ਫ਼ਰੀਦ ਜੀ ਪੰਜਾਬੀ ਦੇ ਪਹਿਲੇ ਪ੍ਰਮਾਣਿਕ ਕਵੀ ਹੋਏ ਹਨ। ਉਨ੍ਹਾਂ ਨਾਲ ਪੰਜਾਬੀ ਵਿਚ ਸੂਫ਼ੀ ਕਾਵਿ-ਧਾਰਾ ਦਾ ਆਰੰਭ ਹੁੰਦਾ ਹੈ। ਫ਼ਰੀਦ ਬਾਣੀ ਦਾ ਮੁੱਖ ਵਿਸ਼ਾ ਮੌਤ ਦਾ ਹੈ। ਆਪ ਦੇ ਸਲੋਕਾਂ ਦਾ ਆਰੰਭ ਹੀ ਮਨੁੱਖ ਨੂੰ ਮੌਤ ਦੀ ਯਾਦ ਕਰਾਉਣ ਨਾਲ ਹੁੰਦਾ ਹੈ :
ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ ॥
ਮਲਕੁ ਜਿ ਕੰਨੀ ਸੁਣੀਦਾ ਮੁਹੁ ਦੇਖਾਲੇ ਆਇ ॥
ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ ॥
ਸਾਹੇ ਲਿਖੇ ਨ ਚਲਨੀ ਜਿੰਦੂ ਕੂੰ ਸਮਝਾਇ ॥
ਜੀਵ ਦੇ ਜਗਤ ਵਿਚ ਆਉਣ ਤੋਂ ਪਹਿਲਾਂ ਹੀ ਇਸਦੀ ਮੌਤ ਦਾ ਸਮਾਂ ਮਿਥਿਆ ਜਾਂਦਾ ਹੈ। ਮੌਤ ਦੇ ਤੈਅ ਸਮੇਂ ਮੌਤ ਦਾ ਫ਼ਰਿਸ਼ਤਾ ਆ ਕੇ ਸਰੀਰ ਵਿਚੋਂ ਜਿੰਦ ਨੂੰ ਕੱਢ ਕੇ ਲੈ ਜਾਵੇਗਾ।
ਫ਼ਰੀਦ ਜੀ ਮਨੁੱਖ ਨੂੰ ਮੌਤ ਤੋਂ ਬਾਅਦ ਵਾਲੇ ਦੁੱਖਾਂ ਬਾਰੇ ਵੀ ਚੇਤੰਨ ਕਰਦੇ ਹੋਏ ਕਹਿੰਦੇ ਹਨ ਕਿ ਮੌਤ ਤੋਂ ਬਾਅਦ ਜੀਵ ਦੇ ਕੀਤੇ ਹੋਏ ਕੰਮਾਂ ਦਾ ਲੇਖਾ ਜੋਖਾ ਹੁੰਦਾ ਹੈ। ਉਸਨੂੰ ਵਾਲ ਤੋਂ ਵੀ ਬਾਰੀਕ "ਪੁਲ - ਸਿਰਾਤ " ਵਿਚੋਂ ਦੀ ਲੰਘਣਾ ਪੈਂਦਾ ਹੈ। ਇਹ ਪਰੀਖਿਆ ਬਹੁਤ ਕਠਿਨ ਹੁੰਦੀ ਹੈ।
ਫ਼ਰੀਦ ਜੀ ਵੱਖ-ਵੱਖ ਪ੍ਰਤੀਕ ਜਿਵੇਂ "ਦਰਿਆਵੇ ਕੰਡੇ ਰੁੱਖ", "ਕੇਲ ਕਰੇਂਦਾ ਬਗੁਲਾ" ਆਦਿ ਪ੍ਰਤੀਕ ਵਰਤ ਕੇ ਮਨੁੱਖ ਨੂੰ ਮੌਤ ਦਾ ਅਹਿਸਾਸ ਕਰਵਾ ਰਹੇ ਹਨ :
ਕੰਧੀ ਉਤੈ ਰੁਖੜਾ ਕਿਚਰਕੁ ਬੰਨੈ ਧੀਰੁ ॥
ਫਰੀਦਾ ਕਚੈ ਭਾਂਡੈ ਰਖੀਐ ਕਿਚਰੁ ਤਾਈ ਨੀਰੁ ॥
ਫਰੀਦਾ ਦਰੀਆਵੈ ਕੰਨ੍ਹ੍ਹੈ ਬਗੁਲਾ ਬੈਠਾ ਕੇਲ ਕਰੇ ॥
ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ ॥
ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ॥
ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ ॥
ਦੁਨਿਆਵੀ ਪਦਾਰਥਾਂ ਨਾਲ ਮੋਹ ਲਾਉਣ ਦਾ ਕੋਈ ਫ਼ਾਇਦਾ ਨਹੀਂ ਕਿਉਂਕਿ ਇੱਕ ਦਿਨ ਸਭ ਨੇ ਮਰ ਕੇ ਕਬਰਾਂ ਵਿਚ ਜਾ ਪੈਣਾ ਹੈ :
ਫਰੀਦਾ ਕੋਠੇ ਮੰਡਪ ਮਾੜੀਆ ਉਸਾਰੇਦੇ ਭੀ ਗਏ ॥
ਕੂੜਾ ਸਉਦਾ ਕਰਿ ਗਏ ਗੋਰੀ ਆਇ ਪਏ ॥
ਫ਼ਰੀਦ ਬਾਣੀ ਵਿੱਚ ਸਰੀਰਿਕ ਦੁੱਖਾਂ ਦਾ ਵੀ ਜ਼ਿਕਰ ਮਿਲਦਾ ਹੈ, ਜਿਵੇਂ ਬੁਢਾਪੇ ਨਾਲ ਸੰਬੰਧਿਤ ਦੁੱਖ :
ਬੁਢਾ ਹੋਆ ਸੇਖ ਫਰੀਦੁ ਕੰਬਣਿ ਲਗੀ ਦੇਹ ॥
ਜੇ ਸਉ ਵਰ੍ਹ੍ਹਿਆ ਜੀਵਣਾ ਭੀ ਤਨੁ ਹੋਸੀ ਖੇਹ ॥
ਫ਼ਰੀਦ ਜੀ ਦੁਆਰਾ ਮੌਤ ਬਾਰੇ ਇਹ ਗੱਲਾਂ ਪੜ੍ਹ ਕੇ ਕਈ ਵਾਰ ਭੁਲੇਖਾ ਪੈਂਦਾ ਹੈ ਕਿ ਫ਼ਰੀਦ ਜੀ ਨਿਰਾਸ਼ਾਵਾਦੀ ਹਨ। ਪਰ ਜਦੋਂ ਅਸੀਂ ਸੰਪੂਰਨ ਰੂਪ ਵਿਚ ਫ਼ਰੀਦ ਬਾਣੀ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਚਲਦਾ ਹੈ ਕਿ ਫ਼ਰੀਦ ਜੀ ਇਹ ਸਾਰੀਆਂ ਗੱਲਾਂ ਮਨੁੱਖ ਨੂੰ ਮੋਹ ਦੇ ਜਾਲ ਵਿਚੋਂ ਕੱਢਣ ਲਈ ਕਰਦੇ ਹਨ। ਅਸਲ ਵਿਚ ਦੁਨਿਆਵੀ ਮੋਹ ਵਿਚ ਪੈ ਜਾਣ ਕਾਰਣ ਮਨੁੱਖ ਆਪਣੇ ਜੀਵਨ ਦੇ ਅਸਲ ਮੰਤਵ ਨੂੰ ਭੁੱਲ ਬੈਠਾ ਹੈ। ਜੀਵਨ ਦਾ ਅਸਲ ਮੰਤਵ ਪ੍ਰਭੂ ਦਾ ਨਾਮ ਜਪਣਾ ਭਾਵ ਰੱਬ ਦੀ ਯਾਦ ਨੂੰ ਮਨ ਵਿਚ ਵਸਾਉਣਾ ਹੈ। ਫ਼ਰੀਦ ਜੀ ਕੱਕੇਵਾਲ ਮੌਤ/ਦੁੱਖਾਂ ਦਾ ਅਹਿਸਾਸ ਹੀ ਨਹੀਂ ਕਰਾਉਂਦੇ ਸਗੋਂ ਇਨ੍ਹਾਂ ਦੁੱਖਾਂ ਵਿੱਚੋਂ ਬਾਹਰ ਨਿਕਲਣ ਦਾ ਰਸਤਾ ਵੀ ਦੱਸਦੇ ਹਨ।
ਮੋਹ ਭੰਗ ਹੋਣ ਤੋਂ ਬਾਅਦ ਪ੍ਰਭੂ ਦੀ ਕਿਰਪਾ ਦੁਆਰਾ ਜੀਵ ਸਤਿਸੰਗ ਵਿਚ ਆਉਂਦਾ ਹੈ। ਮਨੁੱਖ ਚੰਗੀਆਂ ਆਦਤਾਂ ਦਾ ਧਾਰਨੀ ਬਣਦਾ ਹੈ। ਸੱਚੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਦੇ ਦੱਸੇ ਰਸਤੇ ਉੱਤੇ ਮਨੁੱਖ ਤੁਰਦਾ ਹੈ। ਨਾਮ ਸਿਮਰਨ ਕਰਦਾ ਹੈ , ਸਦਾਚਾਰਿਕ ਅਤੇ ਨੈਤਿਕ ਗੁਣਾਂ ਦਾ ਧਾਰਨੀ ਬਣਦਾ ਹੈ। ਆਪਣੇ ਆਪ ਨੂੰ ਸੰਵਾਰਨ ਨਾਲ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ ਅਤੇ ਪ੍ਰਭੂ ਪ੍ਰਾਪਤੀ ਨਾਲ ਹੀ ਅਸਲ ਸੁੱਖ ਭਾਵ ਪਰਮ-ਆਨੰਦ ਦੀ ਪ੍ਰਾਪਤੀ ਹੁੰਦੀ ਹੈ :
ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ॥
ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥
ਅਸੀਂ ਵੇਖਦੇ ਹਾਂ ਕਿ ਫ਼ਰੀਦ ਜੀ ਮਨੁੱਖ ਨੂੰ ਮੌਤ ਦਾ ਅਹਿਸਾਸ ਕਰਵਾ ਕੇ ਉਸਦਾ ਮੋਹ ਭੰਗ ਕਰਦੇ ਹਨ। ਫਿਰ ਜੀਵ ਨੂੰ ਨਾਮ ਸਿਮਰਨ ਕਰਨ ਅਤੇ ਗੁਰੂ ਦੇ ਦੱਸੇ ਰਾਹ 'ਤੇ ਚੱਲ ਕੇ ਪ੍ਰਭੂ ਪ੍ਰਾਪਤੀ ਦਾ ਰਾਹ ਦੱਸਦੇ ਹਨ।
ਐਵਾਨ-ਏ-ਗ਼ਜ਼ਲ : ਲੋਕ ਆਉਂਦੇ ਰਹਿਣਗੇ ਤੇ ਲੋਕ ਜਾਇਆ ਕਰਨਗੇ...
NEXT STORY