8 ਅਕਤੂਬਰ 2026 ਨੂੰ ਜਿਵੇਂ ਹੀ ਹਿੰਦੀ ਸਿਨੇਮਾ ਦੇ ਦਿੱਗਜ ਕਲਾਕਾਰ ਨਾਨਾ ਪਾਟੇਕਰ ਦੇ ਦਿਹਾਂਤ ਦੀ ਖ਼ਬਰ ਸੋਸ਼ਲ ਮੀਡੀਆ ’ਤੇ ਦੇਖੀ ਤਾਂ ਮਨ ਵਿੱਚ ਇੱਕਦਮ ਉਦਾਸੀ ਛਾ ਗਈ। ਸਵੇਰੇ ਇਸੇ ਤਰ੍ਹਾਂ ਮੋਬਾਈਲ ’ਤੇ ਕੁਝ ਖ਼ਬਰਾਂ ਆਦਿ ਦੇਖ ਰਿਹਾ ਸੀ। ਇਨ੍ਹਾਂ ਵਿੱਚ ਜ਼ਿਆਦਾਤਰ ਖ਼ਬਰਾਂ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੱਲੋਂ ਮੁੱਖ ਚੋਣ ਕਮਿਸ਼ਨ ਖ਼ਿਲਾਫ਼ ਛੇੜੇ ਗਏ ਅੰਦੋਲਨ ਨਾਲ ਸਬੰਧਤ ਸਨ। ਇਸੇ ਦੌਰਾਨ ਨਾਨਾ ਪਾਟੇਕਰ ਦੇ ਦਿਹਾਂਤ ਦੀ ਖ਼ਬਰ ਦੇਖੀ। ਪਹਿਲਾਂ ਤਾਂ ਯਕੀਨ ਨਹੀਂ ਹੋਇਆ। ਲੱਗਿਆ ਕਿ ਸ਼ਾਇਦ ਕਿਸੇ ਨੇ ਸਿਰਫ਼ ਵਿਊਜ਼ ਲੈਣ ਲਈ ਅਜਿਹੀ ਅਫ਼ਵਾਹ ਫੈਲਾ ਦਿੱਤੀ ਹੋਵੇ। ਪਰ ਜਦੋਂ ਇਸ ਖ਼ਬਰ ਦੀ ਪੁਸ਼ਟੀ ਲਈ ਵੱਖ-ਵੱਖ ਨਿਊਜ਼ ਚੈਨਲਾਂ ’ਤੇ ਵੀ ਇਹ ਖ਼ਬਰ ਪ੍ਰਸਾਰਿਤ ਹੁੰਦੀ ਦੇਖੀ ਤਾਂ ਯਕੀਨ ਹੋ ਗਿਆ ਕਿ ਇਹ ਅਫ਼ਵਾਹ ਨਹੀਂ, ਸਗੋਂ ਇੱਕ ਸੱਚਾਈ ਹੈ। ਕਾਸ਼! ਇਹ ਅਫ਼ਵਾਹ ਹੀ ਹੁੰਦੀ...! ਪਰ ਮੌਤ ਉਹ ਸੱਚਾਈ ਹੈ, ਜਿਸ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ। ਇੱਕ ਸ਼ਾਇਰ ਨੇ ਕੀ ਖ਼ੂਬ ਕਿਹਾ ਹੈ:
ਕਬਰ ਕੇ ਚੌਖਟੇ ਖ਼ਾਲੀ ਹੈਂ , ਉਨ੍ਹੇਂ ਮਤ ਭੁੱਲੋ,
ਜਾਣੇ ਕਬ ਕੌਣਸੀ ਤਸਵੀਰ ਲਗਾ ਦੀ ਜਾਏ।
ਉਂਝ ਤਾਂ ਭਾਰਤੀ ਸਿਨੇਮਾ ਦੀ ਦੁਨੀਆ ਵਿੱਚ ਸਿਤਾਰਿਆਂ ਦੀ ਕੋਈ ਕਮੀ ਨਹੀਂ ਹੈ। ਹਰ ਦੌਰ ਵਿੱਚ ਅਜਿਹੇ ਕਲਾਕਾਰ ਆਏ ਹਨ, ਜਿਨ੍ਹਾਂ ਨੇ ਆਪਣੀ ਖ਼ੂਬਸੂਰਤੀ, ਲੋਕਪ੍ਰਿਯਤਾ, ਸੰਵਾਦ ਅਦਾਇਗੀ ਜਾਂ ਅਦਾਕਾਰੀ ਦੇ ਬਲਬੂਤੇ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਵੱਖਰੀ ਥਾਂ ਬਣਾਈ। ਪਰ ਕੁਝ ਕਲਾਕਾਰ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਦੀ ਪਛਾਣ ਸਿਰਫ਼ ਉਨ੍ਹਾਂ ਦੀਆਂ ਫ਼ਿਲਮਾਂ ਦੀ ਕਾਮਯਾਬੀ ਤੱਕ ਸੀਮਤ ਨਹੀਂ ਹੁੰਦੀ, ਸਗੋਂ ਉਹ ਆਪਣੇ ਸੰਘਰਸ਼, ਸ਼ਖ਼ਸੀਅਤ, ਵਿਚਾਰਾਂ ਅਤੇ ਅਦਾਕਾਰੀ ਦੀ ਵਿਲੱਖਣ ਸ਼ੈਲੀ ਕਾਰਨ ਸਿਨੇਮਾ ਦੇ ਇਤਿਹਾਸ ਦਾ ਅਹਿਮ ਹਿੱਸਾ ਬਣ ਜਾਂਦੇ ਹਨ। ਨਿਸ਼ਚਿਤ ਤੌਰ ’ਤੇ ਨਾਨਾ ਪਾਟੇਕਰ ਵੀ ਅਜਿਹੇ ਹੀ ਕਲਾਕਾਰਾਂ ਵਿੱਚੋਂ ਇੱਕ ਸਨ।
ਨਾਨਾ ਪਾਟੇਕਰ ਦਾ ਅਸਲ ਨਾਮ ਵਿਸ਼ਵਨਾਥ ਪਾਟੇਕਰ ਸੀ। ਉਨ੍ਹਾਂ ਦਾ ਜਨਮ 1 ਜਨਵਰੀ 1951 ਨੂੰ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਮੁਰੂਡ-ਜੰਜੀਰਾ ਵਿੱਚ ਹੋਇਆ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਉਨ੍ਹਾਂ ਦਾ ਬਚਪਨ ਕਿਸੇ ਫ਼ਿਲਮੀ ਪਰਿਵਾਰ ਦੀ ਚਮਕ-ਦਮਕ ਵਿੱਚ ਨਹੀਂ, ਸਗੋਂ ਆਮ ਹਾਲਾਤਾਂ ਅਤੇ ਸੰਘਰਸ਼ਾਂ ਦੇ ਵਿਚਕਾਰ ਬੀਤਿਆ। ਆਰਥਿਕ ਮੁਸ਼ਕਲਾਂ ਨੇ ਉਨ੍ਹਾਂ ਨੂੰ ਬਹੁਤ ਛੋਟੀ ਉਮਰ ਵਿੱਚ ਹੀ ਜ਼ਿੰਦਗੀ ਦੀਆਂ ਹਕੀਕਤਾਂ ਨਾਲ ਜਾਣੂ ਕਰਵਾ ਦਿੱਤਾ। ਇਹੀ ਸੰਘਰਸ਼ ਅੱਗੇ ਚੱਲ ਕੇ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਅਦਾਕਾਰੀ ਦੀ ਸਭ ਤੋਂ ਵੱਡੀ ਪੂੰਜੀ ਬਣਿਆ।
ਨਾਨਾ ਨੇ ਮੁੰਬਈ ਦੇ ਸਰ ਜੇ.ਜੇ. ਸਕੂਲ ਆਫ਼ ਆਰਟ ਤੋਂ ਸਿੱਖਿਆ ਹਾਸਲ ਕੀਤੀ। ਉਨ੍ਹਾਂ ਨੇ ਰੰਗਮੰਚ ਤੋਂ ਆਪਣੇ ਅਦਾਕਾਰੀ ਜੀਵਨ ਦੀ ਸ਼ੁਰੂਆਤ ਕੀਤੀ। ਥੀਏਟਰ ਨੇ ਉਨ੍ਹਾਂ ਨੂੰ ਅਦਾਕਾਰੀ ਦੀ ਉਹ ਬੁਨਿਆਦੀ ਸਮਝ ਦਿੱਤੀ, ਜਿਸ ਨੇ ਬਾਅਦ ਵਿੱਚ ਉਨ੍ਹਾਂ ਨੂੰ ਫ਼ਿਲਮੀ ਪਰਦੇ ਦੇ ਅਨੇਕ ਵੱਡੇ ਸਿਤਾਰਿਆਂ ਤੋਂ ਵੱਖਰੀ ਪਛਾਣ ਦਿਵਾਈ। ਰੰਗਮੰਚ ਕਿਸੇ ਵੀ ਅਦਾਕਾਰ ਲਈ ਸਿਰਫ਼ ਸੰਵਾਦ ਬੋਲਣ ਦਾ ਮਾਧਿਅਮ ਨਹੀਂ ਹੁੰਦਾ, ਸਗੋਂ ਇਹ ਅਦਾਕਾਰੀ ਦੀ ਇੱਕ ਪ੍ਰਯੋਗਸ਼ਾਲਾ ਹੁੰਦੀ ਹੈ, ਜਿੱਥੇ ਕਲਾਕਾਰ ਨੂੰ ਕੈਮਰੇ ਦੇ ਸਹਾਰੇ ਤੋਂ ਬਿਨਾਂ ਆਪਣੇ ਸਰੀਰ, ਆਵਾਜ਼, ਭਾਵਨਾਵਾਂ ਅਤੇ ਸੰਵਾਦਾਂ ਰਾਹੀਂ ਦਰਸ਼ਕਾਂ ਨਾਲ ਸਿੱਧਾ ਸੰਵਾਦ ਕਰਨਾ ਪੈਂਦਾ ਹੈ। ਨਾਨਾ ਪਾਟੇਕਰ ਨੇ ਇਸੇ ਔਖੇ ਸਕੂਲ ਵਿੱਚ ਆਪਣੀ ਅਦਾਕਾਰੀ ਨੂੰ ਤਰਾਸ਼ਿਆ ਅਤੇ ਸੰਵਾਰਿਆ।
ਫ਼ਿਲਮਾਂ ਵਿੱਚ ਆਉਣ ਤੋਂ ਬਾਅਦ ਸ਼ੁਰੂਆਤੀ ਦੌਰ ਵਿੱਚ ਉਨ੍ਹਾਂ ਨੂੰ ਵੱਡੇ ਮੌਕਿਆਂ ਲਈ ਇੰਤਜ਼ਾਰ ਕਰਨਾ ਪਿਆ। ਉਨ੍ਹਾਂ ਨੇ ਛੋਟੀਆਂ-ਵੱਡੀਆਂ ਭੂਮਿਕਾਵਾਂ ਸਵੀਕਾਰ ਕੀਤੀਆਂ ਅਤੇ ਹੌਲੀ-ਹੌਲੀ ਆਪਣੀ ਥਾਂ ਬਣਾਈ। ‘ਗਮਨ’, ‘ਆਜ ਕੀ ਆਵਾਜ਼’, ‘ਪ੍ਰਤਿਘਾਤ’ ਅਤੇ ‘ਸਲਾਮ ਬੰਬੇ!’ ਵਰਗੀਆਂ ਫ਼ਿਲਮਾਂ ਨੇ ਉਨ੍ਹਾਂ ਅੰਦਰ ਛੁਪੇ ਗੰਭੀਰ ਅਦਾਕਾਰ ਨੂੰ ਸਾਹਮਣੇ ਲਿਆਉਣਾ ਸ਼ੁਰੂ ਕੀਤਾ। ਨਾਨਾ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਰਹੀ ਕਿ ਉਨ੍ਹਾਂ ਨੇ ਕਦੇ ਰਵਾਇਤੀ ‘ਹੀਰੋ’ ਬਣਨ ਦੀ ਦੌੜ ਵਿੱਚ ਆਪਣੇ ਆਪ ਨੂੰ ਸੀਮਤ ਨਹੀਂ ਰੱਖਿਆ। ਜਿਹੜੀ ਭੂਮਿਕਾ ਉਨ੍ਹਾਂ ਲਈ ਮਹੱਤਵਪੂਰਨ ਹੁੰਦੀ ਅਤੇ ਜਿਸ ਵਿੱਚ ਅਦਾਕਾਰੀ ਦੀ ਸੰਭਾਵਨਾ ਹੁੰਦੀ, ਉਹ ਉਸ ਨੂੰ ਪੂਰੀ ਤਾਕਤ ਨਾਲ ਨਿਭਾਉਂਦੇ। ਕਿਰਦਾਰ ਛੋਟਾ ਹੋਵੇ ਜਾਂ ਵੱਡਾ, ਨਾਨਾ ਉਸ ਵਿੱਚ ਆਪਣੀ ਪੂਰੀ ਊਰਜਾ ਲਗਾਉਣ ਦੀ ਕੋਸ਼ਿਸ਼ ਕਰਦੇ ਸਨ।
1989 ਵਿੱਚ ਆਈ ਫ਼ਿਲਮ ‘ਪਰਿੰਦਾ’ ਨਾਨਾ ਪਾਟੇਕਰ ਦੇ ਕਰੀਅਰ ਦਾ ਇੱਕ ਮਹੱਤਵਪੂਰਨ ਪੜਾਅ ਬਣੀ। ਇਸ ਫ਼ਿਲਮ ਵਿੱਚ ਉਨ੍ਹਾਂ ਦੀ ਅਦਾਕਾਰੀ ਨੇ ਦਰਸ਼ਕਾਂ ਅਤੇ ਫ਼ਿਲਮ ਸਮੀਖਿਆਕਾਰਾਂ ਦੋਵਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਉਨ੍ਹਾਂ ਦੀ ਅਦਾਕਾਰੀ ਵਿੱਚ ਹਿੰਸਾ, ਕਰੂਰਤਾ ਅਤੇ ਮਾਨਸਿਕ ਜਟਿਲਤਾ ਦਾ ਜੋ ਮਿਲਾਪ ਦਿਖਾਈ ਦਿੱਤਾ, ਉਹ ਆਮ ਖਲਨਾਇਕੀ ਤੋਂ ਬਿਲਕੁਲ ਵੱਖਰਾ ਸੀ। ਇਸ ਫ਼ਿਲਮ ਲਈ ਉਨ੍ਹਾਂ ਨੂੰ ਰਾਸ਼ਟਰੀ ਫ਼ਿਲਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਦੀ ਗੰਭੀਰ ਅਦਾਕਾਰੀ ਦੀ ਰਾਸ਼ਟਰੀ ਪੱਧਰ ’ਤੇ ਪ੍ਰਵਾਨਗੀ ਸੀ।
ਮੈਂ ਆਪਣੇ ਵਿਦਿਆਰਥੀ ਜੀਵਨ ਵਿੱਚ ਉਨ੍ਹਾਂ ਦੀ 1994 ਵਿੱਚ ਆਈ ਫ਼ਿਲਮ ‘ਕ੍ਰਾਂਤੀਵੀਰ’ ਦੇਖੀ ਸੀ। ਇਸ ਫ਼ਿਲਮ ਨੇ ਨਾਨਾ ਨੂੰ ਲੋਕਪ੍ਰਿਯਤਾ ਦੇ ਇੱਕ ਨਵੇਂ ਸਿਖਰ ’ਤੇ ਪਹੁੰਚਾ ਦਿੱਤਾ। ਫ਼ਿਲਮ ਵਿੱਚ ਉਨ੍ਹਾਂ ਨੇ ਵਿਰੋਧ, ਰੋਸ ਅਤੇ ਸਮਾਜਿਕ ਬੇਇਨਸਾਫ਼ੀ ਦੇ ਖ਼ਿਲਾਫ਼ ਖੜ੍ਹੇ ਇੱਕ ਵਿਅਕਤੀ ਦੀ ਯਾਦਗਾਰ ਭੂਮਿਕਾ ਨਿਭਾਈ ਸੀ। ‘ਕ੍ਰਾਂਤੀਵੀਰ’ ਲਈ ਉਨ੍ਹਾਂ ਨੂੰ ਰਾਸ਼ਟਰੀ ਫ਼ਿਲਮ ਪੁਰਸਕਾਰ ਦੇ ਨਾਲ ਫ਼ਿਲਮਫੇਅਰ ਸਰਵੋਤਮ ਅਦਾਕਾਰ ਪੁਰਸਕਾਰ ਵੀ ਮਿਲਿਆ। ਇਹ ਉਨ੍ਹਾਂ ਦੇ ਕਰੀਅਰ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਵਿੱਚੋਂ ਇੱਕ ਸੀ।
ਨਾਨਾ ਪਾਟੇਕਰ ਦੀ ਅਦਾਕਾਰੀ ਸ਼ੈਲੀ ਨੂੰ ਕਿਸੇ ਇੱਕ ਪਰਿਭਾਸ਼ਾ ਵਿੱਚ ਬੰਨ੍ਹਣਾ ਮੁਸ਼ਕਲ ਹੈ। ਉਹ ਕਦੇ ਬਹੁਤ ਉੱਚੀ ਆਵਾਜ਼ ਵਿੱਚ ਬੋਲ ਕੇ ਪ੍ਰਭਾਵ ਪੈਦਾ ਕਰਦੇ ਸਨ ਅਤੇ ਕਦੇ ਸਿਰਫ਼ ਅੱਖਾਂ ਅਤੇ ਚਿਹਰੇ ਦੇ ਹਾਵ-ਭਾਵਾਂ ਨਾਲ ਪੂਰੇ ਦ੍ਰਿਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲੈਂਦੇ ਸਨ। ਜੇਕਰ ਉਨ੍ਹਾਂ ਦੀਆਂ ਹੋਰ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਨਾਨਾ ਪਾਟੇਕਰ ਨੇ ਆਪਣੇ ਲੰਮੇ ਫ਼ਿਲਮੀ ਕਰੀਅਰ ਵਿੱਚ ਇੱਕ ਤੋਂ ਵੱਧ ਕੇ ਇੱਕ ਵਿਭਿੰਨ ਅਤੇ ਯਾਦਗਾਰ ਕਿਰਦਾਰ ਨਿਭਾਏ। ‘ਤਿਰੰਗਾ’, ‘ਅਗਨੀਸਾਕਸ਼ੀ’, ‘ਖ਼ਾਮੋਸ਼ੀ: ਦ ਮਿਊਜ਼ਿਕਲ’, ‘ਵੈਲਕਮ’, ‘ਅਬ ਤਕ ਛੱਪਨ’, ‘ਅਪਹਰਨ’, ‘ਰਾਜਨੀਤੀ’ ਅਤੇ ‘ਨਟਸਮਰਾਟ’ ਵਰਗੀਆਂ ਫ਼ਿਲਮਾਂ ਵਿੱਚ ਉਨ੍ਹਾਂ ਨੇ ਵੱਖ-ਵੱਖ ਕਿਸਮ ਦੇ ਕਿਰਦਾਰ ਨਿਭਾਏ।
ਉਨ੍ਹਾਂ ਦੀ ਸਦਾਬਹਾਰ ਫ਼ਿਲਮ ‘ਵੈਲਕਮ’ ਅੱਜ ਵੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੀ ਹੈ। ‘ਵੈਲਕਮ’ ਵਰਗੀ ਹਾਸ-ਰਸ ਵਾਲੀ ਫ਼ਿਲਮ ਵਿੱਚ ਉਨ੍ਹਾਂ ਦਾ ਅੰਦਾਜ਼ ਦਰਸ਼ਕਾਂ ਨੂੰ ਬੇਹੱਦ ਪਸੰਦ ਆਇਆ। ਇਸ ਦੇ ਉਲਟ ‘ਅਬ ਤਕ ਛੱਪਨ’ ਵਿੱਚ ਪੁਲਿਸ ਅਧਿਕਾਰੀ ਦੀ ਭੂਮਿਕਾ ਵਿੱਚ ਉਨ੍ਹਾਂ ਨੇ ਇੱਕ ਬਿਲਕੁਲ ਵੱਖਰੀ ਸ਼ਖ਼ਸੀਅਤ ਪੇਸ਼ ਕੀਤੀ। ਇੱਥੇ ਇਹ ਵੀ ਇੱਕ ਇਤਫ਼ਾਕ ਦੀ ਗੱਲ ਹੈ ਕਿ ਇੱਕ ਮਹੀਨੇ ਦੇ ਅੰਦਰ ਹੀ ‘ਵੈਲਕਮ’ ਫ਼ਿਲਮ ਦੇ ਦੋ ਅਦਾਕਾਰ ਸਾਡੇ ਤੋਂ ਇੱਕ ਝਟਕੇ ਵਿੱਚ ਵਿਛੜ ਗਏ। ਇਨ੍ਹਾਂ ਵਿੱਚ ਇੱਕ ਬੱਲੂ, ਅਰਥਾਤ ਮੁਸ਼ਤਾਕ, ਅਤੇ ਦੂਜੇ ਉਸ ਦੇ ਭਰਾ ਉਦੈ ਸ਼ੈੱਟੀ, ਅਰਥਾਤ ਨਾਨਾ ਪਾਟੇਕਰ ਸਨ। ਅੱਜ ਵੀ ਇਨ੍ਹਾਂ ਦੋਵਾਂ ਅਦਾਕਾਰਾਂ ਦੀ ਜੁਗਲਬੰਦੀ ਦਰਸ਼ਕਾਂ ਨੂੰ ਹੱਸਣ ਲਈ ਮਜਬੂਰ ਕਰ ਦਿੰਦੀ ਹੈ।
ਇਸ ਤੋਂ ਇਲਾਵਾ ਮੈਂ ਸਮਝਦਾ ਹਾਂ ਕਿ ਨਾਨਾ ਪਾਟੇਕਰ ਦੇ ਅਦਾਕਾਰੀ ਜੀਵਨ ਦੀ ਚਰਚਾ ‘ਨਟਸਮਰਾਟ’ ਦੇ ਬਿਨਾਂ ਅਧੂਰੀ ਰਹੇਗੀ। ਇਸ ਫ਼ਿਲਮ ਵਿੱਚ ਉਨ੍ਹਾਂ ਨੇ ਗਣਪਤ ਬੇਲਵਲਕਰ ਦਾ ਕਿਰਦਾਰ ਨਿਭਾਇਆ—ਇੱਕ ਅਜਿਹੇ ਰੰਗਮੰਚੀ ਕਲਾਕਾਰ ਦਾ, ਜਿਸ ਨੇ ਆਪਣੀ ਪੂਰੀ ਜ਼ਿੰਦਗੀ ਅਦਾਕਾਰੀ ਨੂੰ ਸਮਰਪਿਤ ਕਰ ਦਿੱਤੀ, ਪਰ ਉਮਰ ਦੇ ਆਖ਼ਰੀ ਪੜਾਅ ਵਿੱਚ ਇਕੱਲੇਪਣ, ਅਣਗਹਿਲੀ ਅਤੇ ਪਰਿਵਾਰਕ ਵਿਡੰਬਨਾਵਾਂ ਨਾਲ ਜੂਝਦਾ ਹੈ।
ਇਹ ਭੂਮਿਕਾ ਸਿਰਫ਼ ਸੰਵਾਦਾਂ ਦੀ ਨਹੀਂ ਸੀ। ਇਸ ਵਿੱਚ ਇੱਕ ਕਲਾਕਾਰ ਦੀ ਟੁੱਟਣ, ਹੰਕਾਰ, ਪਿਆਰ, ਇਕੱਲਾਪਣ ਅਤੇ ਸਵੈਮਾਣ—ਸਭ ਕੁਝ ਸ਼ਾਮਲ ਸੀ। ਨਾਨਾ ਨੇ ਇਸ ਨੂੰ ਜਿਸ ਡੂੰਘਾਈ ਨਾਲ ਨਿਭਾਇਆ, ਉਸ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ। ‘ਨਟਸਮਰਾਟ’ ਵਿੱਚ ਉਨ੍ਹਾਂ ਦੀ ਅਦਾਕਾਰੀ ਇਸ ਗੱਲ ਦਾ ਸਬੂਤ ਹੈ ਕਿ ਉਮਰ ਵਧਣ ਦੇ ਨਾਲ ਕਲਾਕਾਰ ਦਾ ਤਜਰਬਾ ਉਸ ਦੀ ਸਭ ਤੋਂ ਵੱਡੀ ਤਾਕਤ ਬਣ ਸਕਦਾ ਹੈ। ਇੱਥੇ ਇਹ ਗੱਲ ਵੀ ਵਰਨਣਯੋਗ ਹੈ ਕਿ ਨਾਨਾ ਪਾਟੇਕਰ ਸਿਰਫ਼ ਅਦਾਕਾਰ ਹੀ ਨਹੀਂ ਸਨ। ਉਨ੍ਹਾਂ ਨੇ ਨਿਰਦੇਸ਼ਨ ਦੇ ਖੇਤਰ ਵਿੱਚ ਵੀ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ। ‘ਪ੍ਰਹਾਰ: ਦ ਫਾਈਨਲ ਅਟੈਕ’ ਦਾ ਨਿਰਦੇਸ਼ਨ ਉਨ੍ਹਾਂ ਨੇ ਖ਼ੁਦ ਕੀਤਾ। ਫ਼ਿਲਮ ਵਿੱਚ ਫ਼ੌਜ, ਅਨੁਸ਼ਾਸਨ, ਰਾਸ਼ਟਰ ਅਤੇ ਵਿਅਕਤੀ ਦੇ ਦਰਮਿਆਨ ਸਬੰਧਾਂ ਨੂੰ ਗੰਭੀਰਤਾ ਨਾਲ ਪੇਸ਼ ਕੀਤਾ ਗਿਆ।
ਨਿਰਦੇਸ਼ਕ ਵਜੋਂ ਵੀ ਨਾਨਾ ਦਾ ਰੁਝਾਨ ਚਮਕ-ਦਮਕ ਦੀ ਬਜਾਏ ਹਕੀਕਤ ਵੱਲ ਰਿਹਾ। ਉਨ੍ਹਾਂ ਦੀ ਨਜ਼ਰ ਵਿੱਚ ਕਹਾਣੀ ਅਤੇ ਪਾਤਰ ਮਹੱਤਵਪੂਰਨ ਰਹੇ, ਨਾ ਕਿ ਸਿਰਫ਼ ਮਨੋਰੰਜਨ। ਉਨ੍ਹਾਂ ਨੇ ਵੱਖ-ਵੱਖ ਸਮਾਜਿਕ ਮੁੱਦਿਆਂ ’ਤੇ ਵੀ ਆਪਣੀ ਬੇਬਾਕ ਰਾਏ ਰੱਖੀ। ਇਸ ਸੰਦਰਭ ਵਿੱਚ ਮਹਾਰਾਸ਼ਟਰ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਪੇਂਡੂ ਸਮਾਜ ਦੀਆਂ ਆਰਥਿਕ ਮੁਸ਼ਕਲਾਂ ਪ੍ਰਤੀ ਉਨ੍ਹਾਂ ਨੇ ਸਮੇਂ-ਸਮੇਂ ’ਤੇ ਚਿੰਤਾ ਪ੍ਰਗਟਾਈ ਅਤੇ ਮਦਦ ਦੇ ਯਤਨਾਂ ਨਾਲ ਵੀ ਜੁੜੇ ਰਹੇ।
ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਅਤੇ ਪੇਂਡੂ ਸੰਕਟ ਨੇ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਪ੍ਰਭਾਵਿਤ ਕੀਤਾ। ਉਨ੍ਹਾਂ ਨੇ ਇਸ ਮੁੱਦੇ ਨੂੰ ਸਿਰਫ਼ ਭਾਸ਼ਣਾਂ ਤੱਕ ਸੀਮਤ ਨਹੀਂ ਰੱਖਿਆ, ਸਗੋਂ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ ਦਾ ਯਤਨ ਵੀ ਕੀਤਾ। ਇਹ ਪਹਿਲ ਦੱਸਦੀ ਹੈ ਕਿ ਕਿਸੇ ਕਲਾਕਾਰ ਦੀ ਸਮਾਜਿਕ ਜ਼ਿੰਮੇਵਾਰੀ ਸਿਰਫ਼ ਪਰਦੇ ’ਤੇ ਸੰਦੇਸ਼ ਦੇਣ ਤੱਕ ਸੀਮਤ ਨਹੀਂ ਹੋਣੀ ਚਾਹੀਦੀ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਨਾਨਾ ਪਾਟੇਕਰ ਆਪਣੇ ਬੇਬਾਕ ਸੁਭਾਅ ਲਈ ਹਮੇਸ਼ਾ ਯਾਦ ਕੀਤੇ ਜਾਂਦੇ ਰਹਿਣਗੇ। ਉਹ ਆਪਣੀ ਗੱਲ ਨੂੰ ਘੁਮਾ-ਫਿਰਾ ਕੇ ਕਹਿਣ ਦੀ ਬਜਾਏ ਸਿੱਧੇ ਸ਼ਬਦਾਂ ਵਿੱਚ ਰੱਖਣ ਲਈ ਮਸ਼ਹੂਰ ਸਨ।
ਬੇਸ਼ੱਕ ਅੱਜ ਦੀ ਫ਼ਿਲਮੀ ਦੁਨੀਆ ਵਿੱਚ ਸੋਸ਼ਲ ਮੀਡੀਆ, ਪ੍ਰਚਾਰ ਅਤੇ ਸਟਾਰਡਮ ਕਿਸੇ ਕਲਾਕਾਰ ਦੀ ਲੋਕਪ੍ਰਿਯਤਾ ਤੈਅ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ। ਅਜਿਹੇ ਸਮੇਂ ਵਿੱਚ ਨਾਨਾ ਪਾਟੇਕਰ ਦਾ ਸਫ਼ਰ ਇੱਕ ਵੱਖਰਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਨੇ ਆਪਣੀ ਪਛਾਣ ਕਿਸੇ ਵੱਡੇ ਫ਼ਿਲਮੀ ਪਰਿਵਾਰ ਦੀ ਵਿਰਾਸਤ ਤੋਂ ਨਹੀਂ ਬਣਾਈ। ਉਨ੍ਹਾਂ ਨੇ ਸੰਘਰਸ਼ ਕੀਤਾ, ਥੀਏਟਰ ਕੀਤਾ, ਛੋਟੀਆਂ ਭੂਮਿਕਾਵਾਂ ਨਿਭਾਈਆਂ, ਅਸਫ਼ਲਤਾਵਾਂ ਦੇਖੀਆਂ ਅਤੇ ਹੌਲੀ-ਹੌਲੀ ਆਪਣੀ ਅਦਾਕਾਰੀ ਦੀ ਅਜਿਹੀ ਭਾਸ਼ਾ ਵਿਕਸਿਤ ਕੀਤੀ ਜਿਸ ਨੂੰ ਦਰਸ਼ਕ ਪਛਾਣਨ ਲੱਗ ਪਏ।
ਉਨ੍ਹਾਂ ਦਾ ਸਫ਼ਰ ਦੱਸਦਾ ਹੈ ਕਿ ਕਾਮਯਾਬੀ ਸਿਰਫ਼ ਮੌਕਾ ਮਿਲਣ ਨਾਲ ਨਹੀਂ ਆਉਂਦੀ। ਮੌਕਾ ਮਿਲਣ ਤੋਂ ਬਾਅਦ ਉਸ ਨੂੰ ਆਪਣੀ ਪ੍ਰਤਿਭਾ ਅਤੇ ਮਿਹਨਤ ਨਾਲ ਪ੍ਰਾਪਤੀ ਵਿੱਚ ਬਦਲਣਾ ਪੈਂਦਾ ਹੈ। ਨਾਨਾ ਪਾਟੇਕਰ ਨੂੰ ਸਿਰਫ਼ ਅਦਾਕਾਰ ਕਹਿਣਾ ਸ਼ਾਇਦ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਸੀਮਤ ਕਰਨਾ ਹੋਵੇਗਾ। ਉਹ ਉਸ ਪੀੜ੍ਹੀ ਦੇ ਕਲਾਕਾਰ ਸਨ, ਜਿਨ੍ਹਾਂ ਨੇ ਅਦਾਕਾਰੀ ਨੂੰ ਸਿਰਫ਼ ਇੱਕ ਪੇਸ਼ਾ ਨਹੀਂ ਮੰਨਿਆ, ਸਗੋਂ ਇਸ ਨੂੰ ਜ਼ਿੰਦਗੀ ਦੇ ਤਜਰਬਿਆਂ ਨਾਲ ਜੋੜਿਆ।
ਸਿਨੇਮਾ ਵਿੱਚ ਸਿਤਾਰੇ ਆਉਂਦੇ ਹਨ ਅਤੇ ਚਲੇ ਜਾਂਦੇ ਹਨ। ਲੋਕਪ੍ਰਿਯਤਾ ਦਾ ਦੌਰ ਵੀ ਬਦਲਦਾ ਰਹਿੰਦਾ ਹੈ। ਪਰ ਕੁਝ ਕਲਾਕਾਰ ਅਜਿਹੇ ਹੁੰਦੇ ਹਨ, ਜਿਨ੍ਹਾਂ ਦੀ ਪਛਾਣ ਕਿਸੇ ਇੱਕ ਫ਼ਿਲਮ, ਕਿਸੇ ਇੱਕ ਭੂਮਿਕਾ ਜਾਂ ਕਿਸੇ ਇੱਕ ਦੌਰ ਤੱਕ ਸੀਮਤ ਨਹੀਂ ਰਹਿੰਦੀ। ਦਰਅਸਲ ਨਾਨਾ ਪਾਟੇਕਰ ਵੀ ਉਸੇ ਸ਼੍ਰੇਣੀ ਵਿੱਚ ਆਉਂਦੇ ਹਨ। ਉਨ੍ਹਾਂ ਦੀ ਜ਼ਿੰਦਗੀ ਸਾਨੂੰ ਇਹ ਸਿਖਾਉਂਦੀ ਹੈ ਕਿ ਜੇਕਰ ਸੰਘਰਸ਼ ਇਨਸਾਨ ਨੂੰ ਤੋੜਨ ਦੀ ਬਜਾਏ ਉਸ ਨੂੰ ਆਪਣੇ ਅੰਦਰ ਝਾਤ ਮਾਰਨਾ ਸਿਖਾ ਦੇਵੇ ਤਾਂ ਉਹੀ ਸੰਘਰਸ਼ ਅੱਗੇ ਚੱਲ ਕੇ ਉਸ ਦੀ ਸਭ ਤੋਂ ਵੱਡੀ ਤਾਕਤ ਬਣ ਸਕਦਾ ਹੈ।
ਇੱਕ ਆਮ ਸ਼ਹਿਰ ਅਤੇ ਸੰਘਰਸ਼ਪੂਰਨ ਹਾਲਾਤਾਂ ਵਿੱਚੋਂ ਨਿਕਲ ਕੇ ਰਾਸ਼ਟਰੀ ਪੱਧਰ ਦੇ ਸਨਮਾਨਾਂ ਤੱਕ ਪਹੁੰਚਣਾ, ਥੀਏਟਰ ਤੋਂ ਫ਼ਿਲਮਾਂ ਤੱਕ ਆਪਣੀ ਪਛਾਣ ਬਣਾਉਣਾ, ਨਾਇਕ ਅਤੇ ਖਲਨਾਇਕ ਦੋਵਾਂ ਨੂੰ ਇੱਕੋ ਜਿਹੀ ਤਾਕਤ ਨਾਲ ਨਿਭਾਉਣਾ, ਨਿਰਦੇਸ਼ਨ ਕਰਨਾ ਅਤੇ ਸਮਾਜਿਕ ਮੁੱਦਿਆਂ ’ਤੇ ਆਪਣੀ ਆਵਾਜ਼ ਉਠਾਉਣਾ—ਨਾਨਾ ਪਾਟੇਕਰ ਦੀ ਜ਼ਿੰਦਗੀ ਇਨ੍ਹਾਂ ਸਾਰੇ ਪੜਾਵਾਂ ਵਿੱਚੋਂ ਲੰਘਦੀ ਹੈ। ਉਨ੍ਹਾਂ ਦੀ ਅਦਾਕਾਰੀ ਸਾਨੂੰ ਇਹ ਵਿਸ਼ਵਾਸ ਦਿਵਾਉਂਦੀ ਹੈ ਕਿ ਪਰਦੇ ’ਤੇ ਸਭ ਤੋਂ ਵੱਧ ਅਸਰ ਉਸੇ ਚਿਹਰੇ ਦਾ ਹੁੰਦਾ ਹੈ ਜਿਸ ਵਿੱਚ ਜ਼ਿੰਦਗੀ ਦੀ ਧੁੱਪ-ਛਾਂ ਦਿਖਾਈ ਦਿੰਦੀ ਹੋਵੇ।
ਨਾਨਾ ਪਾਟੇਕਰ ਨੇ ਅਦਾਕਾਰੀ ਕੀਤੀ ਨਹੀਂ, ਸਗੋਂ ਅਦਾਕਾਰੀ ਨੂੰ ਜੀਆ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਦਹਾਕਿਆਂ ਬਾਅਦ ਵੀ ਜਦੋਂ ਉਨ੍ਹਾਂ ਦਾ ਕੋਈ ਸੰਵਾਦ ਪਰਦੇ ’ਤੇ ਗੂੰਜਦਾ ਹੈ ਤਾਂ ਦਰਸ਼ਕ ਸਿਰਫ਼ ਇੱਕ ਅਦਾਕਾਰ ਦੀ ਆਵਾਜ਼ ਨਹੀਂ ਸੁਣਦੇ, ਸਗੋਂ ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਦੇ ਸਮਾਜ ਦੀ ਆਵਾਜ਼ ਸੁਣਾਈ ਦਿੰਦੀ ਹੈ ਅਤੇ ਇਹੀ ਕਿਸੇ ਵੀ ਸੱਚੇ ਕਲਾਕਾਰ ਦੀ ਸਭ ਤੋਂ ਵੱਡੀ ਕਾਮਯਾਬੀ ਦਾ ਰਾਜ਼ ਹੈ।
ਮੁਹੰਮਦ ਅੱਬਾਸ ਧਾਲੀਵਾਲ
ਸੰਪਰਕ : 9855259650
ਮਲੇਰਕੋਟਲਾ, ਪੰਜਾਬ
ਜਨਮ ਦਿਹਾੜੇ 'ਤੇ ਵਿਸ਼ੇਸ਼ : ਸੇਵਾ ਅਤੇ ਸਿਮਰਨ ਦੇ ਪੁੰਜ ਮਹੰਤ ਮਨਜੀਤ ਸਿੰਘ ਜੀ
NEXT STORY