ਪੰਜਾਬ ਦੀ 'ਜਵਾਨੀ' ਦੀ ਧਾਕ ਤਾਂ ਪੂਰੀ ਦੁਨੀਆ ਵਿਚ ਮੱਲਾਂ ਮਾਰੀ ਬੈਠੀ ਹੈ। ਸੰਸਾਰ ਦਾ ਉਹ ਕਿਹੜਾ ਮੁਲਕ ਹੈ, ਜਿੱਥੇ ਪੰਜਾਬੀਆਂ ਨੇ ਆਪਣੀ ਹੋਂਦ ਦਾ ਅਹਿਸਾਸ ਨਾ ਕਰਵਾਇਆ ਹੋਵੇ। ਹਰੇਕ ਮੁਲਕ ਵਿਚ ਮਾਣਮੱਤੇ ਪੰਜਾਬੀ ਉਥੋਂ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਹੋਏ ਵੇਖੇ ਜਾ ਸਕਦੇ ਹਨ। ਇਹ ਸਾਰਾ ਕੁਝ ਤਾਂ ਸ਼ਾਇਦ ਰੱਬ ਨੇ ਤੋਹਫੇ ਦੇ ਰੂਪ ਵਿਚ ਪੰਜਾਬ ਵਾਸੀਆਂ ਨੂੰ ਦਿੱਤਾ ਹੈ, ਤਾਹੀਓਂ ਤਾਂ ਉਹ ਆਪਣੇ ਮੁਲਕ ਤੋਂ ਇਲਾਵਾ ਬਾਕੀ ਮੁਲਕਾਂ ਵਿਚ ਵੀ ਆਪਣੀ ਪ੍ਰਾਪਤੀ ਦੇ ਝੰਡੇ ਗੱਡੀ ਜਾ ਰਹੇ ਹਨ।
ਪਰ ਅਫਸੋਸ ਕਿ ਜਿਥੇ ਕਈ ਨੌਜਵਾਨ ਮੱਲਾਂ ਮਾਰਦੇ ਹੋਏ ਵੇਖੇ ਜਾ ਸਕਦੇ ਹਨ, ਉਥੇ ਹੀ ਸਾਡੇ ਦੇਸ਼ ਅਤੇ ਖਾਸ ਕਰ “ਪੰਜਾਬ” ਵਿਚ ਚੰਦਰੇ ਨਸ਼ੇ ਦੇ ਗਲ ਲੱਗ ਕੇ ਕਈ ਨੌਜਵਾਨ ਤਾਂ ਦੁਨੀਆ ਤੋਂ ਹੀ ਤੁਰ ਗਏ, ਕਈ ਜ਼ਿੰਦਗੀ-ਮੌਤ ਨਾਲ ਲੜਾਈਆਂ ਲੜ ਰਹੇ ਹਨ ਤੇ ਕਈ ਨਾ ਚਾਹੁੰਦੇਂ ਹੋਏ ਵੀ ਨਸ਼ਿਆਂ ਦੀ ਦਲਦਲ ਵਿਚ ਫਸੇ ਹੋਏ ਹਨ। ਸਾਡੇ ਗੁਰੂਆਂ, ਪੀਰਾਂ ਤੇ ਪੈਗੰਬਰਾਂ ਦੀ ਇਸ ਪਾਵਨ ਧਰਤੀ ਨੂੰ ਖੌਰੇ ਕਿਸ ਚੰਦਰੇ ਦੀ ਨਜ਼ਰ ਲੱਗ ਗਈ ਹੈ ਕਿ ਅੱਜ ਦਾ ਬਹੁ ਗਿਣਤੀ ਨੌਜਵਾਨ ਨਸ਼ਿਆਂ ਦੇ ਕੁਰਾਹ ਪੈ ਕੇ ਜਵਾਨੀ ਖਤਮ ਕਰਨ 'ਤੇ ਤੁਲਿਆ ਹੋਇਆ ਹੈ। 'ਸੋਚੋ' ਕਿ ਜੇਕਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਫਿਰ ਖੰਡੇ ਦੀ ਧਾਰ 'ਤੇ ਨੱਚਣ ਵਾਲੇ ਛੈਲ-ਛਬੀਲੇ ਤੇ ਬਾਂਕੇ ਗੱਭਰੂ ਕਿਥੋਂ ਲੱਭਣਗੇ, ਕਿਹੜਾ ਧੀਆਂ-ਭੈਣਾਂ ਦੀ ਇੱਜ਼ਤ ਦਾ ਭਾਈਵਾਲ ਬਣੇਗਾ ਤੇ ਕੌਣ ਸੰਭਾਲੇਗਾ ਪੰਜਾਬ ਤੇ ਪੰਜਾਬੀਅਤ ਨੂੰ?
ਕਹਿੰਦੇ ਹਨ ਕਿ ਹਰੇਕ ਮੁਲਕ ਅਤੇ ਸੂਬੇ ਦੀ ਤਰੱਕੀ ਜ਼ਿਆਦਾਤਰ ਉਥੋਂ ਦੇ ਨੌਜਵਾਨਾਂ 'ਤੇ ਹੀ ਨਿਰਭਰ ਕਰਦੀ ਹੈ। ਕੁੰਭਕਰਨੀ ਨੀਂਦ 'ਚੋਂ ਉਠੋ ਪਿਆਰੇ ਵੀਰੋ ਤੇ “ਨਸ਼ਿਆਂ ਨੂੰ ਨਕਾਰੋ ਦੋਸਤੋ”। ਅੱਜ ਤੁਹਾਨੂੰ ਬਹਾਦਰ ਬਾਬੇ ਬਿਧੀ ਚੰਦ ਅਤੇ ਅਕਾਲੀ ਫੂਲਾ ਸਿੰਘ ਵਰਗੇ ਯੋਧਿਆਂ ਦੀਆਂ ਜੀਵਨੀਆਂ ਪੜ੍ਹ•ਕੇ ਸੰਭਲਣ ਦੀ ਲੋੜ ਹੈ। ਤੁਸੀਂ ਤਾਂ ਸਰਦਾਰ ਹਰੀ ਸਿੰਘ ਨਲੂਆ, ਨਵਾਬ ਕਪੂਰ ਸਿੰਘ ਸਿੰਘਪੁਰਾ, ਬਾਬਾ ਸ਼ਾਮ ਸਿੰਘ ਨਾਰਲਾ, ਜੱਥੇਦਾਰ ਸ਼ਾਮ ਸਿੰਘ ਅਟਾਰੀ ਤੇ ਜੱਸਾ ਸਿੰਘ ਰਾਮਗੜ੍ਹੀਏ ਵਰਗੇ ਯੋਧਿਆਂ ਦੁਆਰਾ ਕੀਤੇ ਮਹਾਨ ਕੰਮਾਂ ਨੂੰ ਅੱਗੇ ਲੈ ਕੇ ਜਾਣਾ ਹੈ। ਜਿਹੜੇ ਭਰਾ ਨਸ਼ਿਆਂ ਰੂਪੀ ਕੋਹੜ ਤੋਂ ਪੂਰੀ ਤਰ੍ਹਾਂ ਦੂਰ ਹਨ, ਉਹ ਵੀ ਤਾਂ ਤੁਹਾਨੂੰ ਉਡੀਕ ਰਹੇ ਹਨ ਕਿ ਆਉ, ਆਪਣੇ ਵਤਨ ਦੀ ਟੁੱਟ ਰਹੀ ਜਵਾਨੀ ਦੀ ਸ਼ਾਖ ਨੂੰ ਬਚਾਉਣ ਲਈ ਹੰਭਲਾ ਮਾਰੀਏ। ਭਰਾਵੋ, ਮਾਂ-ਬਾਪ ਦੀਆਂ ਅੱਖਾਂ ਵਿਚੋਂ ਵੱਗਦੇ ਅੱਥਰੂਆਂ, ਹੂਕਾਂ ਤੇ ਹਾਂਵਾ ਦਾ ਹੀ ਕੁਝ ਖਿਆਲ ਕਰ ਲਉ। ਬਾਪ ਲਈ ਪੁੱਤਰ ਦੀ ਅਰਥੀ ਮੋਢੇ 'ਤੇ ਚੁੱਕਣ ਵਾਲਾ ਸਮਾਂ ਤਾਂ ਸ਼ਾਇਦ ਮੌਤ ਤੋਂ ਵੀ ਦੁੱਖਦਾਈ ਹੁੰਦਾ ਹੈ।
ਮਹਾਰਾਜਾ ਦਲੀਪ ਸਿੰਘ ਵਰਗੇ ਕੌਮੀ ਪ੍ਰਵਾਨੇ ਨਾਲ ਹੋਏ ਅਨਿਆ ਤੇ ਧੱਕੇਸ਼ਾਹੀਆਂ ਦਾ ਹਿਸਾਬ ਤਾਂ ਨਸ਼ਿਆਂ ਦੀ ਦਲਦਲ ਵਿਚ ਫਸਿਆਂ ਨਹੀਂ ਲਿਆ ਜਾਣਾ। 'ਗੁਰਮਤਿ ਮਾਰਤੰਡ ਗੰ੍ਰਥ' ਵੀ ਤਾਂ ਨਸ਼ਿਆਂ ਬਾਬਤ ਅਗਵਾਈ ਇਉਂ ਕਰ ਰਿਹਾ ਹੈ ਕਿ “ਅਮਲੀ ਨਾ ਅਮਲ ਤਜਤ ਜਯੇ ਧਿਕਾਰ ਕੀਏ, ਦੋਖ ਦੁਖ ਲੋਗ ਬੇਦ ਸੁਨਤ ਛਕਤ ਹੈ£” ਅਰਥਾਤ ਨਸ਼ੇ ਦੇ ਆਦੀ ਮਨੁੱਖ ਤੋਂ ਕਿਸੇ ਚੰਗੇ ਕੰਮ ਦੀ ਆਸ ਨਹੀਂ ਕੀਤੀ ਜਾ ਸਕਦੀ, ਸਗੋਂ ਉਹ ਤਾਂ ਆਪਣੀ ਜ਼ਮੀਨ-ਜਾਇਦਾਦ ਤੇ ਘਰ ਤੱਕ ਆਪਣੀ ਜੀਭ ਦੇ ਸੁਆਦਾਂ ਦੀ ਭੇਂਟ ਚੜ੍ਹਾ ਦਿੰਦਾ ਹੈ। ਇਕ ਸਰਵੇਖਣ ਮੁਤਾਬਕ ਸਾਡੇ ਦੇਸ਼ ਵਿਚ ਹਰ ਅੱਠ ਮਿੰਟ ਬਾਅਦ ਇਕ ਮੌਤ 'ਨਸ਼ੇ' ਦੇ ਕਰਕੇ ਹੋ ਰਹੀ ਹੈ। ਸੋਚੀਏ ਤਾਂ ਰੌਂਗਟੇ ਖੜ੍ਹੇ ਹੋ ਜਾਂਦੇ ਹਨ ਕਿ ਦਿਨ-ਰਾਤ ਵਿਚ ਲਗਪਗ 170-180 ਮੌਤਾਂ ਦਾ ਕਾਰਨ ਸਿਰਫ ਨਸ਼ਾ ਹੀ ਹੈ। ਸੂਬੇ, ਦੇਸ਼ ਤੇ ਬਾਹਰਲੇ ਮੁਲਕਾਂ ਤੱਕ “ਮਾਂ-ਖੇਡ ਕਬੱਡੀ” ਨੂੰ ਚਮਕਾਉਣ ਵਾਲੇ ਆਪਣੇ ਅਣਖੀਲੇ ਭਰਾਵਾਂ ਦੀ ਰੀਸ ਨਸ਼ਿਆਂ ਵਿਚ ਫਸ ਕੇ ਨਹੀਂ ਹੋਣੀ, ਸਗੋਂ ਨਸ਼ਿਆਂ ਨੂੰ ਨਕਾਰ ਕੇ ਹੋਣੀ ਹੈ ਦੋਸਤੋ। ਵੇਲਾ, ਡੰਡ-ਬੈਠਕਾਂ ਮਾਰਣ ਦਾ ਤੇ ਜਵਾਨੀ ਨੂੰ ਪੇਸ਼ ਕਰਨ ਦਾ ਹੈ ਵੀਰੋਂ। ਅੱਜ ਵੀ ਦੂਸਰੇ ਪਾਤਸ਼ਾਹ ਦੁਆਰਾ ਬਣਾਏ ਗਏ ਮੱਲ-ਅਖਾੜੇ ਤੇ ਕਬੱਡੀ ਦੇ ਮੈਦਾਨ ਤੁਹਾਨੂੰ ਬੇਸਬਰੀ ਨਾਲ ਉਡੀਕ ਰਹੇ ਹਨ। ਭੈਣਾਂ ਦੀ ਰੱਖੜੀ ਦਾ ਮੁੱਲ, ਮਾਂ ਦੇ ਦੁੱਧ ਦਾ ਮੁੱਲ ਤੇ ਬਾਪ ਦੁਆਰਾ ਹਨੇਰੇ-ਸਵੇਰੇ ਕੀਤੀ ਗਈ ਮੁਸ਼ੱਕਤ ਦਾ ਮੁੱਲ ਇਹਨਾਂ ਨਸ਼ਿਆਂ ਨੇ ਨਹੀਂ ਪੈਣ ਦੇਣਾ। ਇਹ ਮੁੱਲ ਤਾਂ ਨਸ਼ਿਆਂ ਦੀ ਦਲਦਲ 'ਚ ਨਿਕਲ ਕੇ ਹੀ ਪੈ ਸਕਦਾ ਹੈ।
ਅੱਜ ਹਾਲ ਇੰਨਾ ਮਾੜਾ ਹੋ ਚੁੱਕਾ ਹੈ ਕਿ ਕੋਈ ਵੀ ਬਾਪ ਆਪਣੀ ਬੇਟੀ ਦਾ ਰਿਸ਼ਤਾ ਕਰਨ ਤੋਂ ਪਹਿਲਾ ਜ਼ਮੀਨ-ਜਾਇਦਾਦ ਨਹੀਂ, ਸਗੋਂ ਪਹਿਲ ਦੇ ਆਧਾਰ 'ਤੇ ਇਹੀ ਪੁੱਛ-ਪੜਤਾਲ ਕਰਦਾ ਹੈ ਕਿ ਕਿਧਰੇ ਮੁੰਡਾ ਨਸ਼ਾ ਤਾਂ ਨਹੀਂ ਕਰਦਾ। ਕਿਧਰ ਨੂੰ ਜਾ ਰਹੇ ਹਾਂ ਅਸੀਂ। ਉਹਨਾਂ ਵਿਚਾਰੀਆਂ ਸੱਜ-ਵਿਆਹੀਆਂ ਦਾ ਕੀ ਕਸੂਰ ਹੈ, ਜਿਹੜੀਆਂ ਵਿਆਹ ਤੋਂ ਬਾਅਦ ਇਸ ਕੌੜੇ ਸੱਚ ਦਾ ਸਾਹਮਣਾ ਕਰਦੀਆਂ ਹਨ ਕਿ ਪਤੀ-ਦੇਵ ਤਾਂ ਨਸ਼ਾ ਕਰਦਾ ਹੈ। ਕੀ ਬੀਤਦੀ ਹੋਵੇਗੀ ਉਸ ਮਾਂ-ਬਾਪ 'ਤੇ, ਜਿਹੜੇ ਇੰਨਾ ਖਰਚ-ਖਰਚਾਅ ਕਰਕੇ ਅਜਿਹੀ ਸਥਿਤੀ ਦਾ ਸਾਹਮਣਾ ਕਰਦੇ ਹਨ। ਉਹ ਗਲ ਵਿਚ ਰੱਸੇ ਪਾ ਕੇ ਜਾਂ ਜ਼ਹਿਰੀਲੀ ਦਵਾਈ ਪੀ ਕੇ ਜੀਵਨ-ਲੀਲਾ ਖਤਮ ਨਹੀਂ ਕਰਨਗੇ ਤਾਂ ਹੋਰ ਕੀ ਕਰਨਗੇ। ਲੋੜ ਸੀ ਨੌਜਵਾਨਾਂ ਦੁਆਰਾ ਆਪਣੇ ਮਾਪਿਆਂ ਦਾ ਸਹਾਰਾ ਬਣਨ ਦੀ ਤੇ ਆਪਣੀਆਂ ਜਿੰਮੇਵਾਰੀਆਂ ਨਿਭਾਉਣ ਦੀ ਪਰ ਉਹ ਤਾਂ ਕਿਧਰੇ ਰਹਿ ਗਈਆਂ, ਜਵਾਨੀ ਨੂੰ ਸਾਂਭਣ ਤੱਕ ਦੀ ਜਿੰਮੇਵਾਰੀ ਵੀ ਨਿਭਦੀ ਨਜ਼ਰ ਨਹੀਂ ਆ ਰਹੀ।
ਵਧਾਈਆਂ ਉਨ੍ਹਾਂ ਮਿੱਤਰ-ਪਿਆਰਿਆਂ ਨੂੰ, ਜਿਹੜੇ ਨਿਭਾਅ ਰਹੇ ਹਨ ਆਪਣੀਆਂ ਜ਼ਿੰਮੇਵਾਰੀਆਂ ਤੇ ਸਾਥ ਦੇ ਰਹੇ ਹਨ ਆਪਣੇ ਬਾਪ ਦਾ ਕਬੀਲਦਾਰੀ ਜਾਂ ਕਿਸੇ ਵੀ ਹੋਰ ਧੰਦੇ ਵਿਚ। ਆਉ, “ਨਸ਼ਿਆਂ ਨੂੰ ਨਕਾਰੋ ਦੋਸਤੋ” ਤੇ ਸੁਚੱਜੇ ਤੇ ਹੋਣਹਾਰ ਨੌਜਵਾਨਾਂ ਦੀ ਰੀਸ ਕਰੋ ਤੇ ਸਿੱਧ ਕਰ ਦਿਉ ਕਿ ਤੁਹਾਡੇ ਅੰਦਰ ਅੱਜ ਵੀ ਆਪਣੇ ਪੁਰਖੇ ਗੁਰੂ-ਸਾਹਿਬਾਨਾਂ ਦਾ ਮਾਣ-ਮੱਤਾ ਜੋਸ਼ ਬਰਕਰਾਰ ਹੈ ਤੇ ਬਣ ਜਾਉ ਬਾਬੇ ਬਚਿੱਤਰ ਸਿੰਘ ਵਰਗਿਆਂ ਦੇ ਭਰਾ, ਜਿਸ ਯੋਧੇ ਨੇ ਦੁਨੀਚੰਦ ਦੇ ਭੱਜ ਜਾਣ ਦੇ ਬਾਵਜੂਦ ਵੀ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਲੈ ਕੇ ਮਸਤ ਹਾਥੀ ਦਾ ਖਾਤਮਾ ਕਰ ਦਿੱਤਾ ਸੀ। ਅਜੋਕੇ ਸਮੇਂ ਵਿਚ ਤਾਂ ਕਈ ਸੰਸਥਾਵਾਂ, ਟਰੱਸਟ ਤੇ ਅਦਾਰੇ ਵੀ ਨਸ਼ਿਆਂ ਖਿਲਾਫ ਪ੍ਰਚਾਰ ਕਰ ਰਹੇ ਹਨ। ਉਹਨਾਂ ਦੀ ਗੱਲ ਧਿਆਨ ਨਾਲ ਸੁਣਿਆਂ ਵੀ 'ਨਸ਼ਿਆਂ' ਤੋਂ ਖਲਾਸੀ ਹੋ ਸਕਦੀ ਹੈ।
ਜੋ ਜਿਹੜੇ ਨਸ਼ੇ ਰੂਪੀ ਸਿਉਂਕ ਦੁਆਰਾ ਖਾਧੇ ਜਾਣ ਤੋਂ ਬਾਅਦ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ, ਉਹਨਾਂ ਤੋਂ ਇਕ ਸਿੱਖਿਆ ਦਾ ਮੰਤਰ ਗ੍ਰਹਿਣ ਕਰੀਏ ਕਿ ਅਸੀਂ ਉਸ ਰਾਹੇ ਅੱਜ ਤੋਂ ਹੀ ਨਹੀਂ ਜਾਣਾ। ਅਸੀਂ ਤੁਰਨਾ ਹੈ ਸੱਚ ਦੀ ਰਾਹ 'ਤੇ, ਆਦਰਸ਼ ਮੰਨਣਾ ਹੈ ਦਸ਼ਮੇਸ਼ ਪਿਤਾ ਦੇ ਲਾਲਾਂ ਨੂੰ ਤੇ ਅਗਵਾਈ ਲੈਣੀ ਹੈ ਸਰਬ-ਸਾਂਝੀਵਾਲਤਾ ਦਾ ਹੋਕਾ ਦੇਣ ਵਾਲੇ ਮਹਾਨ ਰਹਿਬਰ “ਸ੍ਰੀ ਗੁਰੂ ਗੰ੍ਰਥ ਸਾਹਿਬ” ਜੀ ਤੋਂ ਅਤੇ ਫਿਰ ਵੇਖਿਉ ਕਿ ਕਿਵੇਂ ਮਾਣਮੱਤੀਆਂ ਪ੍ਰਾਪਤੀਆਂ ਤੁਹਾਡੇ ਕਦਮਾਂ 'ਤੇ ਹੋਣਗੀਆਂ ਤੇ ਤੁਸੀਂ ਸਾਰੇ ਹੀ ਆਪਣੇ-ਆਪ 'ਤੇ ਬਹੁਤ ਜ਼ਿਆਦਾ ਫਖਰ ਕਰੋਗੇ। ਤਾਂਹੀਉਂ ਤਾਂ ਇਹੀ ਗੱਲ ਵਾਰ-ਵਾਰ ਉਪਰ ਆਪਾਂ ਸਾਂਝੀ ਕਰ ਰਹੇ ਹਾਂ ਕਿ “ਨਸ਼ਿਆਂ ਨੂੰ ਨਕਾਰੋ ਦੋਸਤੋ”। ਅੰਤ ਵਿਚ ਸਮੇਂ ਦੀਆਂ ਸਰਕਾਰਾਂ ਨੂੰ ਵੀ ਅਪੀਲ ਹੈ ਕਿ ਉਹ ਵੀ ਜਵਾਨੀ ਨੂੰ ਬਚਾਉਣ ਲਈ ਪਹਿਲਾਂ ਤੋਂ ਹੀ ਵਿੱਢੀਆਂ ਜਾ ਚੁੱਕੀਆਂ ਮੁਹਿੰਮਾਂ ਨੂੰ ਹੋਰ ਤੇਜ਼ੀ ਨਾਲ ਚਲਾਉਣ ਤਾਂ ਕਿ ਨਸ਼ੇ ਕਰਨ ਵਾਲਿਆਂ ਦੇ ਨਾਲ-ਨਾਲ ਜਵਾਨੀਆਂ ਨੂੰ ਨਿਗਲਣ ਵਾਲੇ ਨਸ਼ੇ ਦੇ ਸੋਦਾਗਰਾਂ ਨੂੰ ਵੀ ਸਬਕ ਮਿਲ ਸਕੇ।
ਧੰਨਵਾਦ ਸਹਿਤ,
ਮਾਸਟਰ ਗੁਰਦੇਵ ਸਿੰਘ ਨਾਰਲੀ,
ਕਾਰਜਕਾਰੀ ਮੁੱਖ ਅਧਿਆਪਕ ਸਰਕਾਰੀ ਐਲੀਮੈਂਟਰੀ ਸਕੂਲ ਧੁੰਨ (ਤਰਨ ਤਾਰਨ)।
9814658915