'20 ਚੱਕ-ਮੀਆਂ ਚੰਨੂ ਦੀ ਦਰਦ ਬਿਆਨੀ'
"ਸ.ਕਿਸ਼ਨ ਸਿੰਘ,ਸ.ਸਾ਼ਮ ਸਿੰਘ ਅਤੇ ਸ.ਅਰਜਣ ਸਿੰਘ,ਸ.ਹੀਰਾ ਸਿੰਘ ਦੇ ਬੇਟੇ ਹੋਏ। ਉਨ੍ਹਾਂ ਦਾ ਜੱਦੀ ਪਿੰਡ ਸ਼ਾਹ ਪੁਰ-ਫਿਲੌਰ ਹੋਇਐ। ਕਿਸ਼ਨ ਸਿੰਘ ਨੂੰ 47/5L-ਮਿੰਟਗੁਮਰੀ ਵਿੱਚ ਅਤੇ ਸ਼ਾਮ ਸਿੰਘ ਨੂੰ 20 ਚੱਕ, ਨਜ਼ਦੀਕ ਕਸਬਾ ਤੁਲੰਭਾ, ਤਹਿਸੀਲ ਮੀਆਂ ਚੰਨੂ, ਜ਼ਿਲ੍ਹਾ ਮੁਲਤਾਨ ਵਿੱਚ ਮੁੱਰਬਾ ਅਲਾਟ ਸੀ। ਅਰਜਣ ਸਿੰਘ ਬਾਰ ਵਿਚ ਨਹੀਂ ਗਿਆ। ਮੈਂ ਸ.ਸਾ਼ਮ ਸਿੰਘ ਦੀ ਧੀ ਹਾਂ। ਅਸੀਂ ਸੱਤ ਭੈਣਾਂ ਅਤੇ ਸੱਤ ਭੈਣਾਂ ਦਾ ਇੱਕੋ ਇੱਕ ਭਰਾ ਪੂਰਨਮਾਸ਼ੀ ਨੂੰ ਜਨਮਿਆਂ ਸ.ਪੂਰਨ ਸਿੰਘ ਹੋਇਐ।ਸਾਡੇ ਸਾਰੇ ਭੈਣ-ਭਰਾ ਦਾ ਜਨਮ ਗੰਜੀਬਾਰ ਦਾ ਈ ਐ।
ਗੁਆਂਢੀ ਪਿੰਡਾਂ ਵਿੱਚ 19 ਚੱਕ ਦੱਖਣ ਵਿਚ ਅਤੇ 2 ਚੱਕ ਮੁਸਲਮਾਨਾਂ ਦਾ ਪਿੰਡ ਸੀ।44,48 ਚੱਕ ਜ਼ਰਾ ਹੱਟ ਕੇ ।ਲਾਹੌਰ-ਮੁਲਤਾਨ ਲਾਈਨ ਤੇ 'ਟੇਸ਼ਣ ਇਕਬਾਲ ਨਗਰ ਵੱਜਦਾ ਜੋ ਕੋਈ ਤਿੰਨ ਕੋਹ ਦੀ ਵਾਟ ਤੇ ਸੀ।
ਪਿੰਡ ਦੇ ਗੁਰਦੁਆਰਾ ਸਾਹਿਬ ਦੀ ਕੰਧ ਨਾਲ ਸਾਡੇ ਘਰ ਦੀ ਕੰਧ ਸਾਂਝੀ ਸੀ।ਉਥੇ ਗ੍ਰੰਥੀ ਸਿੰਘ ਸ,ਬਲਵੰਤ ਸਿੰਘ 'ਰੋੜਾ ਹੁੰਦਾ ਸੋ ਸਿੱਖ ਬੱਚਿਆਂ ਨੂੰ ਗੁਰਮੁਖੀ ਦੇ ਨਾਲ ਗਤਕਾ ਵੀ ਸਿਖਾਉਂਦਾ। ਉਂਜ ਵੀ ਉਹ ਚੁਸਤ ਦਰੁਸਤ ਸੀ।
ਪਿੰਡ ਵਿੱਚ ਬਹੁਤ ਵਸੋਂ ਸਿੱਖ ਕਿਰਸਾਨੀ ਦੀ ਸੀ। ਬਾਕੀ ਕੋਈ 4-4,5-5 ਘਰ ਕਾਮੇ ਲੋਕਾਂ ਦੇ । ਉਨ੍ਹਾਂ ਚੋਂ ਰਤਨ ਸਿੰਘ ਲੋਹਾਰਾ, ਤਰਖਾਣਾਂ ਕੰਮ ਕਰਦਾ।ਬੰਤੀ ਝੀਰੀ ਜਿਸ ਦਾ ਪਿਛਲਾ ਪਿੰਡ ਭੱਟੀਆਂ-ਫਿਲੌਰ ਸੀ,ਭੱਠੀ 'ਤੇ ਦਾਣੇ ਭੁੰਨਦੀ, ਘੜਿਆਂ ਵਿੱਚ ਪਾਣੀ ਢ੍ਹੋਂਦੀ।
ਚਾਨਣ ਖੱਤਰੀ ਹੱਟੀ ਕਰਦਾ। ਪਿੰਡ ਦੇ ਚੁਰੱਸਤੇ ਚ ਇਕ ਖੂਹੀ ਹੁੰਦੀ।ਉਸ ਤੇ ਹਲਟੀ ਵੀ ਚੱਲਦੀ। ਨ੍ਹਾਉਣ ਧ੍ਹੋਣ ਲਈ ਪੱਕੇ ਚੁਬੱਚੇ ਬਣੇ ਹੁੰਦੇ। ਆਲ਼ੇ ਦੁਆਲ਼ੇ ਪੱਕੇ ਥੜ੍ਹੇ ਅਤੇ ਬ੍ਹੋੜ ਦੀਆਂ ਛਾਵਾਂ ਥੱਲੇ ਵਾਹਵਾ ਰੌਣਕ ਜੁੜਦੀ।ਪੰਚੈਤਾਂ ਵੀ ਉਥੇ ਹੀ ਹੁੰਦੀਆਂ।ਵਿਸਾਵਾ ਸਿੰਘ ਲੰਬੜਦਾਰ ਪਿੰਡ ਦਾ ਮੁਖੀਆ ਸੁਣੀਂਦਾ।ਉਹਦੀ ਮੌਤ ਉਪਰੰਤ ਉਸ ਦਾ ਪੁੱਤਰ ਹਜ਼ਾਰਾ ਸਿੰਘ ਲੰਬੜਦਾਰ ਬਣਿਆਂ। ਵਿਸਾਵੇ ਦਾ ਵੱਡਾ ਪੁੱਤਰ ਕਰਤਾਰ ਸਿੰਘ ਸੁਣੀਂਦਾ(ਉਨ੍ਹਾਂ ਦਾ ਲਾਣਾ ਹੁਣ ਫ਼ਾਜ਼ਲ ਵਾਲਾ- ਸ਼ਾਹਕੋਟ ਬੈਠਾ ਹੈ)। ਉਂਜ ਮੇਰਾ ਬਾਪ,ਸ਼ਾਮ ਸਿੰਘ ਲੰਬੜਦਾਰ ਵੀ ਖਾਨਗੀ ਪੰਚੈਤ ਦਾ ਮੋਹਰੀ ਬੜੈਕ ਹੁੰਦਾ।
ਫਸਲਾਂ ਦੀ ਸਿੰਚਾਈ ਨਹਿਰੀ ਸੀ। ਨਹਿਰ 48 ਚੱਕ ਦੇ ਪਾਸੇ ਪਿੰਡੋਂ ਕੁੱਝ ਹਟਵੀਂ ਸੀ।ਉਥੇ ਨਹਿਰੀ ਡਾਕ ਬੰਗਲਾ ਵੀ ਡਿੱਠਾ।
ਫਸਲਬਾੜੀ ਵਿੱਚ ਜ਼ਿਆਦਾਤਰ ਨਰਮਾ, ਕਣਕ,ਦੇਸੀ ਕਪਾਹ ਹੀ ਬੀਜਦੇ। ਗੁਜ਼ਾਰੇ ਜੋਗੇ ਪੱਠੇ, ਦਾਲਾਂ ਅਤੇ ਮੱਕੀ। ਜਿਣਸ ਅਕਸਰ ਮੀਆਂ ਚੰਨੂ ਮੰਡੀ ਵਿੱਚ ਵੇਚਦੇ ਪਰ ਕਈ ਵਾਰ ਆੜਤੀਏ, ਵਪਾਰੀ ਖ਼ੁਦ ਘਰਾਂ ਤੋਂ ਹੀ ਖ਼ਰੀਦ ਲੈ ਜਾਂਦੇ।100-100 ਊਠਾਂ ਦੀਆਂ ਡਾਰਾਂ,ਬਲੋਚ ਲੈ ਕੇ ਆਉਂਦੇ, ਨਰਮਾ ਲੱਦ ਲੈ ਜਾਂਦੇ।
ਰੌਲਿਆਂ ਦਾ ਸਾਨੂੰ ਕੋਈ ਇਲਮ ਨਾ।ਜਦ ਆਲ਼ੇ ਦੁਆਲ਼ੇ ਰੌਲੇ ਸੁਣੀਂਦੇ ਤਾਂ ਭਾਈ ਬਲਵੰਤ ਸਿੰਘ ਨੇ ਪਿੰਡ ਵਿੱਚ ਲਾਮਬੰਦੀ ਕੀਤੀ।ਪੰਚੈਤ ਬੈਠੀ,ਪਹਿਰਾ ਲੱਗਾ। ਰੌਲ਼ੇ ਵੱਧ ਗਏ।ਇਕ ਦਿਨ ਕੀ ਦੇਖਦੇ ਹਾਂ ਕਿ 44 ਚੱਕ ਵਾਲੇ ਸਾਮਾਨ ਦੇ ਗੱਡੇ ਲੱਦੀ ਜਾਂਦੇ ਨੇ। ਸਿਆਣਿਆਂ ਫੈਸਲਾ ਕੀਤਾ ਕਿ ਉਠਣ ਵਿਚ ਹੀ ਭਲਾ ਹੈ।ਗੱਡੇ ਲੱਦ, ਕੁੱਝ ਗਠੜੀਆਂ ਸਿਰਤੇ ਚੁੱਕ, ਚੱੜ੍ਹਦੀ ਵੰਨੀ ਨਹਿਰ ਪਾਰ 48 ਚੱਕ ਡਾਕ ਬੰਗਲਾ ਲਈ ਬਲਦ ਅਤੇ ਘੋੜੀਆਂ ਹੱਕ ਲਈਆਂ।ਰਾਤ ਨੂੰ ਹਾਲੇ ਰੋਟੀ ਟੁੱਕ ਕਰਨ ਦੇ ਆਹਰ ਚ ਸਾਂ ਕਿ ਲੁੱਟ ਖੋਹ ਦੀ ਬਿਰਤੀ ਵਾਲਿਆਂ ਸਾਡੇ ਕਾਫ਼ਲੇ ਨੂੰ ਆਣ ਘੇਰਿਆ। ਸਾਡੇ ਕੁੱਝ ਚੋਬਰ ਉਨ੍ਹਾਂ ਵੱਲ ਮੁਕਾਬਲੇ ਲਈ ਭੱਜੇ। ਧਾੜਵੀਆਂ ਗੋਲ਼ੀ ਚੱਲਾਈ।ਸਾਡਾ ਕਾਮਾ ਦਰਸ਼ਣ ਸਿੰਘ,ਪੰਜ ਭੈਣਾਂ ਦਾ ਇਕੋ ਭਾਈ (ਪਿਛਲਾ ਪਿੰਡ ਨਸੀਰ ਪੁਰ- ਲੋਹੀਆਂ )ਮਾਰਿਆ ਗਿਆ। ਮੇਰੇ ਭਾਈ ਪੂਰਨ ਸਿੰਘ ਦੇ ਮੋਢੇ ਵਿੱਚ ਗੋਲੀ ਆਣ ਲੱਗੀ।4-5 ਹੋਰ ਮਾਰੇ ਜਾਂ ਫੱਟੜ ਹੋਏ। ਰਾਤ ਉਵੇਂ ਹੀ ਵਿਲਕਦੇ ਮੀਆਂ ਚੰਨੂ ਵੱਲ ਵਧੇ। ਮੇਰੇ ਚਾਚਿਓਂ ਭਰਾ ਮੇਲਾ ਸਿੰਘ ਨੇ,ਫੱਟੜ ਪੂਰਨ ਸਿੰਘ ਨੂੰ ਘਨੇੜੀ ਚੁੱਕਿਆ ।ਉਸ ਰਾਤ ਦਾ ਬਾਕੀ ਪਹਿਰ 26 ਚੱਕ ਵਿੱਚ ਗੁਜ਼ਾਰਿਆ। ਕਿਧਰੋਂ ਪਾਣੀ ਪੀਣ ਲਈ ਨਾ ਮਿਲੇ। ਉਥੇ ਆਰ-ਪਾਰ ਤਿੰਨ ਖੂਹ ਸਨ ਪਰ ਤਿੰਨੋਂ ਹੀ ਸੁੱਕੇ ਨਿੱਕਲੇ। ਦੂਜੇ ਦਿਨ ਸ਼ਾਮ ਤੱਕ,ਮੰਡੀ ਮੀਆਂ ਚੰਨੂ ਜਿਥੇ ਬਜ਼ੁਰਗ ਜਿਣਸ ਵੇਚਣ ਜਾਂਦੇ ਸਨ,ਜਾ ਡੇਰਾ ਲਾਇਆ। ਇਵੇਂ ਰਾਤ ਭਰ ਭੈੜੇ ਸੁਪਨੇ ਆਉਂਦੇ ਰਹੇ ਕਿ ਪਹਿਲਾਂ ਬਜ਼ੁਰਗ ਇਥੇ ਜਿੱਣਸ ਵੇਚਣ ਆਉਂਦੇ ਸਨ, ਹੁਣ ਖ਼ੁਦ ਨੂੰ ਵੇਚਣ ਆਏ ਹੋਏ ਹਾਂ। ਸਵੇਰੇ ਆੜਤੀਏ ਬੋਲੀ ਲਗਾਉਂਣ ਲਈ ਆਉਣਗੇ। ਖ਼ਬਰ ਹੋਈ ਤਾਂ ਸਾਡੇ ਆੜਤੀਏ ਖਾਧ ਸਮੱਗਰੀ ਲੈਂਦੇ ਆਏ। ਮੇਰੇ ਬਾਪ ਨੂੰ ਕਹਿੰਦੇ, "ਫ਼ਿਕਰ ਨਾ ਕਰ ਮੰਜਕੀ ਵਾਲਿਆ,ਥੋਡੀ ਪੂਰੀ ਤਾਮੀਰਦਾਰੀ ਕਰਾਂਗੇ।" ਉਨ੍ਹਾਂ ਬੇਹੋਸ਼ ਪੂਰਨ ਨੂੰ ਵੀ ਹਸਪਤਾਲ ਜਾ ਦਾਖ਼ਲ ਕਰਾਇਆ।ਪੂਰਨ ਤੀਜੇ ਦਿਨ ਬੋਲਿਆ। ਸੱਤਵੇਂ ਦਿਨ ਹਸਪਤਾਲੋਂ ਛੁੱਟੀ ਮਿਲੀ ਤਾਂ ਅਸਾਂ ਵੀ ਰੱਜਵਾਂ ਖਾਣਾ ਖਾਧਾ।18 ਵੇਂ ਦਿਨ ਕੈਂਪ ਚੋਂ ਵਿਦਾਇਗੀ ਲਈ। 'ਟੇਸ਼ਣ ਤੇ ਪਹੁੰਚੇ।ਮੇਰੀ ਵੱਡੀ ਭੈਣ ਨੰਦ ਕੌਰ,47 ਚੱਕ-ਮਿੰਟਗੁਮਰੀ ਤਾਏ ਕਿਸ਼ਨ ਸਿੰਘ ਨੇ ਗੋਦ ਲਈ ਹੋਈ ਸੀ।ਉਹ ਮੀਆਂ ਚੰਨੂ ਵਿਆਹੀ ਹੋਈ ਸੀ। ਉਨ੍ਹਾਂ ਵਲੋਂ ਸਾਨੂੰ ਟੇਸ਼ਣ ਉਤੇ ਖ਼ਬਰ ਹੋਈ ਕਿ ਦੰਗਿਆਂ ਵਿੱਚ 47 ਚੱਕ-ਮਿੰਟਗੁਮਰੀ ਵਾਲਾ ਸਾਰਾ ਪਰਿਵਾਰ ਹੀ ਮਾਰਿਆ ਗਿਆ ਹੈ। ਸਾਰੇ ਹੀ ਵਿਰਲਾਪ ਕਰਨ ਲੱਗੇ। ਗੱਡੀ ਤੁਰੀ ਤਾਂ ਮੀਆਂ ਮੀਰ ਦੀ ਛਾਉਣੀ ਪਹੁੰਚਣ ਤੇ ਫਿਰ ਦੰਗੱਈਆਂ ਨੇ ਜਬਰ ਜ਼ੋਰ ਕਰਨਾ ਸ਼ੁਰੂ ਕੀਤਾ।ਉਹ ਗੱਡੀ ਦਾ ਇੰਜਣ ਹੀ ਉਤਾਰ ਕੇ ਲੈ ਗਏ ।
ਸਿੱਖ ਮਿਲਟਰੀ ਆਈ ਉਨਾਂ ਹੋਰ ਇੰਜਣ ਮੰਗਵਾਇਆ। ਤਾਂ ਲਾਹੌਰ-ਅੰਬਰਸਰ ਹੁੰਦੇ ਜਲੰਧਰ ਪਹੁੰਚੇ। ਉਥੋਂ ਟਰੱਕਾਂ ਤੇ ਸਵਾਰ ਹੋ ਕੇ ਆਪਣੇ ਜੱਦੀ ਪਿੰਡ ਸ਼ਾਹ ਪੁਰ-ਫਿਲੌਰ ਆਣ ਕਯਾਮ ਕੀਤਾ। ਆਪਣਿਆਂ ਦੇ ਗਲ਼ ਲੱਗ ਲੱਗ ਰੋਏ। ਇਥੇ ਹੀ ਸਾਨੂੰ ਆਣ ਕੇ ਪਤਾ ਲੱਗਾ ਕਿ ਹਜ਼ਾਰਾ ਸਿੰਘ ਲੰਬੜਦਾਰ ਦਾ ਚਾਚਾ ਸੁੰਦਰ ਸਿੰਘ ਬੇ ਔਲਾਦ ਜਿਸ ਪਾਸ ਉਸ ਦਾ ਭਤੀਜਾ ਗੁੱਜਰ ਸਿੰਘ ਜੋ ਸਾਡੇ 20 ਚੱਕ ਵਿੱਚ ਰਹਿੰਦਾ ਸੀ ਉਨ੍ਹਾਂ ਦਾ ਕਾਫ਼ਲਾ ਸਾਡੇ ਤੋਂ ਉਲਟ 'ਟੇਸ਼ਣ ਇਕਬਾਲ ਨਗਰ ਵੱਲ ਚਲਾ ਗਿਆ। ਬਾਕੀ ਟੱਬਰ ਤਾਂ ਭੱਜ ਕੇ ਜਾਨ ਬਚਾਅ ਗਿਆ ਪਰ ਹੋਰ ਕਈਆਂ ਸਮੇਤ ਸੁੰਦਰ ਸਿੰਘ ਵੀ ਕਮਾਦੀ ਦੇ ਖੇਤ ਵਿੱਚ, ਧਾੜਵੀਆਂ ਵਲੋਂ ਮਾਰ ਦਿੱਤਾ ਗਿਆ। ਬਹੁਤਾ ਨੁਕਸਾਨ 47 ਚੱਕ-ਮਿੰਟਗੁਮਰੀ ਵਾਲੇ ਸਾਡੇ ਪਰਿਵਾਰ ਦਾ ਹੋਇਆ। ਉਥੋਂ ਸਾਡੇ ਖੂਨ ਦੇ ਰਿਸ਼ਤੇ ਚ 35 ਦੇ ਕਰੀਬ ਮੈਂਬਰਾਂ ਵਿਚੋਂ ਕੇਵਲ ਪੰਜ ਜਣੇ, ਤਾਏ ਕਿਸ਼ਨ ਸਿੰਘ ਦੀਆਂ ਪੋਤਰੀਆ ਪ੍ਰਕਾਸ਼,ਬਚਨੀ, ਪੋਤਰਾ ਫੁੱਮਣ ਅਤੇ ਨੂੰਹ ਸੰਤ ਕੌਰ ਅਤੇ ਸੰਤ ਕੌਰ ਦੀ ਬੇਟੀ ਸੁਰਿੰਦਰ ਹੀ ਬਚ ਕੇ ਆਈਆਂ।
ਮੇਰੀ ਸ਼ਾਦੀ ਫ਼ਾਜ਼ਲਵਾਲ- ਸ਼ਾਹਕੋਟ ਦੇ ਸ.ਤਾਰਾ ਸਿੰਘ ਨਾਲ ਹੋਈ। ਅੱਜ ਮੈਂ ਆਪਣੇ ਨੇਕ ਪੁੱਤਰ ਗੁਰਮੀਤ ਸਿੰਘ ਅਤੇ ਨੂੰਹ ਰਾਣੀ ਬਲਵੀਰ ਕੌਰ ਨਾਲ ਜ਼ਿੰਦਗੀ ਦਾ ਪਿਛਲਾ ਪੰਧ ਹੰਢਾਅ ਰਹੀ ਆਂ। ਮੇਰੀ ਜੰਮਣ ਭੋਇੰ 20 ਚੱਕ,ਇਂਵ ਮੇਰੇ ਚੇਤਿਆਂ ਵਿਚ ਹੈ ਜਿਵੇਂ ਕੱਲ੍ਹ ਦੀ ਗੱਲ ਹੋਵੇ।"
ਮੁਲਾਕਾਤੀ: ਸਤਵੀਰ ਸਿੰਘ ਚਾਨੀਆਂ
ਕੀ 'ਜਨ ਵਿਸ਼ਵਾਸ ਬਿੱਲ' ਕਾਰੋਬਾਰੀਆਂ ਦਾ ਜੀਵਨ ਸਹਿਜ ਕਰ ਸਕੇਗਾ
NEXT STORY