ਅੱਜ ਯਾਨੀ 6 ਦਸੰਬਰ ਨੂੰ ਦੇਸ਼-ਵਿਦੇਸ਼ ਵਿੱਚ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ 'ਤੇ ਬਾਬਾ ਸਾਹਿਬ ਦਾ ਪ੍ਰੀਨਿਰਵਾਣ ਦਿਵਸ ਮਨਾਇਆ ਜਾ ਰਿਹਾ ਹੈ। ਡਾਕਟਰ ਭੀਮ ਰਾਮ ਰਾਓ ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਬ੍ਰਿਟਿਸ਼ ਸਰਕਾਰ ਦੁਆਰਾ ਕੇਂਦਰੀ ਪ੍ਰਾਂਤ, ਜੋ ਹੁਣ ਮੱਧ ਪ੍ਰਦੇਸ਼ ਵਿੱਚ ਸਥਾਪਿਤ ਹੈ, ਦੇ ਨਗਰ ਅਤੇ ਸੈਨਿਕ ਛਾਉਣੀ ਮਊ ਵਿੱਚ ਹੋਇਆ ਸੀ। ਉਹ ਮਹਾਰ ਜਾਤਿ ਨਾਲ ਸਬੰਧ ਰੱਖਦੇ ਸੀ, ਜੋ ਭਾਰਤ ਵਿੱਚ ਹੋਰ ਕਈ ਜਾਤਾਂ ਵਾਂਗ ਸਮਾਜਿਕ ਅਤੇ ਆਰਥਿਕ ਰੂਪ ਨਾਲ ਭੇਦਭਾਵ ਦਾ ਸ਼ਿਕਾਰ ਸੀ। ਉਨ੍ਹਾਂ ਦੇ ਪਿਤਾ ਸਤਿਗੁਰੂ ਕਬੀਰ ਦੇ ਭਗਤ ਸਨ। ਉਨ੍ਹਾਂ ਦੇ ਬਜ਼ੁਰਗ ਲੰਬੇ ਸਮੇਂ ਤੋਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਸੈਨਾ ਵਿੱਚ ਕੰਮ ਕਰਦੇ ਆ ਰਹੇ ਸਨ ਅਤੇ ਉਨ੍ਹਾਂ ਦੇ ਪਿਤਾ ਭਾਰਤੀ ਸੈਨਾ ਦੀ ਮਊ ਛਾਉਣੀ ਵਿੱਚ ਸੂਬੇਦਾਰ ਦਾ ਦਰਜਾ ਰੱਖਣ ਵਾਲੇ ਫੌਜੀ ਅਫ਼ਸਰ ਸਨ। ਸਾਲ 1894 ਵਿੱਚ ਪਿਤਾ ਦੀ ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਸਤਾਰਾ ਚਲਾ ਗਿਆ।
ਬਚਪਨ ਵਿੱਚ ਉਨ੍ਹਾਂ ਦੀ ਮਾਤਾ ਦੀ ਮੌਤ ਹੋ ਗਈ ਅਤੇ ਬੱਚਿਆਂ ਦੀ ਦੇਖਭਾਲ ਉਨ੍ਹਾਂ ਦੀ ਮਾਸੀ ਦੁਆਰਾ ਕੀਤੀ ਗਈ। ਸਾਲ 1897 ਵਿੱਚ ਉਨ੍ਹਾਂ ਦਾ ਪਰਿਵਾਰ ਮੁੰਬਈ ਚਲਾ ਗਿਆ, ਜਿੱਥੇ ਅੰਬੇਡਕਰ ਐਲਫਿੰਸਟਨ ਹਾਈ ਸਕੂਲ ਵਿੱਚ ਦਾਖਲ ਹੋਏ। ਇੱਕ ਬ੍ਰਾਹਮਣ ਅਧਿਆਪਕ ਮਹਾਂਦੇਵ ਅੰਬੇਡਕਰ ਦੇ ਕਹਿਣ 'ਤੇ ਉਨ੍ਹਾਂ ਨੇ ਆਪਣੇ ਨਾਮ ਨਾਲ ਅੰਬੇਡਕਰ ਸ਼ਬਦ ਜੋੜਿਆ। ਮਹਾਰਾਜਾ ਬੜੋਦਾ ਨੇ ਉੱਚ ਵਿੱਦਿਆ ਦੇ ਲਈ ਉਨ੍ਹਾਂ ਨੂੰ ਸਰਕਾਰੀ ਖ਼ਰਚੇ 'ਤੇ ਵਿਦੇਸ਼ ਭੇਜਿਆ ਅਤੇ ਉਥੇ ਉਨ੍ਹਾਂ ਨੇ ਪੰਜ ਵਿਸ਼ਿਆਂ 'ਚ ਐੱਮ.ਏ., ਪੀ.ਐੱਚ.ਡੀ., ਡੀ.ਐੱਸ.ਸੀ. ਐੱਲ.ਐੱਲ.ਡੀ., ਡੀ.ਲਿੱਟ, ਬਾਰ.ਐੱਟ ਲਾਅ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਉਨ੍ਹਾਂ ਦਾ ਵਿਆਹ ਕਰੀਬ 17 ਸਾਲ ਦੀ ਉਮਰ ਵਿੱਚ ਰਮਾ ਬਾਈ ਨਾਲ ਹੋਇਆ। ਫਿਰ ਉਨ੍ਹਾਂ ਦੇ ਘਰ ਪੰਜ ਬੱਚਿਆਂ ਜਸ਼ਵੰਤ ਰਾਓ, ਗੰਗਾਧਰ, ਰਮੇਸ਼, ਇੰਦੂ ਅਤੇ ਰਾਜ ਰਤਨ ਨੇ ਜਨਮ ਲਿਆ ਪਰ ਜਸਵੰਤ ਰਾਓ ਤੋਂ ਇਲਾਵਾ ਬਾਕੀ ਸਾਰੇ ਬੱਚੇ ਛੋਟੀ ਉਮਰ ਵਿੱਚ ਹੀ ਮਰ ਗਏ। ਮਈ 1935 ਵਿੱਚ ਆਪ ਦੀ ਪਤਨੀ ਰਮਾ ਬਾਈ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ। 15 ਅਪ੍ਰੈਲ 1948 ਨੂੰ ਉਨ੍ਹਾਂ ਨੇ ਡਾਕਟਰ ਸ਼ਾਰਦਾ ਕਬੀਰ ਨਾਲ ਦੂਜਾ ਵਿਆਹ ਕਰਵਾਇਆ।
ਡਾਕਟਰ ਭੀਮ ਰਾਮ ਰਾਓ ਅੰਬੇਡਕਰ ਜਦੋਂ ਬੰਬਈ ਦੇ ਕਾਲਜ ਵਿੱਚ ਅਰਥ ਸ਼ਾਸ਼ਤਰ ਦੇ ਪ੍ਰੋਫ਼ੈਸਰ ਨਿਯੁਕਤ ਹੋਏ ਤਾਂ ਉਥੇ ਉਨ੍ਹਾਂ ਨਾਲ ਭੇਦਭਾਵ ਹੁੰਦਾ ਰਿਹਾ। ਬ੍ਰਿਟਿਸ਼ ਸਰਕਾਰ ਵਿੱਚ ਉੱਚ ਅਹੁਦੇ ਪਹਿਲਾਂ ਸਿਰਫ਼ ਅੰਗਰੇਜ਼ਾਂ ਲਈ ਰਾਖਵੇਂ ਸਨ ਅਤੇ ਲੋਕਾਂ ਵਲੋਂ ਕੀਤੇ ਅੰਦੋਲਨ ਬਾਅਦ ਸਾਊਥਬੋਰੋਹ ਸਮਿਤੀ ਦੀ ਸਿਫਾਰਿਸ਼ 'ਤੇ ਅੰਗਰੇਜ਼ ਸਰਕਾਰ ਨੇ ਆਈ.ਸੀ.ਐੱਸ. ਦੀਆਂ 11 ਪੋਸਟਾਂ ਭਾਰਤੀਆਂ ਲਈ ਰੱਖੀਆਂ, ਜਿਨ੍ਹਾਂ ਵਿਚੋਂ 4 ਹਿੰਦੂਆਂ ਲਈ, 4 ਮੁਸਲਮਾਨਾਂ ਲਈ, 2 ਸਿੱਖਾਂ ਲਈ ਅਤੇ 01 ਐਂਗਲੋ ਇੰਡੀਅਨ ਲਈ ਰੱਖੀ ਗਈ ਸੀ। 27 ਜਨਵਰੀ 1919 ਨੂੰ ਡਾਕਟਰ ਅੰਬੇਡਕਰ ਨੇ ਵੋਟ ਅਤੇ ਨਾਗਰਿਕ ਅਧਿਕਾਰਾਂ ਸਬੰਧੀ ਗਠਿਤ ਸਾਊਥਬੋਰੋਹ ਕਮੇਟੀ ਸਾਹਮਣੇ ਅਛੂਤਾਂ ਲਈ ਆਬਾਦੀ ਅਨੁਸਾਰ ਵੱਖਰੇ ਚੋਣ ਅਧਿਕਾਰਾਂ ਦੀ ਮੰਗ ਰੱਖੀ ਪ੍ਰੰਤੂ ਕੁਝ ਆਗੂਆਂ ਦੇ ਵਿਰੋਧ ਕਾਰਨ ਅਛੂਤਾਂ ਨੂੰ ਕੋਈ ਲਾਭ ਨਾ ਮਿਲਿਆ। ਡਾਕਟਰ ਅੰਬੇਡਕਰ ਅਤੇ ਹੋਰ ਕਈ ਅਛੂਤ ਆਗੂਆਂ ਦੀ ਮੰਗ ਨੂੰ ਵੇਖਦੇ ਹੋਏ ਅੰਗਰੇਜ਼ ਸਰਕਾਰ ਨੇ 1919 ਵਿੱਚ ਇੱਕ ਭਾਰਤੀ ਕਾਨੂੰਨ ਕਮਿਸ਼ਨ (ਇੰਡੀਅਨ ਸਟੈਚੂਟਰੀ ਕਮਿਸ਼ਨ) ਸਰ ਜੌਹਨ ਸਾਇਮਨ ਦੀ ਅਗਵਾਈ ਵਿੱਚ ਬਣਾਇਆ, ਜਿਸਨੂੰ ਸਾਇਮਨ ਕਮਿਸ਼ਨ ਕਿਹਾ ਜਾਂਦਾ ਹੈ।
ਸਾਇਮਨ 3 ਫਰਵਰੀ 1928 ਨੂੰ ਮੁੰਬਈ ਆਇਆ, ਜਿਸਦਾ ਕਈ ਕਾਂਗਰਸੀ ਆਗੂਆਂ ਨੇ ਪ੍ਰਧਾਨ ਲਾਲਾ ਲਾਜਪਤ ਰਾਏ ਦੀ ਅਗਵਾਈ ਵਿੱਚ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਤੇ ਮੁਜ਼ਾਹਰੇ ਕੀਤੇ। ਕਈ ਅਛੂਤ ਆਗੂਆਂ ਨੇ ਆਦਿ ਧਰਮ ਮੰਡਲ ਦੇ ਆਗੂ ਬਾਬੂ ਮੰਗੂ ਰਾਮ ਮੂਗੋਵਾਲੀਆ ਦੀ ਅਗਵਾਈ ਵਿੱਚ ਇਸ ਕਮਿਸ਼ਨ ਨੂੰ ਮਿਲਕੇ ਆਪਣੇ ਅਧਿਕਾਰ ਲੈਣ ਲਈ ਮਤਾ ਪਾਸ ਕੀਤਾ ਅਤੇ ਅਛੂਤਾਂ ਦੇ ਕਰੀਬ 18 ਸੰਗਠਨਾਂ ਨੇ ਸਾਈਮਨ ਕਮਿਸ਼ਨ ਅੱਗੇ ਆਪਣੇ ਵੱਖ-ਵੱਖ ਅਧਿਕਾਰਾਂ ਦੀ ਮੰਗ ਕੀਤੀ। ਡਾਕਟਰ ਅੰਬੇਡਕਰ ਨੇ ਅਛੂਤਾਂ ਦੀ ਪ੍ਰਤੀਨਿਧਤਾ ਕਰਦਿਆਂ ਅਛੂਤਾਂ ਦੀ ਅਸਲੀ ਸਥਿਤੀ ਤੋਂ ਬ੍ਰਿਟਿਸ਼ ਸਰਕਾਰ ਨੂੰ ਜਾਣੂ ਕਰਵਾਇਆ। 17 ਅਗਸਤ 1932 ਨੂੰ ਬ੍ਰਿਟਿਸ਼ ਸਰਕਾਰ ਨੇ ਕਮਿਊਨਲ ਐਵਾਰਡ ਦਾ ਫ਼ੈਸਲਾ ਸੁਣਾਇਆ, ਜਿਸਦਾ ਕਈ ਕੱਟੜ ਆਗੂਆਂ ਨੇ ਵਿਰੋਧ ਕੀਤਾ। 24 ਸਤੰਬਰ 1932 ਨੂੰ ਡਾਕਟਰ ਭੀਮ ਰਾਓ ਅੰਬੇਡਕਰ ਅਤੇ ਗਾਂਧੀ ਵਿਚਕਾਰ ਇੱਕ ਸਮਝੌਤਾ ਹੋਇਆ, ਜਿਸਨੂੰ ਪੂਨਾ ਪੈਕਟ ਕਿਹਾ ਜਾਂਦਾ ਹੈ।
ਕਈ ਅਛੂਤ ਆਗੂਆਂ ਨੇ ਇਸ ਪੂਨਾ ਪੈਕਟ ਸਮਝੋਤੇ ਨੂੰ ਕਰੋੜਾਂ ਅਛੂਤਾਂ ਨਾਲ ਧੋਖਾ ਮੰਨਿਆ ਹੈ। ਹਿੰਦੂ ਧਰਮ ਵਿੱਚ ਫੈਲੇ ਗ਼ਲਤ ਰੀਤੀ ਰਿਵਾਜਾਂ ਖ਼ਿਲਾਫ਼ ਜ਼ੋਰਦਾਰ ਆਵਾਜ਼ ਚੁੱਕੀ ਅਤੇ ਕਈ ਅੰਦੋਲਨ ਕੀਤੇ। ਡਾਕਟਰ ਅੰਬੇਡਕਰ ਨੇ 1936 ਵਿੱਚ ਅਜ਼ਾਦ ਲੇਬਰ ਪਾਰਟੀ ਭਾਰਤ ਦੀ ਸਥਾਪਨਾ ਕੀਤੀ ਅਤੇ 1937 ਵਿੱਚ ਹੋਈਆਂ ਕੇਂਦਰੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ 15 ਸੀਟਾਂ 'ਤੇ ਜਿੱਤ ਹਾਸਲ ਕੀਤੀ। ਡਾਕਟਰ ਅੰਬੇਡਕਰ ਨੇ ਵੱਖ-ਵੱਖ ਧਰਮਾਂ ਵਿੱਚ ਹੋ ਰਹੇ ਅਛੂਤਾਂ ਨਾਲ ਵਿਤਕਰੇ ਬਾਰੇ ਖੁੱਲ੍ਹ ਕੇ ਲਿਖਿਆ। ਉਨ੍ਹਾਂ ਨੇ ਮੂਕ ਨਾਇਕ-ਗੂੰਗਿਆਂ ਦਾ ਆਗੂ ਹਫ਼ਤਾਵਾਰੀ ਅਖ਼ਬਾਰ ਸ਼ਰੂ ਕੀਤਾ। ਛੂਆਛਾਤ ਵਿਰੁੱਧ ਅਤੇ ਜਨਤਕ ਪੀਣ ਵਾਲੇ ਪਾਣੀ ਦੇ ਸਰੋਤਾਂ ਨੂੰ ਖੋਲ੍ਹਣ ਲਈ ਅੰਦੋਲਨਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਬਾਲ ਵਿਆਹ ਅਤੇ ਮੁਸਲਿਮ ਸਮਾਜ ਵਿੱਚ ਔਰਤਾਂ ਨਾਲ ਹੁੰਦੇ ਦੁਰਵਿਵਹਾਰ ਦੀ ਨਿਖੇਧੀ ਕੀਤੀ।
ਡਾਕਟਰ ਅੰਬੇਡਕਰ ਨੇ ਦੱਬੇ-ਕੁਚਲੇ ਵਰਗਾਂ ਦੇ ਇਸਲਾਮ ਜਾਂ ਈਸਾਈ ਧਰਮ ਵਿੱਚ ਪਰਿਵਰਤਨ ਦਾ ਵਿਰੋਧ ਕੀਤਾ। ਡਾਕਟਰ ਅੰਬੇਡਕਰ ਨੂੰ ਹਿੰਦੀ, ਪਾਲੀ, ਸੰਸਕ੍ਰਿਤ, ਅੰਗਰੇਜ਼ੀ, ਫਰੈਂਚ, ਜਰਮਨ, ਮਰਾਠੀ, ਫਾਰਸੀ ਅਤੇ ਗੁਜਰਾਤੀ ਵਰਗੀਆਂ 9 ਭਾਸ਼ਾਵਾਂ ਦਾ ਗਿਆਨ ਸੀ। ਉਨ੍ਹਾਂ ਨੇ ਲਗਭਗ 21 ਸਾਲ ਤੱਕ ਦੁਨੀਆ ਦੇ ਸਾਰੇ ਧਰਮਾਂ ਦਾ ਤੁਲਨਾਤਮਕ ਢੰਗ ਨਾਲ ਅਧਿਐਨ ਕੀਤਾ। ਲੰਡਨ ਸਕੂਲ ਆਫ ਇਕਨਾਮਿਕਸ ਵਿਚ ਬਾਬਾ ਸਾਹਿਬ ਨੇ 8 ਸਾਲ ਦੀ ਪੜ੍ਹਾਈ ਸਿਰਫ਼ 2 ਸਾਲ 3 ਮਹੀਨਿਆਂ ਵਿਚ ਪੂਰੀ ਕੀਤੀ। ਲੰਡਨ ਸਕੂਲ ਆਫ਼ ਇਕਨਾਮਿਕਸ ਤੋਂ ਡਾਕਟਰ ਆਫ ਸਾਇੰਸ ਦੀ ਡਾਕਟਰੇਟ ਦੀ ਡਿਗਰੀ ਪ੍ਰਾਪਤ ਕਰਨ ਵਾਲੇ ਬਾਬਾ ਸਾਹਿਬ ਦੁਨੀਆ ਦੇ ਪਹਿਲੇ ਅਤੇ ਇਕਲੌਤੇ ਵਿਅਕਤੀ ਹਨ।
ਡਾਕਟਰ ਅੰਬੇਡਕਰ ਨੇ ਤਿੰਨ ਮਹਾਪੁਰਖਾਂ ਭਗਵਾਨ ਬੁੱਧ, ਸਤਿਗੁਰੂ ਕਬੀਰ ਅਤੇ ਮਹਾਤਮਾ ਫੂਲੇ ਨੂੰ ਆਪਣਾ ਗੁਰੂ ਮੰਨਿਆ ਸੀ। ਬਾਬਾ ਸਾਹਿਬ ਪੱਛੜੀ ਸ਼੍ਰੇਣੀ ਦੇ ਪਹਿਲੇ ਵਕੀਲ ਸਨ। ਉਨ੍ਹਾਂ ਨੇ ਰੱਖਿਆ ਸਲਾਹਕਾਰ ਸਮਿਤੀ ਅਤੇ ਵਾਇਸਰਾਇ ਦੀ ਕਾਰਜਕਾਰੀ ਪ੍ਰੀਸ਼ਦ ਲਈ ਲੇਬਰ ਮੰਤਰੀ ਦੇ ਤੌਰ 'ਤੇ ਕੰਮ ਕੀਤਾ। ਅਜ਼ਾਦ ਭਾਰਤ ਵਿੱਚ ਡਾਕਟਰ ਅੰਬੇਡਕਰ ਦੇਸ਼ ਦੇ ਪਹਿਲੇ ਕਨੂੰਨ ਮੰਤਰੀ ਬਣੇ। 1951 ਵਿੱਚ ਸੰਸਦ ਵਿੱਚ ਹਿੰਦੂ ਕੋਡ ਬਿੱਲ, ਜੋ ਭਾਰਤੀ ਮਹਿਲਾਵਾਂ ਨੂੰ ਬਰਾਬਰਤਾ ਦਾ ਅਧਿਕਾਰ ਦੇਣ ਲਈ ਸੀ, ਦੇ ਵਿਰੋਧ ਵਿੱਚ ਸੰਸਦ ਦੇ ਬਹੁਤੇ ਮੈਂਬਰਾਂ ਵਲੋਂ ਵੋਟ ਪਾਏ ਜਾਣ ਕਾਰਨ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ। 1952 ਵਿੱਚ ਡਾਕਟਰ ਅੰਬੇਡਕਰ ਨੇ ਅਜਾਦ ਉਮੀਦਵਾਰ ਵਜੋਂ ਚੋਣ ਲੜੀ ਪਰ ਇਹ ਚੋਣ ਹਾਰ ਗਏ। ਮਾਰਚ 1952 ਵਿੱਚ ਰਾਜ ਸਭਾ ਦੇ ਮੈਂਬਰ ਚੁਣੇ ਗਏ ਅਤੇ ਅੰਤਿਮ ਸਮੇਂ ਤੱਕ ਰਾਜ ਸਭਾ ਮੈਂਬਰ ਰਹੇ।
ਡਾਕਟਰ ਅੰਬੇਡਕਰ ਇੱਕ ਨਿਆਂਸ਼ਾਸਤਰੀ, ਅਰਥ ਸ਼ਾਸਤਰੀ, ਸਮਾਜ ਸੁਧਾਰਕ ਅਤੇ ਰਾਜਨੀਤਿਕ ਨੇਤਾ ਸਨ। ਉਨ੍ਹਾਂ ਨੇ ਆਰਥਿਕ ਅਤੇ ਸਮਾਜਿਕ ਵਿਕਾਸ ਦੀ ਵਕਾਲਤ ਕੀਤੀ ਸਿੱਖਿਆ, ਜਨਤਕ ਸਫ਼ਾਈ, ਭਾਈਚਾਰਕ ਸਿਹਤ, ਰਿਹਾਇਸ਼ੀ ਆਦਿ ਬੁਨਿਆਦੀ ਸਹੂਲਤਾਂ 'ਤੇ ਜ਼ੋਰ ਦਿੱਤਾ। ਆਰਥਿਕ ਵਿਕਾਸ ਲਈ ਔਰਤਾਂ ਦੇ ਬਰਾਬਰ ਅਧਿਕਾਰਾਂ 'ਤੇ ਜ਼ੋਰ ਦਿੱਤਾ। ਦਿੱਲੀ ਵਿੱਚ ਅੱਜ ਦੇ ਦਿਨ 6 ਦਸੰਬਰ 1956 ਨੂੰ ਦਿੱਲੀ ਵਿੱਚ ਡਾਕਟਰ ਅੰਬੇਡਕਰ ਸਾਨੂੰ ਸਦੀਵੀ ਵਿਛੋੜਾ ਦੇ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 14 ਨਵੰਬਰ, 2015 ਨੂੰ ਲੰਡਨ ਵਿੱਚ ਅੰਬੇਡਕਰ ਮੈਮੋਰੀਅਲ ਦਾ ਉਦਘਾਟਨ ਕੀਤਾ। 14 ਅਪ੍ਰੈਲ 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 26 ਅਲੀਪੁਰ ਰੋਡ ਵਿਖੇ ਡਾਕਟਰ ਅੰਬੇਡਕਰ ਨੈਸ਼ਨਲ ਮੈਮੋਰੀਅਲ ਦਾ ਉਦਘਾਟਨ ਕੀਤਾ, ਜੋ ਇੱਕ ਖੁੱਲੀ ਕਿਤਾਬ ਸੰਵਿਧਾਨ ਦੀ ਸ਼ਕਲ ਵਿੱਚ ਹੈ। ਡਾਕਟਰ ਅੰਬੇਡਕਰ ਦੀਆਂ ਅਸਥੀਆਂ ਚੈਤਿਯਾਭੂਮੀ ਵਿੱਚ ਰੱਖੀਆਂ ਗਈਆਂ ਹਨ।
ਡਾਕਟਰ ਅੰਬੇਡਕਰ ਦੀ ਪਹਿਲੀ ਮੂਰਤੀ ਸਾਲ 1950 ਵਿੱਚ ਬਣਾਈ ਗਈ ਸੀ, ਜਦੋਂ ਉਹ ਜ਼ਿੰਦਾ ਸਨ ਅਤੇ ਇਹ ਬੁੱਤ ਕੋਲਹਾਪੁਰ ਸ਼ਹਿਰ ਵਿੱਚ ਸਥਾਪਿਤ ਹੈ। 02 ਅਪ੍ਰੈਲ 1967 ਨੂੰ ਭਾਰਤ ਦੀ ਸੰਸਦ ਵਿੱਚ ਡਾਕਟਰ ਅੰਬੇਡਕਰ ਦੀ 12 ਫੁੱਟ ਉੱਚੀ ਕਾਂਸੀ ਦੀ ਮੂਰਤੀ ਸਥਾਪਤ ਕੀਤੀ ਗਈ ਸੀ। 12 ਅਪ੍ਰੈਲ 1990 ਨੂੰ ਡਾਕਟਰ ਅੰਬੇਡਕਰ ਦੇ ਚਿੱਤਰ ਨੂੰ ਸੰਸਦ ਭਵਨ ਦੇ ਕੇਂਦਰੀ ਹਾਲ ਵਿੱਚ ਰੱਖਿਆ ਗਿਆ ਹੈ। ਬਾਬਾ ਸਾਹਿਬ ਨੂੰ 1990 ਵਿੱਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ। 125 ਰੁਪਏ ਦਾ ਸਿੱਕਾ ਜਾਰੀ ਕੀਤਾ ਗਿਆ ਹੈ। ਅੱਜ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਪ੍ਰੀਨਿਰਵਾਣ ਦਿਵਸ ਮੌਕੇ 'ਤੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਉਨ੍ਹਾਂ ਵਲੋਂ ਵਿਖਾਏ ਗਏ ਰਸਤੇ ਤੇ ਚੱਲਕੇ ਵਿਤਕਰਾ ਰਹਿਤ ਬਰਾਬਰਤਾ ਵਾਲਾ ਸਮਾਜ ਬਣਾਇਆ ਜਾਵੇ।
ਐਡਵੋਕੇਟ ਕੁਲਦੀਪ ਚੰਦਦੋਭੇਟਾ
9417563054
ਜਨਮ ਦਿਹਾੜੇ 'ਤੇ ਵਿਸ਼ੇਸ਼: ਜ਼ੁਲਮ ਅੱਗੇ ਡਟ ਕੇ ਖੜ੍ਹੇ ਹੋਣ ਵਾਲੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ
NEXT STORY