ਸ਼੍ਰੀਨਗਰ— ਕਸ਼ਮੀਰ ਵਾਦੀ 'ਚ 2-ਜੀ ਮੋਬਾਇਲ ਸੇਵਾਵਾਂ ਦੀ ਮਿਆਦ ਨੂੰ 8 ਹੋਰ ਦਿਨਾਂ ਲਈ ਵਧਾ ਦਿੱਤਾ ਗਿਆ ਹੈ। ਹੁਣ 4 ਮਾਰਚ ਤਕ ਲਈ 2-ਜੀ ਮੋਬਾਇਲ ਸੇਵਾ ਮਿਲਦੀ ਰਹੇਗੀ। ਸਰਕਾਰੀ ਸੂਤਰਾਂ ਨੇ ਮੌਜੂਦਾ ਸਥਿਤੀ ਅਤੇ ਉੱਚ ਰਫਤਾਰ ਵਾਲੇ ਬਰਾਡ ਬੈਂਡ ਇੰਟਰਨੈੱਟ ਦੀ ਬਹਾਲੀ ਲਈ ਇਥੇ ਆਯੋਜਿਤ ਕੀਤੀ ਇਕ ਸਮੀਖਿਆ ਬੈਠਕ ਪਿੱਛੋਂ ਦੱਸਿਆ ਕਿ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ 2-ਜੀ ਦੂਰ-ਸੰਚਾਰ ਨੂੰ 4 ਮਾਰਚ ਤੱਕ ਵਧਾਇਆ ਗਿਆ ਹੈ। ਬੈਠਕ ਵਿਚ ਹਾਲਾਂਕਿ 2-ਜੀ ਇੰਟਰਨੈੱਟ ਸੇਵਾਵਾਂ 'ਤੇ ਸੋਸ਼ਲ ਮੀਡੀਆ ਨੈੱਟਵਰਕ ਦੇ ਮੁਲਾਂਕਣ ਲਈ ਵਰਚੁਅਲ ਪ੍ਰਾਈਵੇਟ ਨੈੱਟਵਰਕ ਦੀ ਵਰਤੋਂ 'ਤੇ ਚਿੰਤਾ ਜ਼ਾਹਰ ਕੀਤੀ ਗਈ ਹੈ।
ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਪੁਲਸ ਨੇ ਹਾਲ ਹੀ 'ਚ ਸੋਸ਼ਲ ਮੀਡੀਆ ਦੀ ਗਲਤ ਵਰਤੋਂ ਨੂੰ ਲੈ ਕੇ ਇਕ ਐੱਫ. ਆਈ. ਆਰ. ਦਰਜ ਕੀਤੀ ਹੈ। ਸੂਤਰਾਂ ਨੇ ਦੱਸਿਆ ਕਿ ਇਸ ਬੈਠਕ ਵਿਚ ਤੇਜ਼ ਰਫਤਾਰ ਇੰਟਰਨੈੱਟ ਅਤੇ ਬਰਾਡ ਬੈਂਡ ਨੂੰ ਮੁੜ ਬਹਾਲ ਕਰਨ ਨੂੰ ਲੈ ਕੇ ਕੋਈ ਫੈਸਲਾ ਨਹੀਂ ਲਿਆ ਗਿਆ। ਪ੍ਰਸ਼ਾਸਨ ਨੇ ਦੱਸਿਆ ਕਿ ਸੋਸ਼ਲ ਮੀਡੀਆ ਚਲਾਉਣ ਲਈ ਜੋ ਵੀ ਲੋਕ ਵਰਚੁਅਲ ਪ੍ਰਾਈਵੇਟ ਨੈੱਟਵਰਕ ਦੀ ਵਰਤੋਂ ਕਰ ਰਹੇ ਹਨ, ਉਨ੍ਹਾਂ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਤੋਂ ਸੰਵਿਧਾਨ ਦੀ ਧਾਰਾ-370 ਨੂੰ ਬੀਤੇ ਸਾਲ 5 ਅਗਸਤ ਨੂੰ ਹਟਾਏ ਜਾਣ ਤੋਂ ਬਾਅਦ ਹੀ ਤੇਜ਼ ਰਫਤਾਰ ਅਤੇ ਭਾਰਤ ਸੰਚਾਰ ਨਿਗਮ ਲਿਮਟਿਡ (ਬੀ. ਐੱਸ. ਐੱਨ. ਐੱਲ.) ਦੀਆਂ ਸੇਵਾਵਾਂ ਰੱਦ ਹਨ, ਜਿਸ ਕਾਰਨ ਪੱਤਰਕਾਰਾਂ, ਡਾਕਟਰਾਂ, ਵਿਦਿਆਰਥੀਆਂ ਅਤੇ ਵਪਾਰੀਆਂ ਸਮੇਤ ਇੰਟਰਨੈੱਟ ਗਾਹਕਾਂ ਨੂੰ ਨੁਕਸਾਨ ਹੋ ਰਿਹਾ ਹੈ।
ਉੱਤਰ-ਪੂਰਬੀ ਦਿੱਲੀ 'ਚ ਫਿਰ ਭੜਕੀ ਹਿੰਸਾ, ਮ੍ਰਿਤਕਾਂ ਦੀ ਗਿਣਤੀ ਵਧ ਕੇ 9 ਹੋਈ
NEXT STORY