਕ, ਮੱਲਵਾਲ ਰੋਡ, ਭਗਤ ਨਾਮਦੇਵ ਚੌਕ, ਅਨਿਲ ਬਾਰੀ ਰੋਡ, ਸੈਂਟਰਲ ਜੇਲ ਰੋਡ ਤੋਂ ਹੁੰਦੀ ਹੋਈ ਸ਼ਹੀਦ ਭਗਤ ਸਿੰਘ ਸਟੇਡੀਅਮ ’ਚ ਪਹੁੰਚ ਕੇ ਸਮਾਪਤ ਹੋਈ। ਸਟੇਡੀਅਮ ਪਹੁੰਚਣ ’ਤੇ ਡਿਪਟੀ ਕਮਿਸ਼ਨਰ ਨੇ ਰੈਲੀ ’ਚ ਸ਼ਾਮਲ ਹੋਏ ਲੋਕਾਂ ਅਤੇ ਸਟੇਡੀਅਮ ਵਿਚ ਆਏ ਹੋਏ ਖਿਡਾਰੀਆਂ ਨੂੰ ਸੂਰਜ ਨਮਸਕਾਰ ਕਰਵਾਉਂਦੇ ਹੋਏ ਨਸ਼ੇ ਛੁਡਾਊ ਚੰਗੀ ਸਿਹਤ ਬਣਾਓ ਅਤੇ ਦੇਸ਼ ਨੂੰ ਅੱਗੇ ਵਧਾਓ, ਵੱਧ ਤੋਂ ਵੱਧ ਰੁੱਖ ਲਗਾਓ ਅਤੇ ਵਾਤਾਵਰਣ ਬਚਾਓ ਦਾ ਸੰਦੇਸ਼ ਦਿੰਦੇ ਹੋਏ ਪ੍ਰਣ ਵੀ ਦਿਵਾਇਆ। ਅੰਤ ’ਚ ਉਨ੍ਹਾਂ ਰੈਲੀ ਵਿਚ ਸ਼ਾਮਲ ਹੋਏ ਸਮੂਹ ਸਾਈਕਲਿਸਟਾਂ ਅਤੇ ਸਮਾਜ-ਸੇਵੀ ਸੰਸਥਾਵਾਂ ਐਗਰੀਡ ਫਾਊਂਡੇਸ਼ਨ, ਸਾਈਕਲਿੰਗ ਐਸੋਸੀਏਸ਼ਨ, ਹੁਸੈਨੀਵਾਲਾ ਰਾਈਡਰਜ਼ ਆਦਿ ਸੰਸਥਾਵਾਂ ਦਾ ਰੈਲੀ ’ਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ।
ਪੰਜਾਬ ਸਰਕਾਰ ਦੀਆਂ ਵੈੱਬਸਾਈਟਾਂ ਨਹੀਂ ਅਪਡੇਟ, ਚੱਲ ਰਿਹੈ ਪੁਰਾਣਾ ਡਾਟਾ
NEXT STORY