ਅਮਰਾਵਤੀ- ਸੋਕਾ, ਕਰਜ਼ੇ ਦੀ ਮਾਰ ਕਾਰਨ ਦੇਸ਼ ਵਿਚ ਕਈ ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ। ਇਸ ਸਾਲ ਜਨਵਰੀ ਤੋਂ ਜੂਨ ਦਰਮਿਆਨ 557 ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਇਕ ਸਰਕਾਰੀ ਰਿਪੋਰਟ ਵਿਚ ਇਹ ਅੰਕੜਾ ਸਾਹਮਣੇ ਆਇਆ ਹੈ। ਮਹਾਰਾਸ਼ਟਰ ਦੇ ਅਮਰਾਵਤੀ ਡਵੀਜ਼ਨ ਦੇ ਅਧੀਨ ਆਉਣ ਵਾਲੇ 5 ਜ਼ਿਲ੍ਹਿਆਂ- ਅਮਰਾਵਤੀ, ਅਕੋਲਾ, ਬੁਲਢਾਨਾ, ਵਾਸ਼ਿਮ ਅਤੇ ਯਵਤਮਾਲ 'ਚ ਕਿਸਾਨਾਂ ਵਲੋਂ ਖੁਦਕੁਸ਼ੀ ਕੀਤੀ ਗਈ ਹੈ।
ਅਮਰਾਵਤੀ ਦੇ ਡਵੀਜ਼ਨਲ ਕਮਿਸ਼ਨਰੇਟ ਵਲੋਂ ਤਿਆਰ ਕੀਤੀ ਗਈ ਰਿਪੋਰਟ ਮੁਤਾਬਕ ਡਵੀਜ਼ਨ ਵਿਚ ਜਨਵਰੀ ਤੋਂ ਜੂਨ 2024 ਦਰਮਿਆਨ ਕੁੱਲ 557 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਇਨ੍ਹਾਂ ਵਿਚੋਂ ਸਭ ਤੋਂ ਵੱਧ 170 ਕਿਸਾਨਾਂ ਨੇ ਇਕੱਲੇ ਅਮਰਾਵਤੀ ਜ਼ਿਲ੍ਹੇ ਵਿਚ ਖ਼ੁਦਕੁਸ਼ੀ ਕੀਤੀ, ਜਦੋਂ ਕਿ ਯਵਤਮਾਲ ਵਿਚ 150, ਬੁਲਢਾਨਾ ਵਿਚ 111, ਅਕੋਲਾ ਵਿਚ 92 ਅਤੇ ਵਾਸ਼ਿਮ ਵਿਚ 34 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਰਕਾਰ ਨੇ 53 ਕੇਸਾਂ ਵਿਚ ਪੀੜਤ ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਹੈ ਜਦੋਂ ਕਿ 284 ਕੇਸਾਂ ਵਿਚ ਜਾਂਚ ਪੈਂਡਿੰਗ ਹੈ।
ਰਿਪੋਰਟ ਵਿਚ ਦੱਸੇ ਗਏ ਅੰਕੜਿਆਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸ ਨੇਤਾ ਅਤੇ ਅਮਰਾਵਤੀ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਬਲਵੰਤ ਵਾਨਖੇੜੇ ਨੇ ਕਿਹਾ ਕਿ ਮਹਾਰਾਸ਼ਟਰ ਉਨ੍ਹਾਂ ਰਾਜਾਂ ਵਿਚ ਸ਼ਾਮਲ ਹੈ, ਜਿੱਥੇ ਸਭ ਤੋਂ ਵੱਧ ਕਿਸਾਨ ਖੁਦਕੁਸ਼ੀ ਦੇ ਮਾਮਲੇ ਦਰਜ ਕੀਤੇ ਗਏ ਹਨ ਅਤੇ ਅਮਰਾਵਤੀ ਇਨ੍ਹਾਂ ਵਿਚ ਸਿਖਰ 'ਤੇ ਹੈ। ਉਨ੍ਹਾਂ ਕਿਹਾ ਕਿ ਫਸਲਾਂ ਦਾ ਨੁਕਸਾਨ, ਲੋੜੀਂਦੇ ਮੀਂਹ ਦੀ ਘਾਟ, ਮੌਜੂਦਾ ਕਰਜ਼ੇ ਦਾ ਬੋਝ ਅਤੇ ਸਮੇਂ ਸਿਰ ਖੇਤੀ ਕਰਜ਼ਿਆਂ ਦਾ ਨਾ ਮਿਲਣਾ ਕੁਝ ਅਜਿਹੇ ਵੱਡੇ ਕਾਰਨ ਹਨ ਜੋ ਕਿਸਾਨਾਂ ਨੂੰ ਅਜਿਹੇ ਸਖ਼ਤ ਕਦਮ ਚੁੱਕਣ ਲਈ ਮਜਬੂਰ ਕਰਦੇ ਹਨ। ਵਾਨਖੇੜੇ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਚਾਹੀਦੀ ਹੈ। ਸਾਨੂੰ ਅਜਿਹਾ ਕਰਨ ਦਾ ਆਪਣਾ ਵਾਅਦਾ ਪੂਰਾ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸਹਾਇਤਾ ਪ੍ਰਦਾਨ ਕਰਨੀ ਚਾਹੀਦੀ ਹੈ। ਕਿਸਾਨਾਂ ਵਲੋਂ ਖੁਦਕੁਸ਼ੀ ਇਕ ਬਹੁਤ ਗੰਭੀਰ ਮੁੱਦਾ ਹੈ ਅਤੇ ਅਜਿਹੀਆਂ ਮੌਤਾਂ ਨੂੰ ਰੋਕਣ ਲਈ ਰਸਤੇ ਤਲਾਸ਼ਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਭਾਰਤ-ਆਸਟ੍ਰੀਆ ਦੇ ਸਾਂਝੇ ਬਿਆਨ 'ਚ PM ਨਰਿੰਦਰ ਮੋਦੀ ਨੇ ਫਿਰ ਕਿਹਾ- 'ਇਹ ਜੰਗ ਦਾ ਸਮਾਂ ਨਹੀਂ'
NEXT STORY