ਕੰਨੌਜ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਕੰਨੌਜ ਦੇ ਸੌਰਿਖ ਖੇਤਰ ਵਿਚ ਐਤਵਾਰ ਯਾਨੀ ਕਿ ਅੱਜ ਸਵੇਰੇ ਲਖਨਊ-ਆਗਰਾ ਐਕਸਪ੍ਰੈੱਸ ਵੇਅ 'ਤੇ ਹੋਏ ਭਿਆਨਕ ਸੜਕ ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ ਅਤੇ 25 ਦੇ ਕਰੀਬ ਜ਼ਖਮੀ ਹੋ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਇਹ ਹਾਦਸਾ ਤੜਕੇ ਕਰੀਬ 5 ਵਜੇ ਦੇ ਨੇੜੇ-ਤੇੜੇ ਉਸ ਸਮੇਂ ਵਾਪਰਿਆ ਜਦੋਂ ਬਿਹਾਰ ਤੋਂ ਦਿੱਲੀ ਜਾ ਰਹੀ ਇਕ ਪ੍ਰਾਈਵੇਟ ਡਬਲ ਡੇਕਰ ਬੱਸ ਨੇ ਐਕਸਪ੍ਰੈੱਸ ਵੇਅ 'ਤੇ ਖੜ੍ਹੀ ਕਾਰ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਅਤੇ ਕਾਰ ਦੋਵੇਂ ਹੀ ਐਕਸਪ੍ਰੈੱਸ ਵੇਅ ਤੋਂ ਹੇਠਾਂ ਜਾ ਡਿੱਗੀਆਂ। ਇਸ ਹਾਦਸੇ ਵਿਚ ਬੱਸ 'ਤੇ ਸਵਾਰ 5 ਲੋਕਾਂ ਦੀ ਮੌਤ ਹੋ ਗਈ।

ਪੁਲਸ ਮੁਤਾਬਕ ਇਹ ਹਾਦਸਾ ਲਖਨਊ-ਆਗਰਾ ਐਕਸਪ੍ਰੈਸ ਵੇਅ ਦੇ ਕੱਟ ਨੰਬਰ 148 'ਤੇ ਵਾਪਰਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਜ਼ਿਲ੍ਹੇ ਦੇ ਤਮਾਮ ਆਲ੍ਹਾ ਅਧਿਕਾਰੀ ਹਾਦਸੇ ਵਾਲੀ ਥਾਂ 'ਤੇ ਪੁੱਜੇ ਅਤੇ ਜ਼ਖ਼ਮੀ ਯਾਤਰੀਆਂ ਨੂੰ ਹਸਪਤਾਲ ਪਹੁੰਚਾਉਣ ਦਾ ਇੰਤਜ਼ਾਮ ਕੀਤਾ। ਸਾਰੇ ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਗਿਆ ਹੈ, ਨਾਲ ਹੀ ਜੋ ਯਾਤਰੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਉਨ੍ਹਾਂ ਨੂੰ ਮੈਡੀਕਲ ਕਾਲਜ 'ਚ ਭੇਜਿਆ ਗਿਆ ਹੈ।

ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ 'ਚ ਇਜਾਫਾ ਹੋ ਸਕਦਾ ਹੈ। ਸੂਤਰਾਂ ਮੁਤਾਬਕ ਐਕਸਪ੍ਰੈੱਸ ਵੇਅ ਦੇ ਕਿਨਾਰੇ ਰਹਿਣ ਵਾਲੇ ਲੋਕਾਂ ਨੇ ਅੱਜ ਤੜਕੇ ਜ਼ਬਰਦਸਤ ਉੱਚੀ ਆਵਾਜ਼ ਸੁਣੀ, ਜਿਸ ਤੋਂ ਬਾਅਦ ਉਹ ਲੋਕ ਦੌੜ ਕੇ ਐਕਸਪ੍ਰੈੱਸ ਵੇਅ ਵੱਲ ਆਏ, ਜਿੱਥੇ ਬੱਸ ਅਤੇ ਕਾਰ ਐਕਸਪ੍ਰੈੱਸ ਵੇਅ ਦੇ ਹੇਠਾਂ ਖੱਡ 'ਚ ਡਿੱਗੇ ਹੋਏ ਸਨ। ਚੀਕ-ਪੁਕਾਰ ਦਰਮਿਆਨ ਸਥਾਨਕ ਲੋਕਾਂ ਨੇ ਬੱਸ ਅੰਦਰ ਫਸੇ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ। ਸੂਚਨਾ ਮਿਲਣ 'ਤੇ ਪੁਲਸ ਨੇ ਕਰੇਨ ਮੰਗਵਾ ਕੇ ਬੱਸ ਨੂੰ ਸਿੱਧਾ ਕੀਤਾ ਅਤੇ ਉਸ 'ਚ ਫਸੇ ਲੋਕਾਂ ਨੂੰ ਹਸਪਤਾਲ ਪਹੁੰਚਾਇਆ।
ਆਧਾਰ ਨਾਲ ਸਬੰਧਤ ਕੋਈ ਪ੍ਰਸ਼ਨ ਹੈ ਤਾਂ ਇੱਥੇ ਟਵੀਟ ਕਰਨ 'ਤੇ ਮਿਲੇਗਾ ਤੁਰੰਤ ਜਵਾਬ
NEXT STORY