ਰੁਪਿੰਦਰ ਸੰਧੂ
ਲਾਲੀ ਹੁਣ ਪਰਦੇਸਾਂ ’ਚ ਵੱਸਦੀ ਏ ਕਿੱਧਰੇ। ਪੰਦਰਾਂ ਕੁ ਵਰ੍ਹੇ ਹੋ ਗਏ ਉਹਨੂੰ ਗਈ ਨੂੰ। ਮੁਲਕ ਦਾ ਨਾਂ ਪਤਾ ਏ ਪਰ ਸ਼ਹਿਰ ਤੇ ਘਰ ਦਾ ਪਤਾ ਕਦੇ ਮੰਗਿਆ ਹੀ ਨਹੀਂ ਕਿਸੇ ਤੋਂ । ਨਿੱਕਿਆਂ ਹੁੰਦਿਆਂ ਦੀਆਂ ਜੇ ਸੌ ਗੱਲਾਂ ਯਾਦ ਨੇ ਮੈਨੂੰ ਤਾਂ ਉਹਦੇ ’ਚੋਂ ਨੱਬੇ ਲਾਲੀ ਨਾਲ ਹੀ ਲੰਘੇ ਵਕਤ ਦੀਆਂ ਨੇ। ਮੇਰੀ ਮਾਂ ਨੇ ਮੈਨੂੰ ਦੱਸਿਆ ਹੋਊ ਕਿਤੇ ਇੱਕ-ਦੋ ਵਾਰ ਵੀ ਲਾਲੀ ਮੇਰੇ ਤੋਂ ਪੰਜ ਮਹੀਨੇ ਵੱਡੀ ਏ। ਬਸ ਉਸ ਤੋਂ ਬਾਅਦ ਅਸੀਂ ਜਦ ਵੀ ਕਿੱਧਰੇ ਇਕੱਠੀਆਂ ਬੈਠੀਆਂ ਹੋਣਾਂ ਤਾਂ ਕਿਸੇ ਨੇਂ ਕਹਿਣਾ "ਦੋਵੇਂ ਇਕੋ ਹਾਣ ਦੀਆਂ ਲੱਗਦੀਆਂ, ਤਾਂ ਅਸੀਂ ਝੱਟ ਉਹ ਪੰਜ ਮਹੀਨਿਆਂ ਦਾ ਫਰਕ ਦੱਸਣਾ ਹਰ ਇਕ ਨੂੰ। ਸਤਾਰਾਂ ਅਠਾਰਾਂ ਵਰ੍ਹੇ ਬੀਤ ਗਏ ਹੁਣ ਲਾਲੀ ਨੂੰ ਵੇਖਿਆਂ ਅਤੇ ਮਿਲਿਆਂ ਪਰ ਲੱਗਦਾ ਜਿਓਂ ਮੈਂ ਤੇ ਲਾਲੀ ਅੱਜ ਵੀ ਮੇਰੇ ਪਿੰਡ ਦੀਆਂ ਗਲੀਆਂ ’ਚ ਹੀ ਜਿਊਂਦੀਆਂ ਹਾਂ। ਲਾਲੀ ਦੇ ਗੁਆਂਢ ’ਚ ਇਕ ਘਰ ਸੀ ਚਾਚੇ ਨੰਬਰਦਾਰ ਦਾ ਅਤੇ ਚਾਚੇ ਦੀ ਘਰਦੀ ਚਾਚੀ ਸ਼ਿੰਦਰੋ ਸਾਡਾ ਬਹੁਤਾ ਮੋਹ ਕਰਦੀ ਸੀ।
ਉਮਰ ’ਚ ਉਹ ਮੇਰੇ ਪਿਓ ਹੁਣਾਂ ਦਾ ਵੀ ਚਾਚਾ ਹੀ ਸੀ ਪਰ ਰੀਸੋ ਰੀਸ ਅਸੀਂ ਨਿਆਣੇਂ ਵੀ ਚਾਚਾ ਹੀ ਕਹਿੰਦੇ ਸੀ। ਵਿਆਹ ਤੋਂ ਵਰ੍ਹਿਆਂ ਬਾਅਦ ਵੀ ਚਾਚੇ ਦੇ ਘਰ ਕੋਈ ਔਲਾਦ ਨਹੀਂ ਸੀ ਹੋਈ ਸ਼ਾਇਦ ਤਾਂ ਕਰਕੇ ਹੀ ਜੇ ਮੈਂ ਤੇ ਲਾਲੀ ਨੇ ਇਕ ਦਿਨ ਵੀ ਉਸ ਘਰ ਨਾ ਜਾਣਾਂ ਤਾਂ ਚਾਚੀ ਬਹੁਤਾ ਗੁੱਸਾ ਕਰਦੀ ਸੀ ਸਾਡੇ ’ਤੇ। ਅਸੀਂ ਤਾਂ ਕਈ ਵਾਰ ਚਾਚੀ ਦੇ ਘਰ ਹੀ ਰੋਟੀ ਪਾਣੀਂ ਖਾ ਪੀ ਲੈਂਦੀਆਂ ਸੀ। ਚਾਚਾ ਕਹਿੰਦਾ ਹੁੰਦਾ ਸੀ, "ਇਹ ਦੋਵੇਂ ਤਾਂ ਮਰਜਾਣੀਆਂ ਰੌਣਕ ਨੇ ਵਿਹੜੇ ਦੀ। ਅਸੀਂ ਦੋਵੇਂ ਚਾਚੀ ਦੀਆਂ ਸਹੇਲੀਆਂ ਬਣਕੇ ਉਹਦੇ ਨਾਲ ਆਂਢ-ਗੁਆਂਢ ਦੀਆਂ ਗੱਲਾਂ ਕਰਦੀਆਂ ਰਹਿੰਦੀਆਂ ਤੇ ਚਾਚੀ ਦਾ ਜੀਅ ਹੀ ਨਹੀਂ ਸੀ ਕਰਦਾ ਹੁੰਦਾ ਵੀ ਅਸੀਂ ਆਪਣੇ ਘਰਾਂ ਨੂੰ ਜਾਈਏ। ਲਾਲੀ ਦੀ ਮਾਂ ਰਿਸ਼ਤੇ ’ਚ ਮੇਰੀ ਮਾਸੀ ਲੱਗਦੀ ਸੀ , ਮਾਸੀ ਨਰਸ ਸੀ, ਨੌਕਰੀ ਸਰਕਾਰੀ ਹੋਣ ਕਰਕੇ ਉਹ ਦਿਨੇ ਘੱਟ ਹੀ ਹੁੰਦੀ ਸੀ ਘਰੇ। ਲਾਲੀ ਦੀਆਂ ਭੈਣਾਂ ਜਿਹੜੀਆਂ ਤਿੰਨੋਂ ਉਮਰ ’ਚ ਉਸ ਤੋਂ ਵੱਡੀਆਂ ਹੋਣ ਕਰਕੇ ਸਾਨੂੰ ਪਿਆਰ ਤਾਂ ਬਹੁਤ ਕਰਦੀਆਂ ਸੀ ਪਰ ਖੇਡਦੀਆਂ ਨਹੀਂ ਸੀ ਸਾਡੇ ਨਾਲ। ਅਸੀਂ ਅੰਕਲ ਬਾਬੂ ਸਿੰਘ ਡਾਕਟਰ ਦੀ ਦੁਕਾਨ ’ਚ ਬੈਠੀਆਂ ਰਹਿਣਾਂ, ਉਹ ਲਾਲੀ ਦੇ ਡੈਡੀ ਸੀ। ਆਉਂਦੇ ਜਾਂਦੇ ਮਰੀਜ਼ਾਂ ਨੂੰ ਵੇਖਦੀਆਂ ਰਹਿੰਦੀਆਂ। ਕਦੇ-ਕਦੇ ਅਸੀਂ ਦੋਵਾਂ ਨੇ ਨਹਿਰ ਦੀ ਪਟੜੀ ਵੱਲ ਨੂੰ ਤੁਰੀਆਂ ਜਾਣਾ ਤੇ ਉੱਥੇ ਸਫੈਦਿਆਂ ਦੀ ਛਾਵੇਂ ਬੈਠਕੇ ਕਿੰਨੀਆਂ ਗੱਲਾਂ ਕਰੀ ਜਾਣੀਆਂ ਪਰ ਉਨ੍ਹਾਂ ਗੱਲਾਂ ਵੇਲੇ ਕਦੀ ਇਹ ਨਹੀਂ ਸੋਚਿਆ ਸੀ ਕਿ ਇਕ ਦਿਨ ਇਹੋ ਜਿਹਾ ਵਕਤ ਵੀ ਆਊ ਜਿੰਦਗੀ ’ਚ, ਕਿ ਸਾਨੂੰ ਵਰ੍ਹਿਆਂ ਦਾ ਵਕਤ ਬੀਤ ਜਾਊ ਇਕ ਦੂਜੇ ਨੂੰ ਮਿਲਿਆਂ।
ਮੈਂ ਤੇ ਲਾਲੀ ਛੋਟੀਆਂ ਜਿਹੀਆਂ ਹੀ ਸੀ, ਅੱਠਵੀਂ ’ਚ ਪੜਦੀਆਂ ਸੀ, ਜਦੋਂ ਮਾਸੀ ਨੂੰ ਕੈਂਸਰ ਹੋ ਗਿਆ, ਕੁਝ ਕੁ ਅਰਸਾ ਬੀਮਾਰ ਰਹਿਣ ਤੋਂ ਬਾਅਦ ਮਾਸੀ ਦੁਨੀਆਂ ਤੋਂ ਤੁਰ ਗਈ। ਉਸ ਵਕਤ ਮੈਂ ਲਾਲੀ ਨੂੰ ਮਾਸੀ ਲਈ ਵਿਲਕਦੇ ਵੇਖਿਆ ਸੀ। ਕਿੰਨੇਂ ਦਿਨ ਮੈਂ ਵੀ ਆਪਣੀ ਮਾਂ ਨੂੰ ਘੁੱਟ ਕੇ ਜੱਫੀ ਪਾਕੇ ਸੌਂਦੀ ਰਹੀ ਵੀ ਕਿਤੇ ਮੇਰੀ ਮਾਂ ਨੂੰ ਨਾ ਕੁੱਝ ਹੋ ਜਾਵੇ। ਸਕੂਲੋਂ ਆਣਕੇ ਮੈਂ ਰੋਜ ਆਥਣੇਂ ਉਹਦੇ ਕੋਲ ਜਾਂਦੀ। ਉਹ ਬੜਾ ਰੋਂਦੀ। ਹਫਤੇ ਕੁ ਬਾਅਦ ਜਦ ਮਾਸੀ ਦਾ ਭੋਗ ਸੀ ਤਾਂ ਉਸਤੋਂ ਇਕ ਦਿਨ ਪਹਿਲਾਂ ਮੈਨੂੰ ਕਹਿੰਦੀ, "ਕੱਲ੍ਹ ਨੂੰ ਮੰਮੀਂ ਦਾ ਭੋਗ ਏ, ਤੂੰ ਕਿਹੜੀ ਫਰਾਕ ਪਾਉਣੀਂ ਏ ? ਫਿਰ ਮੈਂ ਵੀ ਉਹੋ ਜਿਹੀ ਹੀ ਪਾ ਲਵਾਂ। ਉਸ ਵੇਲੇ ਤਾਂ ਸਮਝ ਨਹੀਂ ਸੀ ਪਰ ਅੱਜ ਜਦੋਂ ਉਹਦੀ ਉਹ ਗੱਲ ਯਾਦ ਕਰਦੀ ਹਾਂ ਤਾਂ ਦਿਲ ’ਚ ਪੀੜ ਜਿਹੀ ਹੋਣ ਲੱਗਦੀ ਏ। ਮੈਂ ਅੱਜ ਵੀ ਉਹਦੇ ਨਾਲ ਤੁਰੀ ਫਿਰਦੀ ਹਾਂ, ਪਿੰਡ ਦੀਆਂ ਗਲੀਆਂ ’ਚ, ਬੋਹੜ ਵਾਲੀ ਸੱਥ ’ਚ, ਲਾਲੀ ਦੇ ਤੇ ਮੇਰੇ ਘਰ ’ਚ, ਅੰਕਲ ਬਾਬੂ ਸਿੰਘ ਦੀ ਦੁਕਾਨ ’ਚ, ਨਹਿਰ ਦੀ ਪਟੜੀ ਤੇ ਚਾਚੀ ਸ਼ਿੰਦਰੋ ਦੇ ਘਰ ’ਚ।
ਛੇ ਮਹੀਨੇ ਪਹਿਲਾਂ ਅੰਕਲ ਬਾਬੂ ਸਿੰਘ ਦੇ ਮਰਨ ਤੋਂ ਬਾਅਦ ਲਾਲੀ ਦਾ ਉਸ ਪਿੰਡ ’ਚੋਂ ਸਭ ਕੁਝ ਖਤਮ ਹੋ ਗਿਆ ਪਰ ਜੇ ਕੁਝ ਜਿਊਂਦਾ ਹੋਊ ਉਸ ਦੇ ਦਿਲ ’ਚ ਤਾਂ ਉਹ ਵਕਤ ਜਰੂਰ ਹੋਊ ਜੋ ਮੇਰੇ ਦਿਲ ’ਚ ਇੱਥੇ ਬੈਠਿਆਂ ਵੀ ਤੇ ਉਹਦੇ ਦਿਲ ’ਚ ਪਰਦੇਸਾਂ ’ਚ ਬੈਠਿਆਂ ਵੀ। ਕੁਝ ਪਤੇ ਹੁੰਦੇ ਨੇ ਜਿੰਨ੍ਹਾਂ ਤੇ ਤੁਸੀਂ ਚਿੱਠੀਆਂ ਨਹੀਂ ਪਾਉਂਦੇ, ਕੁਝ ਕੁ ਘਰ ਹੁੰਦੇ ਨੇ, ਜਿੰਨ੍ਹਾਂ ਦੀ ਦਹਿਲੀਜ਼ ’ਤੇ ਤੁਸੀਂ ਕਦੀ ਪੈਰ ਨਹੀਂ ਧਰਦੇ ਪਰ ਨਾ ਕਦੇ ਉਹ ਪਤੇ ਭੁੱਲਦੇ ਨੇਂ ਨਾ ਦਹਿਲੀਜ਼ਾਂ। ਉਸੇ ਤਰ੍ਹਾਂ ਸ਼ਾਇਦ ਅਸੀਂ ਕਦੇ ਵਰ੍ਹਿਆਂ ਤੱਕ ਨਾ ਮਿਲੀਏ ਪਰ ਇਕ ਦੂਜੇ ਦੇ ਅੰਦਰੋਂ ਕਦੀ ਮਰ ਨਹੀਂ ਸਕਦੀਆਂ, ਇਹ ਪੱਕਾ ਪਤਾ ਮੇਰੇ ਦਿਲ ਨੂੰ।
ਮੇਰੇ ਸਕੂਲੀ ਦਿਨ : ‘ਰੋਟੀ-ਪਾਣੀ ਅਤੇ ਮਹਾਮਾਰੀ ਦੇ ਪ੍ਰਸੰਗ ਵਿਚ’
NEXT STORY