ਗੁਰਦਾਸਪੁਰ (ਹਰਮਨਪ੍ਰੀਤ) - ਰਸਾਇਣਕ ਖਾਦਾਂ ਦਵਾਈਆਂ ਦੀ ਬੇਤਹਾਸ਼ਾ ਵਰਤੋਂ ਵਾਲੇ ਇਸ ਦੌਰ ਵਿਚ ਜਿੱਥੇ ਫਲ-ਸਬਜ਼ੀਆਂ ਦੀ ਜ਼ਹਿਰ ਮੁਕਤ ਕਾਸ਼ਤ ਕਿਸਾਨਾਂ ਲਈ ਚੰਗੀ ਆਮਦਨ ਦਾ ਸੋਮਾ ਬਣਨ ਤੋਂ ਇਲਾਵਾ ਹੋਰ ਕਈ ਸਮੱਸਿਆਵਾਂ ਦਾ ਹੱਲ ਕਰ ਸਕਦੀ ਹੈ। ਉਥੇ ਜੈਵਿਕ ਕਣਕ ਦੀ ਖੇਤੀ ਵੀ ਕਿਸਾਨਾਂ ਲਈ ਵਰਦਾਨ ਸਿੱਧ ਹੋ ਸਕਦੀ ਹੈ। ਕਣਕ ਦੀ ਜੈਵਿਕ ਖੇਤੀ ਲਈ ਕਿਸਾਨ ਖੇਤ ਦੀ ਚੋਣ, ਬੀਜ ਦੀ ਕਿਸਮ, ਬਿਜਾਈ ਦਾ ਸਮਾਂ, ਬੀਜ ਦੀ ਸੋਧ, ਜੀਵਾਣੂ ਖਾਦਾਂ ਦੀ ਵਰਤੋਂ ਸਮੇਤ ਕੁਝ ਅਹਿਮ ਗੱਲਾਂ ਦਾ ਧਿਆਨ ਰੱਖ ਕੇ ਅਸਾਨੀ ਨਾਲ ਜੈਵਿਕ ਕਣਕ ਤਿਆਰ ਕਰ ਸਕਦੇ ਹਨ।
ਕਿਹੋ ਜਿਹਾ ਹੋਣਾ ਚਾਹੀਦੈ ਖੇਤ?
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਕੂਲ ਆਫ ਆਰਗੈਨਿਕ ਫਾਰਮਿੰਗ ਦੇ ਮਾਹਿਰ ਚਰਨਜੀਤ ਸਿੰਘ ਔਲਖ, ਅਮਨਦੀਪ ਸਿੰਘ ਸਿੱਧੂ ਅਤੇ ਮਨਮੋਹਨ ਢਕਾਲ ਨੇ ਦੱਸਿਆ ਕਿ ਜੈਵਿਕ ਖੇਤੀ ਲਈ ਸਭ ਤੋਂ ਉਪਜਾਊ ਖੇਤ ਦੀ ਚੋਣ ਕੀਤੀ ਜਾਣੀ ਚਾਹੀਦੀ ਹੈ। ਜੈਵਿਕ ਖੇਤ ਦੇ ਆਲੇ ਦੁਆਲੇ ਸੜਕ, ਨਹਿਰ ਜਾਂ ਖਾਲ ਆਦਿ ਹੋਵੇ ਤਾਂ ਠੀਕ ਹੈ। ਜੇਕਰ ਅਜਿਹਾ ਨਹੀਂ ਤਾਂ ਜੈਵਿਕ ਤਸਦੀਕੀਕਰਨ ਕਰਵਾਉਣ ਲਈ ਦੂਸਰੇ ਖੇਤਾਂ ਤੋਂ ਵਖਰੇਵੇਂ ਲਈ ਕੋਈ ਹੋਰ ਫਸਲ ਦੀ ਵਾੜ ਲਗਾਉਣ ਦੀ ਲੋੜ ਪੈਂਦੀ ਹੈ। ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜੈਵਿਕ ਖੇਤੀ ਥੋੜੇ ਸਮੇਂ ਲਈ ਠੇਕੇ ’ਤੇ ਲਈ ਜ਼ਮੀਨ ’ਤੇ ਨਾ ਕੀਤੀ ਜਾਵੇ। ਖੇਤ ਨੂੰ ਜੈਵਿਕ ਪ੍ਰਮਾਣਿਤ ਹੋਣ ’ਚ 3 ਸਾਲ ਲੱਗ ਜਾਂਦੇ ਹਨ।
ਕਣਕ ਦੀ ਕਿਸਮ ਅਤੇ ਬੀਜ ਦੀ ਚੋਣ ਕਰਨ ਸਬੰਧੀ ਨੁਕਤੇ
ਮਾਹਿਰਾਂ ਨੇ ਦੱਸਿਆ ਕਿ ਯੂਨੀਵਰਸਿਟੀ ਵਲੋਂ ਸਿਫਾਰਿਸ਼ ਸੁਧਰੀਆਂ ਕਿਸਮਾਂ ਵਿਚੋਂ ਕੋਈ ਵੀ ਕਿਸਮ ਜੈਵਿਕ ਖੇਤੀ ਅਧੀਨ ਬੀਜੀ ਜਾ ਸਕਦੀ ਹੈ ਅਤੇ ਇਹ ਕਿਸਮਾਂ ਬੀਮਾਰੀਆਂ ਦਾ ਚੰਗੀ ਤਰ੍ਹਾਂ ਟਾਕਰਾ ਕਰ ਕੇ ਚੰਗਾ ਝਾੜ ਦੇ ਸਕਦੀਆਂ ਹਨ। ਪਰ ਉੱਨਤ ਪੀ. ਬੀ. ਡਬਲਯੂ. 550, ਪੀ. ਬੀ. ਡਬਲਯੂ. 660 ਅਤੇ ਪੀ. ਬੀ. ਡਬਲਯੂ. 1 ਜ਼ਿੰਕ ਕਿਸਮਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ, ਕਿਉਂਕਿ ਇਨ੍ਹਾਂ ਦੇ ਆਟੇ ਦੀ ਰੋਟੀ ਸਵਾਦ ਬਣਦੀ ਹੈ। ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਕਣਕ ਦਾ ਬੀਜ ਜੈਵਿਕ ਹੋਵੇ। ਜੇਕਰ ਜੈਵਿਕ ਬੀਜ ਉਪਲੱਬਧ ਨਾ ਹੋਵੇ ਤਾਂ ਆਮ ਬੀਜ ਵੀ ਵਰਤਿਆ ਜਾ ਸਕਦਾ ਹੈ ਪਰ ਇਸ ਨੂੰ ਕਿਸੇ ਉਲੀਨਾਸ਼ਕ ਜਾਂ ਕੀਟਨਾਸ਼ਕ ਨਾਲ ਨਾ ਸੋਧਿਆ ਗਿਆ ਹੋਵੇ।
ਬੀਜ ਦੀ ਸੋਧ
ਜੈਵਿਕ ਖੇਤੀ ਲਈ ਕਣਕ ਦਾ ਬੀਜ ਕਿਸੇ ਵੀ ਉਲੀਨਾਸ਼ਕ ਜਾਂ ਕੀਟਨਾਸ਼ਕ ਨਾ ਸੋਧਿਆ ਗਿਆ ਹੋਵੇ। ਅਗਲੇ ਸਾਲ ਦੀ ਜੈਵਿਕ ਕਣਕ ਵਿਚ ਕਾਂਗਿਆਰੀ ਦੀ ਰੋਕਥਾਮ ਲਈ ਮਈ-ਜੂਨ ਦੇ ਮਹੀਨੇ ਕਣਕ ਦੇ ਬੀਜ ਨੂੰ ਧੁੱਪ ਵਾਲੇ ਦਿਨ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ ਦੇ 12 ਵਜੇ ਤੱਕ ਪਾਣੀ ’ਚ ਭਿਉਂ ਕੇ ਰੱਖਣਾ ਚਾਹੀਦਾ ਹੈ। ਇਸ ਬੀਜ ਨੂੰ ਪਾਣੀ ਵਿਚੋਂ ਕੱਢ ਕੇ ਪੱਕੇ ਫਰਸ਼, ਚਟਾਈ ਜਾਂ ਤਰਪਾਲ ਉੱਪਰ ਧੁੱਪ ਵਿਚ ਸੁੱਕਣੇ ਪਾਉਣਾ ਚਾਹੀਦਾ ਹੈ। ਇਸ ਮੌਕੇ ਬੀਜ ਦੀ ਤਹਿ ਪਤਲੀ ਰੱਖਣੀ ਚਾਹੀਦੀ ਹੈ।
ਜੀਵਾਣੂ ਖਾਦ ਦੀ ਵਰਤੋਂ
ਮਾਹਿਰਾਂ ਨੇ ਦੱਸਿਆ ਕਿ ਇਕ ਏਕੜ ਦੇ ਬੀਜ ਨੂੰ 500 ਗ੍ਰਾਮ ਕਨਸ਼ੋਰਸ਼ੀਅਮ ਜਾਂ 250 ਗ੍ਰਾਮ ਅਜ਼ੋਟੋਬੈਕਟਰ ਅਤੇ 250 ਗ੍ਰਾਮ ਸਟਰੈਪਟੋਮਾਈਸੀਜ਼ ਜੀਵਾਣੂ ਖਾਦਾਂ (ਐਜ਼ੋ-ਐਸ) ਨਾਲ ਪੱਕੇ ਫਰਸ਼ ’ਤੇ ਇਕ ਲਿਟਰ ਪਾਣੀ ਵਰਤ ਕੇ ਚੰਗੀ ਤਰ੍ਹਾਂ ਮਿਲਾ ਲਓ। ਸੋਧੇ ਬੀਜ ਨੂੰ ਪੱਕੇ ਫਰਸ਼ ’ਤੇ ਖਿਲਾਰ ਕੇ ਛਾਵੇਂ ਸੁਕਾ ਲਓ ਅਤੇ ਛੇਤੀ ਬੀਜ ਦਿਓ। ਬੀਜ ਨੂੰ ਜੀਵਾਣੂ ਟੀਕਾ ਲਾਉਣ ਨਾਲ ਝਾੜ ਵੱਧਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਵਾਧਾ ਹੁੰਦਾ ਹੈ।
ਹੋਰ ਜ਼ਰੂਰੀ ਗੱਲਾਂ
ਬੀਜ ਨੂੰ ਡਰਿੱਲ ਨਾਲ 4-6 ਸੈਂਟੀਮੀਟਰ ਦੀ ਡੂੰਘਾਈ ’ਤੇ 22.5 ਸੈਂਟੀਮੀਟਰ ਦੀ ਵਿੱਥ ’ਤੇ ਬੀਜੋ। ਦਰਮਿਆਨੀਆਂ ਤੇ ਭਾਰੀਆਂ ਜ਼ਮੀਨਾਂ ਵਿਚ ਕਣਕ ਨੂੰ ਬੈਡਾ ’ਤੇ ਬੀਜਣ ਨਾਲ ਨਦੀਨ ਘੱਟ ਹੁੰਦੇ ਹਨ ਅਤੇ ਪਾਣੀ ਦੀ ਵੀ ਬਚਤ ਹੁੰਦੀ ਹੈ। ਬੈਡ ਪਲਾਂਟਰ ਨਾਲ 37.5 ਸੈਟੀਮੀਟਰ ਚੌੜੇ ਬੈੱਡ ’ਤੇ 20 ਸੈਂਟੀਮੀਟਰ ਦੀ ਵਿੱਥ ਤੇ ਕਣਕ ਦੀਆਂ ਦੋ ਕਤਾਰਾਂ ਬੀਜੀਆਂ ਜਾ ਸਕਦੀਆਂ ਹਨ।
ਖੁਰਾਕੀ ਤੱਤ
ਜੈਵਿਕ ਕਣਕ ਦੇ ਖੇਤ ਵਿਚ ਰੂੜੀ, ਗੰਡੋਆ ਖਾਦ ਅਤੇ ਕੰਪੋਸਟ ਆਦਿ ਵਰਤੇ ਜਾ ਸਕਦੇ ਹਨ। ਇਸ ਮੰਤਵ ਲਈ ਜੈਵਿਕ ਮਾਦੇ ਪੱਖੋਂ ਭਾਰੀ ਜ਼ਮੀਨ ਵਿਚ 8 ਟਨ, ਦਰਮਿਆਨੀ ਜ਼ਮੀਨ ਵਿਚ 12 ਟਨ ਅਤੇ ਹਲਕੀ ਜ਼ਮੀਨ ਵਿਚ 16 ਟਨ ਰੂੜੀ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ। ਜੇਕਰ ਸੁੱਕੀ ਰੂੜੀ ਪਾਉਣੀ ਹੋਵੇ ਤਾਂ 17 ਕੁਇੰਟਲ ਸੁੱਕੀ ਰੂੜੀ ਦੀ ਖਾਦ, 11 ਕੁਇੰਟਲ ਗੰਡੋਆ ਖਾਦ ਅਤੇ 6.6 ਕੁਇੰਟਲ ਰਿੰਡ ਦੀ ਖਲ ਪ੍ਰਤੀ ਏਕੜ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜੈਵਿਕ ਖਾਦਾਂ ਨੂੰ ਕਣਕ ਦੀ ਬਿਜਾਈ ਤੋਂ ਪਹਿਲਾਂ ਖੇਤ ਵਿਚ ਚੰਗੀ ਤਰ੍ਹਾਂ ਮਿਲਾ ਦੇਣਾ ਚਾਹੀਦਾ ਹੈ।
ਨਦੀਨਾਂ ਦੀ ਰੋਕਥਾਮ
ਕਣਕ ਦੀ ਜੈਵਿਕ ਖੇਤੀ ਲਈ ਨਦੀਨਾਂ ਦੀ ਰੋਕਥਾਮ ਲਈ ਕਾਸ਼ਤਕਾਰੀ ਢੰਗ ਅਪਣਾਉਣੇ ਚਾਹੀਦੇ ਹਨ। ਇਸ ਤਹਿਤ ਫਸਲ ਦੀ ਸਮੇਂ ਸਿਰ ਬਿਜਾਈ ਕਰ ਕੇ ਜਾਂ ਮਿੱਟੀ ਦੀ ਉਪਰਲੀ ਤਹਿ ਨੂੰ ਸੁਕਾ ਕੇ ਗੁੱਲੀ ਡੰਡੇ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਬੈਡਾਂ ’ਤੇ ਬੀਜੀ ਕਣਕ ’ਚ ਟਰੈਕਟਰ ਵਾਲੇ ਬੈੱਡ ਪਲਾਂਟਰ ਨੂੰ ਚਲਾ ਕੇ ਨਦੀਨਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਬਚੇ ਹੋਏ ਨਦੀਨਾਂ ਨੂੰ ਬੀਜ ਬਣਨ ਤੋਂ ਪਹਿਲਾਂ ਖੇਤ ਵਿਚੋਂ ਪੁੱਟ ਕੇ ਬਾਹਰ ਕੱਢ ਦੇਣਾ ਚਾਹੀਦਾ ਹੈ।
ਕੀੜਿਆਂ ਅਤੇ ਬੀਮਾਰੀਆਂ ਦੀ ਰੋਕਥਾਮ
ਮਾਹਿਰਾਂ ਨੇ ਦੱਸਿਆ ਕਿ ਕਿਸੇ ਰਸਾਇਣਕ ਕੀਟ ਅਤੇ ਉਲੀਨਾਸ਼ਕ ਦੀ ਵਰਤੋਂ ਨਹੀਂ ਕਰਨੀ। ਤੇਲਾ ਪੈਣ ’ਤੇ ਮਿੱਤਰ ਕੀੜੇ ਉਸਨੂੰ ਕਾਬੂ ਕਰ ਲੈਂਦੇ ਹਨ। ਜੇਕਰ ਹਮਲਾ 5 ਚੇਪੇ ਪ੍ਰਤੀ ਸਿੱਟਾ ਤੋਂ ਜ਼ਿਆਦਾ ਹੋਵੇ ਤਾਂ ਘਰ ਬਣਾਏ ਨਿੰਮ ਦੇ ਘੋਲ ਦੇ 2 ਲਿਟਰ ਨੂੰ 80-100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਹਫ਼ਤੇ-ਹਫ਼ਤੇ ਦੇ ਵਕਫੇ ’ਤੇ ਨੈਪਸੈਕ ਪੰਪ ਨਾਲ ਦੋ ਛਿੜਕਾਅ ਕਰੋ। ਨਿੰਮ ਦਾ ਘੋਲ ਤਿਆਰ ਕਰਨ ਲਈ ਚਾਰ ਕਿਲੋ ਨਿੰਮ ਦੇ ਪੱਤੇ, ਹਰੀਆਂ ਟਹਿਣੀਆਂ ਅਤੇ ਨਿਮੋਲੀਆਂ ਨੂੰ 10 ਲਿਟਰ ਪਾਣੀ ਵਿਚ 30 ਮਿੰਟ ਲਈ ਉਬਾਲੋ। ਇਸ ਘੋਲ ਨੂੰ ਕੱਪੜੇ ’ਚ ਛਾਣ ਕੇ ਤਿਆਰ ਕਰ ਲੈਣਾ ਚਾਹੀਦਾ ਹੈ।
ਜਾਣੋ ਹੁਣ ਤੱਕ ਹੋਈ ਭਾਰਤ ਵਿੱਚ ਸਾਉਣੀ ਦੀਆਂ ਫਸਲਾਂ ਦੀ ਖਰੀਦ
NEXT STORY