ਸ਼੍ਰੀਨਗਰ (ਵਾਰਤਾ)- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਪੁਲਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਦਿਲਬਾਗ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਵਿਚ ਸੁਰੱਖਿਆ ਫ਼ੋਰਸਾਂ ਨਾਲ ਵੱਖ-ਵੱਖ ਮੁਕਾਬਲਿਆਂ ਵਿਚ ਘੱਟੋ-ਘੱਟ 42 ਅੱਤਵਾਦੀ ਮਾਰੇ ਗਏ ਹਨ। ਸ਼੍ਰੀ ਸਿੰਘ ਸੋਮਵਾਰ ਨੂੰ ਸ਼੍ਰੀਨਗਰ ਦੇ ਮੈਸੁਮਾ 'ਚ ਹੋਏ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੇ ਜਵਾਨ ਨੂੰ ਸ਼ਰਧਾਂਜਲੀ ਭੇਟ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ,''ਪਿਛਲੇ ਇਕ ਸਾਲ ਦੌਰਾਨ ਸੁਰੱਖਿਆ ਫ਼ੋਰਸਾਂ ਵੱਲੋਂ ਵੱਡੀ ਗਿਣਤੀ 'ਚ ਵਿਦੇਸ਼ੀ ਅੱਤਵਾਦੀ ਵੀ ਮਾਰੇ ਗਏ ਹਨ।'' ਉਨ੍ਹਾਂ ਪਾਕਿਸਤਾਨ ਦਾ ਨਾਂ ਲਏ ਬਿਨਾਂ ਕਿਹਾ,''ਜਦੋਂ ਵੀ ਕਸ਼ਮੀਰ 'ਚ ਸ਼ਾਂਤੀ ਬਹਾਲ ਹੁੰਦੀ ਹੈ ਅਤੇ ਲੋਕ ਆਪਣੇ ਰੋਜ਼ਾਨਾ ਕੰਮਾਂ 'ਚ ਰੁੱਝੇ ਹੁੰਦੇ ਹਨ ਉਦੋਂ ਸਾਡੇ ਗੁਆਂਢੀ ਦੇ ਢਿੱਡ 'ਚ ਦਰਦ ਹੋਣ ਲੱਗਦਾ ਹੈ, ਜਿਸ ਤੋਂ ਬਾਅਦ ਉਹ ਅਜਿਹੀ ਹਿੰਸਾ ਨਾਲ ਸ਼ਾਂਤ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ।'' ਕਸ਼ਮੀਰ ਘਾਟੀ ਦੇ ਘੱਟ ਗਿਣਤੀ ਭਾਈਚਾਰੇ ਅਤੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐਫ.) ਦੇ ਜਵਾਨਾਂ ਅਤੇ ਪ੍ਰਵਾਸੀ ਮਜ਼ਦੂਰਾਂ 'ਤੇ ਅੱਤਵਾਦੀਆਂ ਵਲੋਂ ਹਾਲ ਹੀ 'ਚ ਕੀਤੇ ਗਏ ਹਮਲੇ ਦਾ ਹਵਾਲਾ ਦਿੰਦੇ ਹੋਏ ਪੁਲਸ ਡਾਇਰੈਕਟਰ ਜਨਰਲ ਨੇ ਕਿਹਾ ਕਿ ਅਜਿਹੇ ਹਮਲੇ ਨੂੰ ਸਪੱਸ਼ਟ ਤੌਰ 'ਤੇ ਬੇਰਹਿਮੀ ਅਤੇ ਪਾਗਲਪਨ ਕਿਹਾ ਜਾਵੇਗਾ।
ਉਨ੍ਹਾਂ ਕਿਹਾ,''ਆਮ ਲੋਕਾਂ ਦੇ ਪ੍ਰਤੀ ਜੋ ਵੀ ਆਪਣਾ ਫਰਜ਼ ਨਿਭਾ ਰਿਹਾ ਹੈ, ਅੱਤਵਾਦੀ ਉਸ ਨੂੰ ਨਿਸ਼ਾਨਾ ਬਣਾ ਰਹੇ ਹਨ। ਇਹ ਨਿੰਦਣਯੋਗ ਹੈ ਅਤੇ ਇਸ ਤਰ੍ਹਾਂ ਦੀ ਘਟਨਾ ਨੂੰ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ,“ਇਨਸਾਨ ਉਦੋਂ ਹਿੰਸਾ ਕਰਦਾ ਹੈ ਜਦੋਂ ਉਸ ਨੂੰ ਜਾਨਵਰ ਬਣਾ ਦਿੱਤਾ ਜਾਂਦਾ ਹੈ। ਹਾਲਾਂਕਿ ਪੁਲਸ ਨੂੰ ਉਸ ਨਾਲ ਚੰਗੀ ਤਰ੍ਹਾਂ ਨਿਪਟਣਾ ਆਉਂਦਾ ਹੈ। ਸਰਹੱਦ ਪਾਰ ਦੇ ਹਾਲਾਤਾਂ ਵਿੱਚ ਦਹਿਸ਼ਤਗਰਦ ਆਪਣੀ ਹਤਾਸ਼ 'ਚ ਅਜਿਹੀਆਂ ਹਰਕਤਾਂ ਕਰ ਰਹੇ ਹਨ। ਅਸੀਂ ਇਸ ਨੂੰ ਸਮਝਦੇ ਹਾਂ ਅਤੇ ਉਨ੍ਹਾਂ ਦਾ ਭਵਿੱਖ ਤੈਅ ਹੁੰਦਾ ਹੈ।” ਸ਼੍ਰੀ ਸਿੰਘ ਨੇ ਕਿਹਾ, “ਸਮਾਜ ਦੇ ਸਾਰੇ ਵਰਗਾਂ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਅਸੀਂ ਇਸ ਹਮਲੇ ਦੀ ਵੀ ਨਿੰਦਾ ਕਰਦੇ ਹਾਂ। ਇਨ੍ਹਾਂ ਘਟਨਾਵਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਸ਼ਮੀਰ ਘਾਟੀ 'ਚ ਸ਼ਾਂਤੀ ਅਤੇ ਸਦਭਾਵਨਾ ਬਹਾਲ ਕਰਨ ਲਈ ਪੁਲਸ ਅਤੇ ਸੁਰੱਖਿਆ ਫ਼ੋਰਸ ਲਗਾਤਾਰ ਕੰਮ ਕਰ ਰਹੇ ਹਨ। ਰਮਜ਼ਾਨ ਦਾ ਮਹੀਨਾ ਸ਼ਾਂਤੀ ਅਤੇ ਸਦਭਾਵਨਾ ਦਾ ਸੰਦੇਸ਼ ਦਿੰਦਾ ਹੈ, ਦੁਨੀਆ ਭਰ ਦੇ ਲੋਕ ਬਿਹਤਰੀ ਲਈ ਦੁਆ ਕਰ ਰਹੇ ਹਨ। ਹਿੰਸਾ 'ਚ ਸ਼ਾਮਲ ਸਾਰੇ ਲੋਕਾਂ ਨਾਲ ਕਾਨੂੰਨ ਅਨੁਸਾਰ ਨਿਪਟਿਆ ਜਾਵੇਗਾ।'' ਉਨ੍ਹਾਂ ਕਿਹਾ,''ਅੱਤਵਾਦੀਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।''
ਪਹਿਲੇ 4 ਨਰਾਤਿਆਂ ’ਚ 1.30 ਲੱਖ ਸ਼ਰਧਾਲੂਆਂ ਨੇ ਲਾਈ ਮਾਂ ਦੇ ਦਰਬਾਰ ’ਚ ਹਾਜ਼ਰੀ
NEXT STORY