ਦੀਪੀ ਜਿਵੇਂ ਨਾਮ ਸੋਹਣਾ ਸੀ ਉਸੇ ਤਰ੍ਹਾਂ ਉਹ ਖੁਦ ਵੀ ਬੜੀ ਸੋਹਣੀ ਤੇ ਪਿਆਰੀ ਸੀ। ਕਰੀਬ ਸਾਢੇ ਪੰਜ ਫੁੱਟ ਕੱਦ ਪਤਲਾ ਸਰੀਰ, ਗੋਰਾ ਰੰਗ ਤੇ ਮੋਤੀਆਂ ਵਾਂਗ ਚਮਕਦੀਆਂ ਅੱਖਾਂ ਜੋ ਵੀ ਉਸਨੂੰ ਇੱਕ ਵਾਰ ਵੇਖ ਲੈਂਦਾ, ਬਸ ਵੇਖਦਾ ਹੀ ਰਹਿ ਜਾਂਦਾ ਸੀ। ਹਰੇਕ ਨੂੰ ਮਿੱਠਾ ਬੋਲਣਾ ਤੇ ਹਮੇਸ਼ਾ ਖੁਸ਼ ਰਹਿਣਾ ਉਸਦਾ ਸੁਭਾਅ ਸੀ ਇਸੇ ਕਰਕੇ ਹੀ ਉਹ ਸਾਰਿਆਂ ਦੀ ਚਹੇਤੀ ਸੀ। ਦੀਪੀ ਦਾ ਬਾਪ ਸ਼ਹਿਰ ਦੁਕਾਨ ਕਰਦਾ ਸੀ ਅਤੇ ਉਸਦੀ ਮਾਂ ਕੱਪੜੇ ਸਿਊਂਦੀ ਸੀ। ਦੀਪੀ ਤੋਂ ਵੱਡੀ ਉਸਦੀ ਭੈਣ ਮਹਿਕ ਸੀ ਅਤੇ ਇੱਕ ਭਰਾ, ਜੋ ਦੀਪੀ ਤੋਂ ਛੋਟਾ ਸੀ। ਦੀਪੀ ਦੀ ਵੱਡੀ ਭੈਣ ਪੜ੍ਹਾਈ ਪੂਰੀ ਕਰਕੇ ਘਰ ਹੀ ਮਾਂ ਨਾਲ ਕੰਮ ਕਰਵਾਉਂਦੀ ਸੀ ਦੀਪੀ ਅਤੇ ਉਸਦਾ ਭਰਾ ਹਾਲੇ ਸਕੂਲ ਪੜ੍ਹਦੇ ਸਨ। ਦੀਪੀ ਪੜਾਈ 'ਚ ਬੜੀ ਹੁਸ਼ਿਆਰ ਸੀ, ਹਰ ਸਾਲ ਸਾਰੀ ਕਲਾਸ 'ਚੋਂ ਜਿਆਦਾ ਨੰਬਰ ਉਸਦੇ ਹੀ ਆਉਂਦੇ ਸਨ। ਉਹ ਸਕੂਲੀ ਗਤੀਵਿਧੀਆਂ 'ਚ ਵੀ ਬੜੇ ਉਤਸ਼ਾਹ ਨਾਲ ਭਾਗ ਲੈਂਦੀ। ਇਸ ਕਰਕੇ ਉਹ ਸਾਰੇ ਟੀਚਰਾਂ ਦੀ ਹਰਮਨ ਪਿਆਰੀ ਵਿਦਿਆਰਥਣ ਸੀ। ਬੋਰਡ ਪ੍ਰੀਖਿਆਵਾਂ ਹੋਈਆਂ ਦੀਪੀ ਨੇ ਬਹੁਤ ਹੀ ਵਧੀਆ ਨੰਬਰ ਪ੍ਰਾਪਤ ਕੀਤੇ, ਚੰਗੇ ਚੰਗੇ ਕਾਲਜ ਉਸਨੂੰ ਆਪਣੇ ਕਾਲਜ 'ਚ ਦਾਖਲਾ ਦੇਣਾ ਚਾਹੁੰਦੇ ਸਨ। ਦੀਪੀ ਨੇ ਇੱਕ ਵਧੀਆ ਕਾਲਜ ਦੀ ਚੋਣ ਕਰਕੇ ਉੱਥੇ ਦਾਖਲਾ ਲੈ ਲਿਆ। ਨਵੇਂ ਦੋਸਤ, ਨਵਾਂ ਵਾਤਾਵਰਣ ਅਤੇ ਨਵੇਂ ਮਾਹੌਲ 'ਚ ਉਸਨੇ ਖੁਦ ਨੂੰ ਛੇਤੀ ਹੀ ਢਾਲ ਲਿਆ ਸਕੂਲ ਦੀ ਤਰ੍ਹਾਂ ਉਹ ਕਾਲਜ 'ਚ ਵੀ ਆਪਣੀ ਪਛਾਣ ਬਣਾਉਣਾ ਚਾਹੁੰਦੀ ਸੀ। ਇਸ ਕਰਕੇ ਸਾਰੇ ਪ੍ਰੋਫੈਸਰਾਂ ਦੇ ਲੈਕਚਰ ਧਿਆਨ ਨਾਲ ਸੁਣਦੀ ਤੇ ਆਪਣਾ ਜ਼ਿਆਦਾ ਸਮਾਂ ਪੜ੍ਹਾਈ ਜਾਂ ਲਾਈਬ੍ਰੇਰੀ 'ਚ
ਗੁਜਾਰਦੀ। ਉਸਦੇ ਦੋਸਤ ਵੀ ਸਾਰੇ ਹੁਸ਼ਿਆਰ ਹੀ ਸਨ। ਪਹਿਲੇ ਸਮੈਸਟਰ ਦੀਆਂ ਪ੍ਰੀਖਿਆਵਾਂ ਹੋਈਆਂ ਦੀਪੀ ਨੇ ਸਾਰੀ ਕਲਾਸ 'ਚੋਂ ਟਾਪ ਕੀਤਾ। ਪੜ੍ਹਾਈ, ਅਨੁਸ਼ਾਸਨ ਅਤੇ ਸ਼ੋਸ਼ਲ ਵਰਕ ਕਰਕੇ ਦੀਪੀ ਛੇਤੀ ਹੀ ਕਾਲਜ ਦੇ ਕਾਬਲ ਵਿਦਿਆਰਥੀਆਂ 'ਚੋਂ ਇੱਕ ਬਣ ਗਈ। ਮਾਪਿਆਂ ਨਾਲ ਮੀਟਿੰਗ ਸਮੇਂ ਅਧਿਆਪਕਾਂ ਮੂੰਹੋਂ ਆਪਣੀ ਧੀ ਦੀਆਂ ਸਿਫਤਾਂ ਸੁਣ ਦੀਪੀ ਦੇ ਬਾਪ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ।
ਨੀ ਭੈਣੇ ਆਹ ਦੀਨੇ ਦੀ ਕੁੜੀ ਦੀਪੀ ਤਾਂ ਬੜੀ ਸਿਆਣੀ ਆ, ਆਹ ਜਵਾਕ ਦੱਸਦੇ ਸੀ ਕਿ ਸਾਰੇ ਕਾਲਜ 'ਚੋਂ ਜਿਆਦਾ ਨੰਬਰ ਆਉਂਦੇ ਆ ਨਾਲੇ ਸੁੱਖ ਨਾਲ ਸੋਹਣੀ ਕਿੰਨੀ ਆ, ਇਹਨੂੰ ਤਾਂ ਕੋਈ ਨਾ ਕੋਈ ਸਰਕਾਰੀ ਨੌਕਰੀ ਮਿਲ ਹੀ ਜਾਣੀ ਆ, ਨਾਲੇ ਵਿਆਹ ਵੇਲੇ ਵੇਖੀ ਕਿੰਨਾ ਚੰਗਾ ਪਰਿਵਾਰ ਮਿਲਣਾ ਕਰਮਾਂ ਆਲੀ ਨੂੰ।
ਸਹੀ ਗੱਲ ਆ ਭੈਣੇ, ਦੀਨੇ ਕੇ ਸਾਰੇ ਜਵਾਕ ਹੀ ਸਿਆਣੇ ਆ ਬਾਕੀ ਆਪੋ ਆਪਣੇ ਕਰਮ ਹੁੰਦੇ ਆ, ਚੱਲ ਚੰਗਾ ਜੇ ਬੰਦਾ ਔਲਾਦ ਕੰਨੀਉ ਸੌਖਾ ਤਾਂ ਸਾਰਾ ਕੁਝ ਸੌਖਾ। ਅਕਸਰ ਆਂਢ-ਗੁਆਂਢ ਦੀਆਂ ਔਰਤਾਂ ਦੀਨ ਰਾਮ ਤੇ ਉਸਦੀ ਧੀ ਦੀਪੀ ਦੀਆਂ ਸਿਫਤਾਂ ਕਰਦਿਆਂ ਤੇ ਆਪਣੇ ਬੱਚਿਆਂ ਨੂੰ
ਉਹਨਾਂ ਦੀਆਂ ਉਦਾਹਰਣਾਂ ਦਿੰਦਾ।
ਹੁਣ ਤੱਕ ਦੀਪੀ ਦੀ ਵੱਡੀ ਭੈਣ ਵਿਆਹੁਣ ਯੋਗ ਹੋ ਗਈ ਸੀ। ਸੋ ਇਸ ਕਰਕੇ ਦੀਨ ਰਾਮ ਨੇ ਉਸ ਲਈ ਕਿਸੇ ਯੋਗ ਪਰਿਵਾਰ ਦੀ ਤਲਾਸ਼ ਸ਼ੁਰੂ ਕੀਤੀ। ਇੱਕ ਦੋ ਪਰਿਵਾਰ ਵੇਖਣ ਤੋਂ ਬਾਅਦ ਉਸਨੇ ਇੱਕ ਪਰਿਵਾਰ ਨੂੰ ਲੜਕੀ ਵੇਖਣ ਲਈ ਇੱਕ ਹੋਟਲ 'ਚ ਸੱਦਿਆ। ਲੜਕਾ ਭਾਵੇਂ ਥੋੜ੍ਹਾ ਰੰਗ ਦਾ ਪੱਕਾ ਤੇ ਸ਼ਰੀਰ ਦਾ ਭਾਰੀ ਸੀ ਪਰ ਉਸ ਕੋਲ ਚੰਗੀ ਜ਼ਾਇਦਾਦ ਸੀ। ਸ਼ਹਿਰ 'ਚ ਮਸਾਲਿਆਂ ਦਾ ਚੰਗਾ ਕਾਰੋਬਾਰ ਸੀ। ਉਧਰੋਂ ਸੋਹਣੀ ਤੇ ਸੁਸ਼ੀਲ ਲੜਕੀ ਵੇਖ ਅਤੇ ਇੱਧਰੋਂ ਚੰਗੀ ਜ਼ਾਇਦਾਦ ਵੇਖਕੇ ਝੱਟ ਹਾਂ ਹੋ ਗਈ ਸੀ, ਪਰਿਵਾਰ ਦੋਵੇਂ ਹੀ ਖੁਸ਼ ਸਨ। ਕੁਝ ਦਿਨਾਂ ਬਾਅਦ ਸ਼ਗਨ ਦੀ ਰਸਮ ਹੋ ਗਈ ਤੇ ਫਿਰ ਇੱਕ ਸ਼ੁੱਭ ਦਿਨ ਕਢਵਾ ਕੇ ਵਿਆਹ ਰੱਖ ਦਿੱਤਾ। ਦੀਨ ਰਾਮ ਨੇ ਆਪਣੀ ਧੀ ਦਾ ਵਿਆਹ ਬੜੀ ਧੂਮ ਧਾਮ ਨਾਲ ਕੀਤਾ, ਬਰਾਤ ਦੀ ਖੂਬ ਸੇਵਾ ਕੀਤੀ ਤੇ ਖੁਸ਼ੀ ਖੁਸ਼ੀ ਆਪਣੀ ਧੀ ਵਿਦਾ ਕਰ ਦਿੱਤੀ।
ਸਮਾਂ ਬੀਤਦਾ ਗਿਆ, ਦੀਪੀ ਪੂਰੇ ਮਨ ਨਾਲ ਪੜ੍ਹਾਈ ਕਰਦੀ ਜਾ ਰਹੀ ਸੀ। ਹੁਣ ਤੱਕ ਉਸਦੀ ਬੀ. ਐੱਡ. ਪੂਰੀ ਹੋ ਚੁੱਕੀ ਸੀ। ਅਕਸਰ ਹੀ ਦੀਪੀ ਦੇ ਰਿਸ਼ਤੇਦਾਰ, ਪਰਿਵਾਰ ਜਾਂ ਆਂਢੀ ਗੁਆਂਢੀ ਉਸਦੇ ਵਿਆਹ ਬਾਰੇ ਗੱਲਾਂ ਕਰਨ ਲੱਗ ਜਾਂਦੇ ਤਾਂ ਦੀਪੀ ਸਾਰਿਆਂ ਨੂੰ ਨਾਂਹ ਕਰ ਦਿੰਦੀ ਤੇ ਅਕਸਰ ਕਹਿੰਦੀ ਵੇਖੋ ਜੀ, ਮੈਂ ਤਾਂ ਪੜ੍ਹ_ਲਿਖ ਕੇ ਪਹਿਲਾਂ ਟੀਚਰ ਬਣਾਂਗੀ, ਫੇਰ ਹੀ ਆਹ ਵਿਆਹ ਬਾਰੇ ਸੋਚਾਂਗੀ, ਨਾਲੇ ਹਾਂ ਆਹ ਕਿਸੇ ਵਪਾਰੀ ਵਗੈਰਾ ਨਾਲ ਮੈਂ ਨਹੀਂ ਵਿਆਹ ਕਰਵਾਉਣਾ, ਮੈਂ ਤਾਂ ਕਿਸੇ ਪੜ੍ਹੇ_ਲਿਖੇ ਸਰਕਾਰੀ ਅਫਸਰ ਨਾਲ ਹੀ ਵਿਆਹ ਕਰਵਾਂਵਾਗੀ। ਪਰ ਕਹਿੰਦੇ ਨੇ ਕਿ ਮੌਤ ਅਤੇ ਮਾੜੇ ਸਮੇਂ ਦਾ ਕੋਈ ਪਤਾ ਨਹੀਂ ਲਗਦਾ ਕਦੋਂ ਆ ਜਾਵੇ।
ਦੀਪੀ ਦੀ ਵੱਡੀ ਭੈਣ ਹਸਪਤਾਲ ਦਾਖਲ ਸੀ। ਸ਼ਾਇਦ ਦੋਵਾਂ ਪਰਿਵਾਰਾਂ ਲਈ ਖੁਸ਼ੀ ਦੀ ਖਬਰ ਆਉਣ ਵਾਲੀ ਸੀ। ਸ਼ਾਮ ਨੂੰ ਉਸ ਨੇ ਇੱਕ ਪਿਆਰੇ ਜਿਹੇ ਬੱਚੇ ਨੂੰ ਜਨਮ ਦਿੱਤਾ। ਦੋਵੇਂ ਪਰਿਵਾਰ ਬੜੇ ਖੁਸ਼ ਸਨ। ਮਿੰਟੋ-ਮਿੰਟ ਹੀ ਸਾਰੇ ਰਿਸ਼ਤੇਦਾਰਾਂ ਨੂੰ ਇਹ ਸ਼ੁੱਭ ਖਬਰ ਪਹੁੰਚਾ ਦਿੱਤੀ ਗਈ। ਪਰ ਕੁਝ ਸਮੇਂ ਬਾਅਦ ਅਚਾਨਕ ਹੀ ਉਸ ਦਾ ਬਲੱਡ ਇੱਕਦਮ ਘਟ ਗਿਆ। ਡਾਕਟਰਾਂ ਨੇ ਬਹੁਤ ਜੋਰ ਲਗਾਇਆ ਕਿ ਸ਼ਾਇਦ ਮਰੀਜ਼ ਬਚ ਜਾਵੇ ਪਰ ਅਚਾਨਕ ਪਏ ਦੌਰੇ ਨੇ ਇੱਕ ਨਵਜੰਮੇ ਬੱਚੇ ਤੋਂ ਉਸਦੀ ਮਾਂ ਖੋਹ ਲਈ ਸੀ। ਖਸ਼ੀਆਂ ਪਲਾਂ 'ਚ ਹੀ ਦੁੱਖਾਂ ਤੇ ਗਮਾਂ 'ਚ ਬਦਲ ਗਈਆਂ ਸਨ।
ਸਹੁਰੇ ਘਰ ਉਸਦਾ ਸੰਸਕਾਰ ਕੀਤਾ ਗਿਆ ਤੇ ਕੁਝ ਦਿਨਾਂ ਬਾਅਦ ਉਸ ਦੀਆਂ ਅੰਤਿਮ ਰਸਮਾਂ ਰੱਖੀਆਂ ਗਈਆਂ। ਦੋਵੇਂ ਪਰਿਵਾਰਾਂ ਦਰਮਿਆਨ ਕੋਈ ਗੰਭੀਰ ਗੱਲਬਾਤ ਚੱਲ ਰਹੀ ਸੀ। ਸੋ ਇਸ ਕਰਕੇ ਨਿਸ਼ਚਿਤ ਦਿਨ ਸਮੇਂ ਅੰਤਿਮ ਰਸਮਾਂ ਤੋਂ ਬਾਅਦ ਦੋਵੇਂ ਪਰਿਵਾਰਾਂ ਦੀਆਂ ਪੰਚਾਇਤਾਂ ਇੱਕ ਵੱਡੇ ਹਾਲ 'ਚ ਬੈਠ ਗਈਆਂ ਅਤੇ ਆਪਸ 'ਚ ਕੋਈ ਗੱਲਬਾਤ ਤੇ ਸਲਾਹਾਂ ਕਰਨ ਲੱਗੀਆਂ। ਕਰੀਬ ਘੰਟੇ ਮਗਰੋਂ ਦੀਨ ਰਾਮ ਦੀ ਪਤਨੀ ਦੀਪੀ ਨੂੰ ਲੈ ਕੇ ਅੰਦਰ ਆਈ। ਦੋਵਾਂ ਪੰਚਾਇਤਾਂ ਨੇ ਉਸ ਨਵਜੰਮੇ ਬੱਚੇ ਤੇ ਦੋਵੇਂ ਪਰਿਵਾਰਾਂ ਦੇ ਰਿਸ਼ਤੇ ਦਾ ਵਾਸਤਾ ਪਾ ਕੇ ਦੀਪੀ ਨੂੰ ਉਸਦੇ ਜੀਜੇ ਦੇ ਲੜ ਲਾਉਣ ਦੀ ਗੱਲ ਕਹੀ। ਦੋਵਾਂ ਪੰਚਾਇਤਾਂ ਅਤੇ ਪਰਿਵਾਰਾਂ ਨੇ ਦੀਪੀ ਦੀ ਇੱਛਾ ਜਾਣੇ ਬਗੈਰ ਹੀ ਉਸ ਦੀ ਮਰਜੀ ਦੇ ਖਿਲਾਫ ਫੈਸਲਾ ਸੁਣਾ ਦਿੱਤਾ ਸੀ ਅਤੇ ਉਸੇ ਦਿਨ ਹੀ ਇੱਕ ਮੰਦਿਰ 'ਚ ਬਿਲਕੁਲ ਸਾਦੇ ਢੰਗ ਨਾਲ ਉਹਨਾਂ ਦਾ ਵਿਆਹ ਕਰਵਾ ਦਿੱਤਾ।
ਦੀਪੀ ਆਪਣੀ ਜਿੰਦਗੀ ਵਿੱਚ ਇੱਕਦਮ ਆਏ ਇਸ ਤੂਫਾਨ ਨਾਲ ਸਹਿਮ ਗਈ ਸੀ। ਉਸਨੇ ਕਦੇ ਸੁਪਨੇ 'ਚ ਵੀ ਅਜਿਹੀ ਕਿਸੇ ਘਟਨਾ ਬਾਰੇ ਨਹੀਂ ਸੋਚਿਆ ਸੀ। ਪੜ੍ਹ-ਲਿਖ ਕੇ ਇੱਕ ਟੀਚਰ ਬਣਨਾ, ਆਪਣੇ ਆਪ ਨੂੰ ਆਤਮ ਨਿਰਭਰ ਬਣਾਉਣ ਅਤੇ ਆਪਣੇ ਸੁਪਨਿਆਂ ਦੇ ਰਾਜਕੁਮਾਰ ਨੂੰ ਆਪਣਾ ਜੀਵਨ ਸਾਥੀ ਬਣਾ ਕੇ ਉਸ ਨਾਲ ਹਸੀਨ ਜਿੰਦਗੀ ਜਿਊਣ ਦੇ ਸਾਰੇ ਸੁਪਨੇ ਕੁਝ ਪਲਾਂ 'ਚ ਹੀ ਟੁੱਟ ਕੇ ਚਕਨਾਚੂਰ ਹੋ ਗਏ।
ਹਮੇਸ਼ਾ ਹੱਸਣ_ਖੇਡਣ ਹਰ ਕਿਸੇ ਨੂੰ ਖੁਸ਼ ਰੱਖਣ ਤੇ ਖੁਸ਼ ਰਹਿਣ ਵਾਲੀ ਦੀਪੀ ਪਤਾ ਨਹੀਂ ਕਿੱਧਰ ਚਲੀ ਗਈ ਸੀ ਇਹ ਤਾਂ ਸਿਰਫ ਇੱਕ ਜਿੰਦਾ ਲਾ ਦੀ ਤਰ੍ਹਾਂ ਹੋ ਗਈ ਸੀ। ਉਹ ਜਨਮ ਦਿੱਤੇ ਤੋਂ ਬਿਨਾਂ ਇੱਕ ਬੱਚੇ ਦੀ ਮਾਂ ਬਣ ਗਈ ਸੀ। ਸਹੁਰੇ ਘਰ ਜਦੋਂ ਕੋਈ ਰਿਸ਼ਤੇਦਾਰ ਜਾਂ ਦੋਸਤ ਉਸ ਦੇ ਪਤੀ ਨੂੰ ਨਵੀਂ ਦੁਲਹਨ ਦੀਆਂ ਵਧਾਈਆਂ ਦਿੰਦੇ ਤਾਂ ਦੀਪੀ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਜਾਂਦਾ ਉਸ ਦਾ ਦਿਲ ਕਰਦਾ ਕਿ ਉਹ ਵਧਾਈਆਂ ਦੇਣ ਵਾਲਿਆਂ ਦੇ ਕੁਝ ਚੁੱਕ ਕੇ ਮਾਰੇ। ਪਰ ਫਿਰ ਆਪਣੇ ਪਰਿਵਾਰ ਅਤੇ ਭੈਣ ਦੀ ਨਿਸ਼ਾਨੀ ਉਸ ਮਾਸੂਮ ਵੱਲ ਵੇਖ ਕੇ ਖੁਦ ਨੂੰ ਸ਼ਾਂਤ ਕਰ ਲੈਂਦੀ। ਹੌਲੀ_ਹੌਲੀ ਦੀਪੀ ਨੇ ਖੁਦ ਨੂੰ ਹਾਲਾਤਾਂ ਅਨੁਸਾਰ ਢਾਲ ਲਿਆ ਸੀ। ਪੜ੍ਹਾਈ ਲਿਖਾਈ ਨੌਕਰੀ ਤੇ ਹੋਰ ਸੁਪਨੇ ਲੈਣੇ ਉਸਨੇ ਛੱਡ ਦਿੱਤੇ ਸਨ। ਭਾਵੇਂ ਦੁਨੀਆਂ ਦੀ ਨਜਰ 'ਚ ਉਸਨੇ ਆਪਣੇ ਜੀਜੇ ਨੂੰ ਪਤੀ ਮੰਨ ਲਿਆ ਸੀ ਪਰ ਦਿਲੋਂ ਉਸਨੂੰ ਪਤੀ ਵਾਲਾ ਦਰਜਾ ਨਹੀਂ ਦਿੱਤਾ ਸੀ।
ਦੀਪੀ ਸਾਰਾ ਦਿਨ ਉਸ ਬੱਚੇ ਦੀ ਦੇਖ_ਭਾਲ 'ਚ ਵਿਅਸਤ ਰਹਿੰਦੀ ਜਾਂ ਘਰ ਦੇ ਥੋੜ੍ਹੇ ਬਹੁਤੇ ਕੰਮ ਕਰਦੀ ਰਹਿੰਦੀ। ਹੁਣ ਤੱਕ ਉਹ ਬੱਚਾ ਵੀ
ਤੁਰਨ_ਫਿਰਨ ਲੱਗ ਪਿਆ ਸੀ। ਉਹ ਉਸ ਨਾਲ ਖੇਡਦੀ ਰਹਿੰਦੀ। ਸਮਾਂ ਆਪਣੀ ਚਾਲ ਚਲਦਾ ਗਿਆ, ਦੀਪੀ ਦੀ ਮਾੜੀ ਕਿਸਮਤ ਨੇ ਸ਼ਾਇਦ ਹਾਲੇ ਵੀ ਉਸਦਾ ਸਾਥ ਨਹੀਂ ਛੱਡਿਆ ਸੀ।
ਉਸ ਦਿਨ ਸ਼ਾਮ ਹੋ ਚੁੱਕੀ ਸੀ। ਹੌਲੀ_ਹੌਲੀ ਹਨ੍ਹੇਰੇ ਨੇ ਸਾਰੀ ਕਾਇਨਾਤ ਨੂੰ ਆਪਣੀ ਚਾਦਰ ਨਾਲ ਢੱਕ ਲਿਆ ਸੀ। ਦੀਪੀ ਦੇ ਪਤੀ ਨੂੰ ਦਫਤਰ 'ਚ ਕੰਮ ਕਰਦਿਆਂ_ਕਰਦਿਆਂ ਕਾਫੀ ਹਨ੍ਹੇਰਾ ਹੋ ਚੁੱਕਿਆ ਸੀ। ਕੰਮ ਨਿਪਟਾਉਂਦਿਆਂ ਉਸਨੂੰ ਦਸ ਵੱਜ ਗਏ ਸਨ। ਉਸ ਨੇ ਕਾਰ ਸਟਾਰਟ ਕੀਤੀ ਤੇ ਆਪਣੇ ਨੌਕਰ ਨੂੰ ਉਸ ਦੇ ਘਰ ਛੱਡ ਕੇ ਉਹ ਆਪਣੇ ਘਰ ਵੱਲ ਚੱਲ ਪਿਆ। ਅਜੇ ਉਹ ਥੋੜ੍ਹੀ ਦੂਰ ਹੀ ਆਇਆ ਸੀ ਕਿ ਅੱਗੋਂ ਕਿਸੇ ਵਾਹਨ ਦੀਆਂ ਲਾਇਟਾਂ ਨੇ ਉਸ ਦੀਆਂ ਅੱਖਾਂ ਬੰਦ ਕਰ ਦਿੱਤੀਆਂ। ਇੰਨੇ ਚਿਰ ਵਿੱਚ ਹੀ ਉਸ ਦਾ ਸੰਤੁਲਨ ਕਾਰ ਤੋਂ ਹਟ ਗਿਆ ਅਤੇ ਕਾਰ ਬੇਕਾਬੂ ਹੋ ਕੇ ਇੱਕ ਟਰੱਕ 'ਚ ਜਾ ਵੱਜੀ। ਕਾਰ ਪੂਰੀ ਚਕਨਾਚੂਰ ਹੋ ਗਈ ਸੀ। ਆਸ ਪਾਸ ਦੇ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਉਸਨੂੰ ਕਾਰ 'ਚੋਂ ਕੱਢਿਆ। ਉਸਦੇ ਕਾਫੀ ਸੱਟਾਂ ਲੱਗੀਆਂ ਸਨ। ਪਰ ਉਹ ਥੋੜ੍ਹਾ_ਥੋੜ੍ਹਾ ਸਹਿਕ ਰਿਹਾ ਸੀ। ਉਸਨੂੰ ਹਸਪਤਾਲ ਲਿਜਾਇਆ ਗਿਆ। ਪਰ ਮਾੜੀ ਕਿਸਮਤ ਉਹ ਜਖਮਾਂ ਦੀ ਤਾਬ ਨਾ ਝੱਲਦਾ ਹੋਇਆ ਪੂਰਾ ਹੋ ਗਿਆ ਸੀ। ਮੋਬਾਇਲ ਤੋਂ ਨੰਬਰ ਵੇਖ ਉਸਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ। ਘਰ 'ਚ ਇਹ ਖਬਰ
ਸੁਣਦਿਆਂ ਮਾਤਮ ਛਾਅ ਗਿਆ।
ਦੀਪੀ ਤੇ ਇੱਕ ਵਾਰ ਫਿਰ ਦੁੱਖਾਂ ਦਾ ਪਹਾੜ ਆ ਟੁੱਟਿਆ ਸੀ। ਉਹ ਖੁਦ ਨੂੰ ਠੱਗੀ ਹੋਈ ਮਹਿਸੂਸ ਕਰ ਰਹੀ ਸੀ। ਪਰ ਉਸ ਦੇ ਦਿਲ ਦੇ ਕਿਸੇ ਕੋਨੇ ਅੰਦਰ ਖੁਸ਼ੀ ਵੀ ਸੀ। ਉਸ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਹੁਣ ਉਹ ਇਸ ਜਿੰਦਗੀ ਤੋਂ ਅਜ਼ਾਦ ਹੋ ਜਾਵੇਗੀ ਅਤੇ ਫਿਰ ਉਹ ਉਸੇ ਸਿਰਿਉਂ ਜਿੰਦਗੀ ਦੀ ਸ਼ੁਰੂਆਤ ਕਰੇਗੀ, ਜਿੱਥੋਂ ਉਹ ਛੱਡ ਕੇ ਆਈ ਸੀ। ਉਸ ਦੇ ਪਤੀ ਦਾ ਸੰਸਕਾਰ ਕੀਤਾ ਗਿਆ। ਕੁਝ ਦਿਨਾਂ ਬਾਅਦ ਉਸਦਾ ਭੋਗ ਰੱਖਿਆ ਗਿਆ।
ਦੀਪੀ ਬਾਹਰੀ ਤੌਰ ਤੇ ਭਾਵੇਂ ਬੁਝੀ ਹੋਈ ਸੀ ਪਰ ਅੰਦਰੋਂ ਅੰਦਰੀ ਬਹੁਤ ਖੁਸ਼ ਸੀ। ਫਿਰ ਇੱਕ ਦਿਨ ਉਸਨੂੰ ਪਤਾ ਲੱਗਿਆ ਕਿ ਭੋਗ ਵਾਲੇ ਦਿਨ ਫਿਰ ਪੰਚਾਇਤਾਂ ਇੱਕਠੀਆਂ ਹੋਣਗੀਆਂ ਫਿਰ ਕੋਈ ਫੈਸਲਾ ਕਰਨਾ ਹੈ। ਜਦੋਂ ਦੀਪੀ ਨੇ ਇਸ ਬਾਰੇ ਆਪਣੀ ਮਾਂ ਨੂੰ ਪੁੱਛਿਆ ਤਾਂ ਉਸ ਨੇ ਕਿਹਾ, ਲੈ ਧੀਏ, ਆਹ ਪੰਚਾਇਤ ਤਾਂ ਤੇਰੇ ਕਰਕੇ ਹੀ ਆਵੇਗੀ, ਸਾਰੀ ਉਮਰ ਪਈ ਆ ਬਿਨਾਂ ਕਿਸੇ ਸਹਾਰੇ ਦੇ ਕਿਵੇਂ ਨਿਕਲੂ ਜਿੰਦਗੀ। ਸੁੱਖ ਨਾਲ ਸੋਹਣੀ ਸੁਨੱਖੀ ਤੇ ਪੜ੍ਹੀ ਲਿਖੀ ਐ ਤੂੰ।ਂ
“ਹੈਂ ਇੱਕ ਹੋਰ ਪੰਚਾਇਤ ਇਹ ਹੁਣ ਫੇਰ ਮੈਨੂੰ ਕਿਸੇ ਦੇ ਲੜ ਲਾਉਣਗੇ, ਕੀ ਮੇਰੀ ਜਿੰਦਗੀ ਤੇ ਮੇਰਾ ਕੋਈ ਹੱਕ ਨਹੀਂ, ਮੇਰੀ ਪਸੰਦ ਜਾਂ ਮੇਰੇ ਸੁਪਨੇ ਕਿਸੇ ਨੂੰ ਨਹੀਂ ਦਿਸਦੇ? ਦੀਪੀ ਨੇ ਹੈਰਾਨ ਹੁੰਦਿਆਂ ਖੁਦ ਨੂੰ ਇੱਕ ਸਵਾਲ ਕੀਤਾ।
ਰਾਤ ਹੋ ਚੁੱਕੀ ਸੀ ਸਾਰੇ ਖਾਣਾ ਖਾ ਕੇ ਆਪੋ ਆਪਣੇ ਕਮਰਿਆਂ ਚ ਸੌਂ ਗਏ ਸਨ। ਪਰ ਦੀਪੀ ਕਿਸੇ ਗਹਿਰੀ ਸੋਚ 'ਚ ਡੁੱਬੀ ਹੋਈ ਸੀ ਉਸ ਦੀਆਂ ਅੱਖਾਂ 'ਚੋਂ ਹੰਝੂ ਵਗ ਰਹੇ ਸਨ।
ਸਵੇਰ ਹੋਈ, ਦੀਪੀ ਦੀ ਮਾਂ ਨੇ ਚਾਹ ਫੜਾਉਣ ਲਈ ਦਰਵਾਜਾ ਖੜਕਾਇਆ ਪਰ ਅੰਦਰੋਂ ਕੋਈ ਅਵਾਜ਼ ਨਾ ਆਈ। ਜਦੋਂ ਲੱਗੀ ਹੋਈ ਕੁੰਡੀ ਤੋੜ ਕੇ ਦਰਵਾਜ਼ਾ ਖੋਲਿਆ ਤਾਂ ਸਾਹਮਣੇ ਪੱਖੇ ਨਾਲ ਦੀਪੀ ਦੀ ਲਾਸ਼ ਲਟਕ ਰਹੀ ਸੀ। ਇੰਝ ਲੱਗਦਾ ਸੀ ਜਿਵੇਂ ਉਹ ਪੰਚਾਇਤ ਦਾ ਕੋਈ ਹੋਰ ਫੈਸਲਾ ਸੁਣਨਾ ਨਹੀਂ ਚਾਹੁੰਦੀ ਸੀ।
ਸੁਖਵਿੰਦਰ ਚਹਿਲ
ਸੰਗਤ ਕਲਾਂ(ਬਠਿੰਡਾ)
85590_86235
ਆ ਰਿਹਾ ਬਸੰਤ ਦਾ ਤਿਉਹਾਰ ਦੋਸਤੋ
NEXT STORY