ਨਵੀਂ ਦਿੱਲੀ- 27 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਨੀਤੀ ਆਯੋਗ ਦੀ ਬੈਠਕ ਹੋਵੇਗੀ। ਇਸ ਬੈਠਕ ਦਾ ਕਾਂਗਰਸ ਦੇ 4 ਮੁੱਖ ਮੰਤਰੀਆਂ ਨੇ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਕਾਂਗਰਸ ਦੇ ਚਾਰ ਮੁੱਖ ਮੰਤਰੀਆਂ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਮੰਗਲਵਾਰ ਨੂੰ ਪੇਸ਼ ਕੀਤੇ ਗਏ ਕੇਂਦਰੀ ਬਜਟ ਨੂੰ ਪੱਖਪਾਤੀ ਕਰਾਰ ਦਿੱਤਾ ਅਤੇ ਇਸ ਦੇ ਵਿਰੋਧ ਵਿਚ 27 ਜੁਲਾਈ ਨੂੰ ਹੋਣ ਵਾਲੀ ਨੀਤੀ ਆਯੋਗ ਦੀ ਬੈਠਕ ਦਾ ਬਾਈਕਾਟ ਕੀਤਾ ਹੈ। ਕੇਂਦਰ ਸਰਕਾਰ 'ਤੇ ਦੋਸ਼ ਲਾਇਆ ਹੈ ਕਿ ਆਮ ਬਜਟ 'ਚ ਗੈਰ-NDA ਸ਼ਾਸਿਤ ਸੂਬਿਆਂ ਨਾਲ ਪੱਖਪਾਤ ਹੋਇਆ ਹੈ।
ਨੀਤੀ ਆਯੋਗ ਦੀ ਬੈਠਕ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਤੇਲੰਗਾਨਾ ਦੇ ਰੇਵੰਤ ਰੈੱਡੀ, ਕਰਨਾਟਕ ਦੇ ਸਿੱਧਰਮਈਆ, ਹਿਮਾਚਲ ਪ੍ਰਦੇਸ਼ ਦੇ ਸੁਖਵਿੰਦਰ ਸਿੰਘ ਸੁੱਖੂ, ਤਾਮਿਲਨਾਡੂ ਦੇ ਐੱਮ. ਕੇ. ਸਟਾਲਿਨ ਨੇ ਵੀ ਇਸ ਬੈਠਕ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ। ਦੱਸ ਦੇਈਏ ਕਿ ਕਾਂਗਰਸ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਨੇ ਇਸ ਗੱਲ ਦਾ ਐਲਾਨ ਕੀਤਾ ਸੀ ਕਿ 27 ਜੁਲਾਈ ਨੂੰ ਹੋਣ ਵਾਲੀ ਨੀਤੀ ਆਯੋਗ ਦੀ ਬੈਠਕ ਵਿਚ ਕਾਂਗਰਸ ਦੇ ਮੁੱਖ ਮੰਤਰੀ ਬਾਈਕਾਟ ਕਰਨਗੇ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਸੀ ਕਿ ਅੱਜ ਪੇਸ਼ ਕੀਤਾ ਗਿਆ ਕੇਂਦਰੀ ਬਜਟ ਬੇਹੱਦ ਭੇਦਭਾਵਪੂਰਨ ਅਤੇ ਖ਼ਤਰਨਾਕ ਹੈ, ਜੋ ਪੂਰੀ ਤਰ੍ਹਾਂ ਸੰਘਵਾਦ ਅਤੇ ਨਿਰਪੱਖਤਾ ਦੇ ਸਿਧਾਂਤਾ ਖਿਲਾਫ਼ ਹੈ, ਜਿਸ ਦੀ ਕੇਂਦਰ ਸਰਕਾਰ ਨੂੰ ਪਾਲਣਾ ਕਰਨੀ ਚਾਹੀਦੀ ਹੈ। ਇਸ ਦੇ ਵਿਰੋਧ ਵਿਚ ਕਾਂਗਰਸ ਦੇ ਮੁੱਖ ਮੰਤਰੀ 27 ਜੁਲਾਈ ਨੂੰ ਹੋਣ ਵਾਲੀ ਨੀਤੀ ਆਯੋਗ ਦੀ ਬੈਠਕ ਦਾ ਬਾਈਕਾਟ ਕਰਨਗੇ। ਦੱਸ ਦੇਈਏ ਕਿ 2023 ਵਿਚ ਗਵਰਨਿੰਗ ਕੌਂਸਲ ਦੀ ਹੋਈ 8ਵੀਂ ਬੈਠਕ ਵਿਚ ਵੀ ਕਈ ਮੁੱਖ ਮੰਤਰੀਆਂ ਨੇ ਹਿੱਸਾ ਨਹੀਂ ਲਿਆ ਸੀ।
Indexation ਕੀ ਹੈ ਅਤੇ ਕੀ ਜਾਇਦਾਦ ਵੇਚਣ 'ਤੇ ਲਾਭ ਘਟੇਗਾ?
NEXT STORY