ਮੋਗਾ (ਗੋਪੀ ਰਾਊਕੇ): ਜ਼ਿਲ੍ਹਾ ਮੋਗਾ ਦੇ ਥਾਣਾ ਬੱਧਨੀ ਕਲਾਂ ਵਿਖੇ ਲੰਘੀ 3 ਮਾਰਚ ਨੂੰ ਇਕ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਮਾਮਲੇ ਵਿਚ ਨਾਜਾਇਜ਼ ਹਿਰਾਸਤ ਵਿਚ ਰੱਖੇ ਛਿੰਦਰ ਸਿੰਘ ਅਤੇ ਉਸ ਦੀ ਪਤਨੀ ਪਰਮਜੀਤ ਕੌਰ ਦੇ ਮਾਮਲੇ ਵਿਚ ਮਾਣਯੋਗ ਹਾਈਕੋਰਟ ਨੇ ਸਖ਼ਤ ਫੈਸਲਾ ਸੁਣਾਉਂਦੇ ਹੋਏ ਇਸ ਮਾਮਲੇ ਵਿਚ ਪੁਲਸ ਵਿਭਾਗ ਦੇ ਵਿਵਾਦਿਤ ਸਸਪੈਂਡ ਥਾਣਾ ਮੁੱਖੀ ਕਰਮਜੀਤ ਸਿੰਘ ਸਮੇਤ 4 ਵਿਰੁੱਧ ਅਗਲੀ ਸੁਣਵਾਈ ਤੱਕ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਮਾਮਲਾ ਦਰਜ ਕਰਨ ਦੇ ਲਿਖ਼ਤੀ ਆਦੇਸ਼ ਜਾਰੀ ਕੀਤੇ ਹਨ। ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਕਥਿਤ ਨਾਜਾਇਜ਼ ਹਿਰਾਸਤ ਵਿਚ ਰੱਖੀ ਪਰਮਜੀਤ ਕੌਰ ਦੀ ਮਾਤਾ ਮਨਜੀਤ ਕੌਰ ਨੇ ਇਸ ਮਾਮਲੇ ਵਿਚ ਮਾਣਯੋਗ ਹਾਈਕੋਰਟ ਦਾ ਦਰਵਾਜਾ ਖੜਕਾਇਆ ਸੀ, ਜਿਸ ਮਗਰੋਂ ਹਾਈਕੋਰਟ ਦੇ ਜੱਜਾਂ ਨੇ 9 ਮਾਰਚ ਨੂੰ ਬੱਧਨੀ ਕਲਾਂ ਥਾਣੇ ਦਾ ਦੌਰਾ ਕੀਤਾ ਸੀ ਅਤੇ ਜ਼ਿਲ੍ਹਾ ਸੈਸ਼ਨ ਜੱਜ ਮੋਗਾ ਨੂੰ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਸਨ। ਜ਼ਿਲ੍ਹਾ ਸ਼ੈਸਨ ਜੱਜ ਵਲੋਂ 13 ਮਈ ਪਟੀਸ਼ਨਕਰਤਾ ਪਰਮਜੀਤ ਕੌਰ ਅਤੇ ਉਸਦੇ ਪਤੀ ਚੰਦ ਸਿੰਘ ਦੇ ਬਿਆਨ ਦਰਜ ਕੀਤੇ ਸਨ।
ਮਾਨਯੋਗ ਹਾਈਕੋਰਟ ਦੇ ਜਸਟਿਸ ਅਰੁਣ ਕੁਮਾਰ ਤਿਆਗੀ ਵਲੋਂ ਕੇਸ ਦੀ ਸੁਣਵਾਈ ਦੌਰਾਨ ਜ਼ਿਲ੍ਹਾ ਅਤੇ ਸੈਸ਼ਨ ਜੱਜ ਮੋਗਾ ਦੀ ਇਨਕੁਆਰੀ ਰਿਪੋਰਟ ਦੇਖਣ ਮਗਰੋਂ ਥਾਣਾ ਬੱਧਨੀ ਕਲਾਂ ਦੇ ਤਤਕਾਲੀਨ ਥਾਣਾ ਮੁੱਖੀ ਕਰਮਜੀਤ ਸਿੰਘ, ਸਹਾਇਕ ਥਾਣੇਦਾਰ ਜਸਵੰਤ ਸਿੰਘ, ਪਵਨ ਕੁਮਾਰ ਪੁਲਸ ਮੁਲਾਜ਼ਮ ਸਮੇਤ ਇਕ ਮਹਿਲਾ ਪੁਲਸ ਕਰਮਚਾਰੀ ਵਿਰੁੱਧ ਨਾਜਾਇਜ਼ ਹਿਰਾਸਤ ਵਿਚ ਰੱਖਣ ਦੇ ਮਾਮਲੇ ਵਿਚ ਕੇਸ ਦਰਜ ਕਰਨ ਦੇ ਹੁਕਮ ਦਿੰਦਿਆਂ ਅਗਲੀ ਸੁਣਵਾਈ ਤੱਕ ਸਮੁੱਚੀ ਰਿਪੋਰਟ ਵਿਚ ਅਦਾਲਤ ਵਿਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।
ਦੱਸਣਾ ਬਣਦਾ 4 ਮਾਰਚ 2021 ਨੂੰ ਪਿੰਡ ਰਣੀਆ ਨਿਵਾਸੀ ਰਵਿੰਦਰ ਕੁਮਾਰ ਨੇ ਦਿੱਤੇ ਬਿਆਨਾਂ ’ਚ ਦੋਸ਼ ਲਾਇਆ ਸੀ ਕਿ ਉਸ ਦੇ ਪੁੱਤਰ ਅਮਿਤ ਕੁਮਾਰ ਦੀ 12 ਸਾਲ ਪਹਿਲਾਂ ਦੋਰਾਹਾ ਨਿਵਾਸੀ ਸੋਨਮ ਨਾਲ ਵਿਆਹ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਤਿੰਨ ਬੱਚੇ ਹੋਏ ਸਨ ਪਰ ਉਸਦੀ ਨੂੰਹ ਸੋਨਮ ਅਕਸਰ ਨਾਰਾਜ਼ ਹੋ ਕੇ ਪੇਕੇ ਚਲੀ ਜਾਂਦੀ ਅਤੇ ਸੁਰਜੀਤ ਸਿੰਘ ਮੀਤਾ ਅਤੇ ਜਸਵੰਤ ਸਿੰਘ ਪੱਪੀ ਦੇ ਕਹਿਣ ’ਤੇ ਪਰਮਜੀਤ ਕੌਰ, ਛਿੰਦਾ ਸਿੰਘ, ਕਰਮਜੀਤ ਕੌਰ ਅਤੇ ਹਰਪ੍ਰੀਤ ਸਿੰਘ ਉਨ੍ਹਾਂ ਦੇ ਬੇਟੇ ਅਤੇ ਨੂੰਹ ਦਾ ਝਗੜਾ ਕਰਵਾਉਂਦੇ ਸਨ ਇਸ ਕਰ ਕੇ ਮੇਰੀ ਨੂੰਹ ਪੇਕੇ ਚਲੀ ਗਈ ਅਤੇ ਇਸ ਮਗਰੋਂ ਦੁਖੀ ਹੋਏ ਮੇਰੇ ਲੜਕੇ ਨੇ 24 ਫ਼ਰਵਰੀ ਦੀ ਰਾਤ ਨੂੰ ਆਪਣੇ ਗਲ ਵਿਚ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ। ਇਸ ਮਾਮਲੇ ਵਿਚ 4 ਮਾਰਚ 2021 ਨੂੰ ਥਾਣਾ ਬੱਧਨੀ ਕਲਾਂ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ।
ਸਾਡਾ ਨਾਂ ਜਾਣ-ਬੁੱਝ ਕੇ ਮਾਮਲੇ ’ਚ ਨਾਮਜ਼ਦ ਕੀਤਾ ਮਾਣਯੋਗ ਕੋਰਟ ਤੋਂ ਮਿਲੇਗਾ ਇਨਸਾਫ਼ : ਕਾਂਗਰਸੀ ਆਗੂ
ਇਸੇ ਦੌਰਾਨ ਹੀ ਇਸ ਮਾਮਲੇ ਦਾ ਸਾਹਮਣਾ ਕਰਦੇ ਹੋਏ ਕੋਰਟ ਵਿਚ ਪੈਰਵੀਂ ਕਰ ਰਹੇ ਜ਼ਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨਾਂ ਜਸਵੰਤ ਸਿੰਘ ਪੱਪੀ ਅਤੇ ਸੁਰਜੀਤ ਸਿੰਘ ਮੀਤਾ ਰਣੀਆ ਨੇ ਕਿਹਾ ਕਿ ਸਾਡਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਸਗੋਂ ਉਹ ਇਸ ਮਾਮਲੇ ਵਿਚ ਦੋਹਾਂ ਧਿਰਾਂ ਦੀ ਗੱਲਬਾਤ ਕਰਵਾ ਰਹੇ ਸਨ ਪਰ ਥਾਣਾ ਮੁਖੀ ਕਰਮਜੀਤ ਸਿੰਘ ਨੇ ਸੱਚ ਦੀ ਆਵਾਜ਼ ਦਬਾਉਣ ਲਈ ਉਨ੍ਹਾਂ ’ਤੇ ਝੂਠਾ ਮਾਮਲਾ ਦਰਜ ਕੀਤਾ ਸੀ। ਉਨ੍ਹਾਂ ਕਿਹਾ ਕਿ ਮਾਣਯੋਗ ਅਦਾਲਤ ਨੇ ਦੁੱਧ ਦਾ ਦੁੱਧ ’ਤੇ ਪਾਣੀ ਦਾ ਪਾਣੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਾਣਯੋਗ ਕੋਰਟ ’ਤੇ ਪੂਰਾ ਭਰੋਸਾ ਹੈ, ਸਾਨੂੰ ਇਨਸਾਫ਼ ਮਿਲੇਗਾ।
ਸਿਵਲ ਹਸਪਤਾਲ ’ਚ ਕੋਰੋਨਾ ਵਿਰੋਧੀ ਵੈਕਸੀਨ ਦੀ ਘਾਟ ਕਾਰਣ ਲੋਕ ਹੋ ਰਹੇ ਨੇ ਪਰੇਸ਼ਾਨ
NEXT STORY