ਸਾਉਣ ਮਹੀਨਾਂ ਕੁੜੀਆਂ ਲਈ ਖੁਸ਼ੀਆਂ ਭਰਿਆ ਮਹੀਨਾ ਹੁੰਦਾ ਹੈ।ਇਸ ਮਹੀਨੇ ਸੱਜ ਵਿਆਹੀਆਂ ਕੁੜੀਆਂ ਦੇ ਆਪਸੀ ਮੇਲ-ਮਿਲਾਪ ਹੁੰਦੇ ਹਨ।ਉਹ ਸਹੇਲੀਆਂ ਨਾਲ ਗੱਲਾਂ ਕਰਕੇ ਮਨ ਹਲਕਾ ਕਰਦੀਆਂ ਹਨ,ਇੱਕਠੀਆਂ ਹੋ ਕੇ ਤਿੰਝਣਾਂ ਵਿਚ ਬੈਠਦੀਆਂ ਹਨ।ਚਰਖੇ ਕੱਤਦੀਆਂ,ਨੱਚਦੀਆਂ ਹਨ ਤੇ ਇੱਕ ਦੂਜੀ ਨਾਲ ਦੁੱਖ-ਸੁੱਖ ਫੋਲ ਕੇ ਮਨ ਨੂੰ ਹਲਕਾ ਕਰਦੀਆਂ ਹਨ ਪਰ ਹੁਣ ਉਹ ਪਹਿਲਾਂ ਵਾਲੀ ਗੱਲ੍ਹ ਨਹੀਂ ਰਹੀ ਨਾ ਤਾਂ ਉਹ ਤ੍ਰਿੰਝਣ ਰਹੇ ਹਨ ਤੇ ਨਾ ਹੀ ਚਰਖਿਆਂ ਦੀਆਂ ਘੁਕਾਂ ਸੁਣਾਈ ਦਿੰਦੀਆਂ ਹਨ।ਹੁਣ ਤਾਂ ਪੱਛਮੀ ਸੰਗੀਤ ਨੇ ਡਿਸਕੋ-ਡਾਂਸ ਨਾਲ ਹੀ ਲੋਕਾਂ ਦਾ ਮਨੋਰੰਜਨ ਕਰਨਾ ਸ਼ੁਰੂ ਕਰ ਦਿੱਤਾ ਹੈ।ਹੁਣ ਤਾਂ ਸਾਉਣ ਮਹੀਨੇ ਵਿਚ ਗਿੱਧੇ ਵੀ ਕਿਤੇ-ਕਿਤੇ ਹੀ ਪੈਂਦੇ ਸੁਣਦੇ ਹਨ।ਹੁਣ ਤਾਂ ਜ਼ਿੰਦਗੀ ਦੀ ਭੱਜ-ਦੌੜ ਇੰਨ੍ਹੀ ਤੇਜ਼ ਹੋ ਗਈ ਹੈ ਕਿ ਕੁੜੀਆਂ ਨੂੰ ਸਹੁਰੇ ਘਰਾਂ ਤੋਂ ਵਿਹਲ ਹੀ ਨਹੀਂ ਮਿਲਦੀ ਨਾ ਹੀ ਹੁਣ ਪਹਿਲਾਂ ਵਾਲੇ ਸੁਹੇਲਪੁਣੇ ਰਹੇ। ਕੁੜੀਆਂ ਦਾ ਸਾਉਣ ਮਹੀਨੇ ਪੇਕੇ ਆਉਣ ਦਾ ਰਿਵਾਜ਼ ਵੀ ਖਤਮ ਹੁੰਦਾ ਜਾ ਰਿਹਾ ਹੈ।ਪਹਿਲੇ ਵੇਲਿਆਂ ਵਿਚ ਸਾਉਣ ਮਹੀਨੇ ਨੂੰਹ-ਸੱਸ ਆਹਮੋ-ਸਾਹਮਣੇ ਨਹੀਂ ਹੁੰਦੀਆਂ ਸਨ।ਹੁਣ ਪੀਘਾਂ ਝੂਟਣਾਂ ਵੀ ਇਕ ਨਾਟਕੀ ਜਿਹਾ ਅੰਦਾਜ ਬਣ ਕੇ ਰਹਿ ਗਿਆ ਹੈ।
ਦਰੱਖਤ ਘੱਟ ਹੋਣ ਕਰਕੇ ਅਤੇ ਕੁੜੀਆਂ ਦੀ ਘੱਟ ਗਿਣਤੀ ਕਾਰਨ ਹੁਣ ਕੁੜੀਆਂ ਪੀਘਾਂ ਝੂਟਣੀਆਂ ਹੀ ਪਸੰਦ ਨਹੀਂ ਕਰਦੀਆਂ।ਸਾਉਣ ਮਹੀਨੇ ਦਾ ਵਾਤਾਵਰਣ ਰੰਗ-ਰੰਗੀਲਾ ਹੁੰਦਾ ਹੈ,ਇਕ ਸੱਜ ਵਿਆਹੀ ਲਾੜੀ ਦੀ ਤਰ੍ਹਾਂ।ਇਸ ਮਹੀਨੇ ਠੰਡੀਆਂ-ਠੰਡੀਆਂ ਪਾਉਣਾਂ ਸਰੀਰ ਨੂੰ ਠੰਡ ਪਹੁੰਚਾਉਂਦੀਆਂ ਹਨ ਅਤੇ ਮਨ ਨੂੰ ਬੜਾ ਸਕੂਨ ਮਿਲਦਾ ਹੈ।ਦਰੱਖਤਾਂ ਦੇ ਹਰੇ ਤੇ ਪੀਲੇ ਪੱਤੇ ਕੂਲੇ-ਕੂਲੇ ਹੁੰਦੇ ਹਨ ਅਤੇ ਬਚਪਨ ਦੀਆਂ ਯਾਦਾਂ ਤਾਜੀਆਂ ਕਰਦੇ ਹਨ ਕਿ ਕਿਵੇਂ ਬਚਪਨ ਕੋਮਲ ਹੁੰਦਾ ਹੈ।ਜਦੋਂ ਪਾਣੀ ਤੇ ਠੰਡਕ ਦੀ ਔੜ ਲੱਗਦੀ ਹੈ ਤਾਂ ਕੁੜੀਆਂ ਇਕੱਠੀਆਂ ਹੋ ਕੇ ਗੁੱਡੀ ਫੂਕਦੀਆਂ ਹਨ ਤੇ ਘਰਾਂ ਵਿਚ ਗੁਲਗੁਲੇ ਬਣਾਏ ਜਾਂਦੇ ਹਨ।ਦੁਆ ਕੀਤੀ ਜਾਂਦੀ ਹੈ ਕਿ:-
'ਕਾਲੀਆਂ ਇੱਟਾਂ ਕਾਲੇ ਰੋੜ ਮੀਂਹ ਵਰ੍ਹਾ ਦੇ ਜ਼ੋਰੋ ਜ਼ੋਰ
'ਰੱਬਾ-ਰੱਬਾ ਮੀਂਹ ਵਰਸਾ,ਸਾਡੀ ਕੋਠੀ ਦਾਣੇ ਪਾ।''
ਗੁੱਡੀ ਫੁਕਣ ਤੋਂ ਇਲਾਵਾ ਇਸ ਮਹੀਨੇ ਹੋਰ ਵੀ ਬਹੁਤ ਸਾਰੇ ਸ਼ਗਨ ਕੀਤੇ ਜਾਂਦੇ ਹਨ ਪਰ ਹੁਣ ਵਿਗਿਆਨਕ ਯੁੱਗ ਹੋਣ ਕਰਕੇ ਲੋਕਾਂ ਨੂੰ ਪਤਾ ਹੈ ਕਿ ਗੁੱਡੀ ਫੁਕਣ ਨਾਲ ਮੀਂਹ ਨਹੀਂ ਪੈਂਦਾ ਬਲਕਿ ਮਾਨਸੂਨ ਪੌਣਾਂ ਦੇ ਆਉਣ ਕਰਕੇ ਹੀ ਮੀਂਹ ਪੈਂਦਾ ਹੈ।ਗੁੱਡੀ ਫੂਕਣ ਦੀ ਰਸ਼ਮ ਤਾਂ ਹੁਣ ਖਤਮ ਹੀ ਹੋ ਗਈ ਲੱਗਦੀ ਹੈ।
ਸਾਉਣ ਮਹੀਨੇ ਹੀ ਅੰਬਾਂ ਤੇ ਜਵਾਨੀ ਆਉਂਦੀ ਹੈ।ਇਸ ਸਮੇਂ ਬਾਗਾਂ ਵਿਚ ਅੰਬੀਆਂ ਦੀਆਂ ਟਾਹਣੀਆਂ ਅੰਬਾਂ ਦੇ ਭਾਰ ਨਾਲ ਲੱਟਕਦੀਆਂ ਦਿਖਾਈ ਦਿੰਦੀਆਂ ਹਨ।ਇਕ ਅਜੀਬ ਜਿਹੀ ਮਹਿਕ ਬਾਗਾਂ ਵਿਚੋਂ ਆਉਣ ਲੱਗਦੀ ਹੈ ਪਰ ਅੰਬਾਂ ਦੀ ਬਦਕਿਸਮਤੀ ਹੈ ਕਿ ਅੰਬਾਂ ਦੇ ਬੂਟਿਆਂ ਨੂੰ ਜਿਆਦਾ ਕੱਟਿਆ ਜਾ ਰਿਹਾ ਹੈ।
ਜਦ-ਜਦ ਸਾਉਣ ਮਹੀਨਾ ਨੇੜੇ ਆਉਂਦਾ ਹੈ ਤਾਂ ਕੁੜੀਆਂ ਨੇ ਸਹੁਰੇ ਘਰਾਂ 'ਚੋਂ ਨਿਕਲ ਕੇ ਪੇਕੇ ਘਰ ਜਾਣਾ ਹੁੰਦਾ ਹੈ ਪਰ ਕਈ ਵਾਰੀ ਭਰਾਵਾਂ ਕੋਲ ਇੰਨ੍ਹੀ ਵਿਹਲ ਨਹੀਂ ਹੁੰਦੀ ਕਿ ਉਹ ਆਪਣੀ ਭੈਣ ਨੂੰ ਸਹੁਰੇ ਘਰੋਂ ਆ ਕੇ ਲੈ ਜਾਵੇ।ਉਸ ਵਕਤ ਸੱਸ ਵੀ ਮਿਹਣੇ-ਤਾਹਨੇ ਮਾਰਦੀ ਹੈ-
'ਬਹੁਤਿਆਂ ਭਰਾਵਾਂ ਵਾਲੀਏ,ਤੈਨੂੰ ਤੀਆਂ ਨੂੰ ਲੈਣ ਨਾ ਆਏ।'
ਨੂੰਹਾਂ ਵੀ ਅੱਗੋਂ ਘੱਟ ਨਹੀਂ ਗੁਜ਼ਾਰਦੀਆਂ ਅਤੇ ਕਹਿੰਦੀਆਂ ਹਨ-
'ਸੱਸੀਏ ਨੀ ਆਕੜ ਖੋਰੀਏ 'ਤੈਥੋਂ ਡਰਦੇ ਲੈਣ ਨਾ ਆਏ।''
ਇਸ ਮਹੀਨੇ ਜਦ ਕੁੜੀਆਂ ਸਾਹੁਰਿਆਂ ਤੋਂ ਪੇਕੇ ਘਰ ਆ ਜਾਂਦੀਆਂ ਹਨ ਤਾਂ ਸਹੇਲੀਆਂ ਮਿਲਕੇ ਬੈਠਦੀਆਂ ਹਨ ਤੇ ਆਪਣੇ ਸਹੁਰਿਆਂ ਦੀਆਂ ਗੱਲਾਂ ਨੂੰ ਲੈ ਕੇ ਦੁੱਖ-ਸੁੱਖ ਫੋਲਦੀਆਂ ਹਨ ਤਾਂ ਉਸ ਸਮੇਂ ਬੋਲੀ ਪਾਈ ਜਾਂਦੀ ਹੈ-
'ਸੁਣ ਨੀ ਸੱਸੀਏ ਵੜੇਵੇਂ ਅੱਖੀਏ ਤੈਨੂੰ ਵਾਰ-ਵਾਰ ਸਮਝਾਵਾਂ,ਗਾਲ੍ਹ ਭਰਾਵਾਂ ਦੀ ਮੈਂ ਨਾ ਡਾਢੀਏ ਖਾਵਾਂ''।
ਕੁੜੀਆਂ ਗੱਲਾਂ-ਬਾਤਾਂ ਕਰਕੇ ਦੁੱਖ-ਸੁੱਖ ਫੋਲ ਕੇ ਮਨਾਂ ਨੂੰ ਹਲਕਾ ਕਰਦੀਆਂ ਹਨ ਪਰ ਹੁਣ ਉਹ ਸਮਾਂ ਦੂਰ ਨਿਕਲ ਗਿਆ ਹੈ, ਹੁਣ ਤਾਂ ਕੁੜੀਆਂ ਕੋਲ ਪੀਘਾਂ ਝੁਟਣ ਤੇ ਇਕੱਠੀਆਂ ਹੋਣ ਦੀ ਵਿਹਲ ਹੀ ਨਹੀਂ ਹੈ ਤੇ ਉਹ ਉਤਸ਼ਾਹ ਵੀ ਨਹੀਂ ਰਹੇ ਹਨ।ਅੱਜ-ਕੱਲ੍ਹ ਤਾਂ ਕੁੜੀਆਂ ਸਾਉਣ ਮਹੀਨੇਂ ਵਿਚ ਇਕ ਰਸਮ ਹੀ ਪੂਰੀ ਕਰਨ ਲਈ ਪੇਕੇ ਘਰ ਆਉਂਦੀਆਂ ਹਨ।ਜੇ ਕੁੜੀ ਸਾਉਣ ਮਹੀਨੇ ਪੇਕੇ ਘਰ ਆ ਵੀ ਜਾਂਦੀ ਹੈ ਤਾਂ ਮਗਰੋਂ ਹੀ ਉਸਦਾ ਪਤੀ ਉਸਨੂੰ ਲੈਣ ਲਈ ਆ ਜਾਂਦਾ ਹੈ ਤਾਂ ਇਹ ਸਤਰਾਂ ਬੋਲਦੀਆਂ ਹਨ:-
“ਇਹਦੇ ਮਾਰੋ ਨੀ ਘੋਟਨਾ ਨਿੰਮ ਦਾ,ਤੀਆਂ ਵਿਚ ਲੈਣ ਆ ਗਿਆ''।
ਇਹ ਮਹੀਨਾ ਗਰੀਬਾਂ ਲਈ ਬਹੁਤਾ ਚੰਗਾ ਨਹੀਂ ਹੁੰਦਾ।ਸਾਨੂੰ ਗਰੀਬਾਂ ਤੇ ਤਰਸ ਆਉਂਦਾ ਹੈ।ਇਸ ਮਹੀਨੇ ਮੇਲੇ ਲੱਗਦੇ ਹਨ,ਲੋਕ ਸਾਉਣ ਮਹੀਨੇ ਦੀਆਂ ਰੰਗੀਨੀਆਂ ਦਾ ਅਨੰਦ ਮਾਣਦੇ ਹਨ।ਸਾਡੀ ਫਰਿਆਦ ਹੈ ਕਿ ਸਾਉਣ ਮਹੀਨਾ ਮਨ ਨੂੰ ਸਾਂਤੀ ਦੇਣ ਵਾਲਾ ਆਉਂਦਾ ਰਹੇ ਅਤੇ ਲੋਕ ਖੁਸ਼ੀਆਂ ਮਾਣਦੇ ਰਹਿਣ-
“ਸਾਉਣ ਮਹੀਨਾ ਆਉਂਦਾ ਰਹੇ, ਸਭਨਾਂ ਦੇ ਸੀਨੇ ਠੰਡ ਪਾਉਂਦਾ ਰਹੇ''
ਮਨਜੀਤ ਪਿਉਰੀ ਗਿੱਦੜਬਾਹਾ
94174 47986
ਮਨਜੀਤ ਸਟੂਡੀਓ,ਨੇੜੇ ਭਾਰੂ ਗੇਟ ਗਿੱਦੜਬਾਹਾ
ਸਰਕਾਰੀ ਖਰੀਦ ਤੋਂ ਬਗੈਰ ਘਟੋ ਘੱਟ ਸਮਰਥਨ ਮੂਲ ਬੇਅਰਥ
NEXT STORY