ਰਲ-ਮਿਲ ਜਿੱਥੇ ਬੈਠ ਜਾਂਦੇ ਸੀ
ਆਣ ਕੇ ,
ਉੱਠ ਜਾਂਦੇ ਕਦੀ ਧੁੱਪ ਕਦੀ ਛਾਂ
ਮਾਣ ਕੇ |
ਜਾਂ ਬਿਨ ਬਿਸਤਰੇ ਸੌ ਜਾਂਦੇ
ਭੰਨੇ ਥਕਾਣ ਦੇ ,
ਹੁਣ ਨਹੀਂ ਲੱਭਦੇ ਮੰਜੇ ਕਿਤੇ
ਬਾਣ ਦੇ …..
ਕੱਚੇ ਕੱਚੇ ਘਰਾਂ 'ਚ ਰਹਿੰਦੇ
ਕੋਲ-ਕੋਲ ਸੀ ,
ਬਗਾਨਿਆਂ ਨਾਲ ਵੀ ਚੰਗਾ
ਮੇਲ-ਜੋਲ ਸੀ |
ਦੁੱਖ-ਸੁਖ ਵਿੱਚ ਸਭ ਬਣਦੇ ਸੀ
ਹਾਣ ਦੇ ,
ਹੁਣ ਨਹੀਂ ਲੱਭਦੇ ਮੰਜੇ ਕਿਤੇ
ਬਾਣ ਦੇ .....
ਚਿੜੀਆਂ ਦੀ ਅਵਾਜ ਕੰਨਾਂ 'ਚ ਸੀ
ਵੱਜਦੀ ,
ਵੰਗਾਂ ਦੀ ਛਣਕਾਰ ਨਾਲ ਮਧਾਣੀ
ਨੱਚਦੀ |
ਕਾੱਫੀ ਨਾ ਚਾਹ , ਸਵਾਦ ਲੱਸੀ ਦਾ ਮਾਣਦੇ ,
ਹੁਣ ਨਹੀਂ ਲੱਭਦੇ ਮੰਜੇ ਕਿਤੇ
ਬਾਣ ਦੇ .....
ਕੋਕੇ-ਕਾਂਟੇ ਵਾਲੀਆਂ , ਪਰਾਂਦੇ
ਨਾਲ ਸਜਦੀਆਂ ,
ਚੁੰਨੀ ਤੇ ਫੁਲਕਾਰੀ ਨਾਲ ਸਿਰ
ਸੀ ਕੱਜਦੀਆਂ |
ਮਾਰਨ ਅੱਖੀਆਂ ਦੇ ਤੀਰ ਬਿਨਾ
ਕਮਾਣ ਦੇ ,
ਹੁਣ ਨਹੀਂ ਲੱਭਦੇ ਮੰਜੇ ਕਿਤੇ
ਬਾਣ ਦੇ .....
ਖੇਤਾਂ 'ਚ ਬਲਦਾਂ ਦੀਆਂ
ਖੜਕਦੀਆਂ ਟੱਲੀਆਂ ,
ਲੈ ਮਾਹੀਆਂ ਲਈ ਭੱਤਾ ਚਾਈਂ
ਚਾਈਂ ਚੱਲੀਆਂ |
ਵੱਖਰੇ ਨੇ ਨਜਾਰੇ ਵੱਟਾਂ 'ਤੇ ,
ਪੰਜੇਬਾਂ ਛਣਕਾਣ ਦੇ
ਹੁਣ ਨਹੀਂ ਲੱਭਦੇ ਮੰਜੇ ਕਿਤੇ
ਬਾਣ ਦੇ .....
ਖੜੇ ਤੇ ਡੇਹੇ ਮੰਜੇ ਵਿਹੜੇ ਦੀ ਹੁੰਦੇ ਸ਼ਾਨ ਸੀ ,
ਜਵਾਈਆਂ ਤੇ ਭਾਈਆਂ ਦਾ ਹੁੰਦਾ ਮਾਣ ਸੀ |
ਕਿਵੇਂ ਬਣ ਗਏ ਰਿਸ਼ਤੇ ਨਫ਼ੇ
ਨੁਕਸਾਨ ਦੇ !!
ਹੁਣ ਨਹੀਂ ਲੱਭਦੇ ਮੰਜੇ ਕਿਤੇ ਬਾਣ ਦੇ .....
ਅੱਜ ਨਾ ਓ ਸੰਝ ਨਾ ਓ ਮਿੱਠੀ ਸਵੇਰ ਜੀ ,
ਅੱਜ ਹਰ ਪਾਸੇ ਹੇਰਾ-ਫੇਰੀ ਤੇਰ-ਮੇਰ ਜੀ |
ਹੈ ਭੀੜ ਤੇ ਅਸੀਂ 'ਕੱਲੇ-'ਕੱਲੇ ,ਇਹ ਜਾਣਦੇ ,
ਹੁਣ ਨਹੀਂ ਲੱਭਦੇ ਮੰਜੇ ਕਿਤੇ ਬਾਣ ਦੇ .....
ਛੱਡ ਦੇ ਮਨਾ ਤੂੰ ਰੋਣੇ , ਗਈ ਬਾਹਰ ਦੇ ,
ਰੋਂਦਿਆਂ ਨੂੰ ਦੱਸ ਏਥੇ ਕੌਣ ਨੇ ਸਹਾਰਦੇ ?
ਜਿਉਂਦਾ ਰਹੀਂ ਮੰਜਿਆਂ ! ਹੁਣ ਮੈਨੂੰ ਜਾਣ ਦੇ ,
ਹੁਣ ਨਹੀਂ ਲੱਭਦੇ ਮੰਜੇ ਕਿਤੇ ਬਾਣ ਦੇ .....
ਰਲ-ਮਿਲ ਜਿੱਥੇ ਬੈਠ ਜਾਂਦੇ ਸੀ ਆਣ ਕੇ ,
ਹੁਣ ਨਹੀਂ ਲੱਭਦੇ ਮੰਜੇ ਕਿਤੇ ਬਾਣ ਦੇ .....
ਹੁਣ ਨਹੀਂ ਲੱਭਦੇ ...................
ਹੁਣ ਨਹੀਂ ਲੱਭਦੇ
(ਮਨਜੀਤ ਸਿੰਘ ਬੱਧਣ)
ਮੰਨਿਆ ਕੇ ਦੁੱਖ ਡਾਢਾ ਜਰਿਆ ਨੀ ਜਾਦਾਂ
NEXT STORY