ਦਾਹੋਦ (ਗੁਜਰਾਤ)- ਗੁਜਰਾਤ ਦੇ ਮੰਤਰੀ ਬਚੂਭਾਈ ਖਾਬੜ ਦੇ ਪੁੱਤਰ ਕਿਰਨ ਨੂੰ ਪੁਲਸ ਨੇ 71 ਕਰੋੜ ਰੁਪਏ ਦੇ ਮਨਰੇਗਾ ਘਪਲੇ ਦੇ ਸਬੰਧ 'ਚ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਕਿਰਨ ਦੇ ਵੱਡੇ ਭਰਾ ਬਲਵੰਤ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਡਿਪਟੀ ਸੁਪਰਡੈਂਟ ਆਫ਼ ਪੁਲਸ ਅਤੇ ਮਾਮਲੇ ਦੇ ਜਾਂਚ ਅਧਿਕਾਰੀ ਜਗਦੀਸ਼ ਸਿੰਘ ਭੰਡਾਰੀ ਨੇ ਸੋਮਵਾਰ ਨੂੰ ਕਿਹਾ ਕਿ ਕਿਰਨ ਦੇ ਨਾਲ ਤਿੰਨ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਸ ਨਾਲ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਕੁੱਲ ਗਿਣਤੀ 11 ਹੋ ਗਈ ਹੈ। ਮੰਤਰੀ ਦਾ ਵੱਡਾ ਪੁੱਤਰ ਬਲਵੰਤ ਵੀ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਸੱਤ ਲੋਕਾਂ ਵਿਚ ਸ਼ਾਮਲ ਹੈ।
ਭੰਡਾਰੀ ਨੇ ਦੱਸਿਆ ਕਿ ਸੋਮਵਾਰ ਨੂੰ ਪੁਲਸ ਨੇ ਮੰਤਰੀ ਦੇ ਛੋਟੇ ਪੁੱਤਰ ਕਿਰਨ ਅਤੇ ਦੋ ਸਹਾਇਕ ਅਫ਼ਸਰਾਂ ਨੂੰ ਗ੍ਰਿਫ਼ਤਾਰ ਕੀਤਾ। ਕਿਰਨ ਇਕ ਸਾਬਕਾ ਤਾਲੁਕਾ ਵਿਕਾਸ ਅਧਿਕਾਰੀ ਹੈ। ਪੁਲਸ ਮੁਤਾਬਕ ਦੋਸ਼ੀ ਧੋਖਾਧੜੀ ਦੀ ਇਕ ਯੋਜਨਾ ਵਿਚ ਸ਼ਾਮਲ ਸੀ, ਜਿਸ 'ਚ ਕਈ ਠੇਕੇ ਵਾਲੀਆਂ ਏਜੰਸੀਆਂ ਨੇ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੋਜ਼ਗਾਰ ਗਰੰਟੀ ਐਕਟ (ਮਨਰੇਗਾ) ਤਹਿਤ ਅਲਾਟ ਕੰਮਾਂ ਨੂੰ ਪੂਰਾ ਕੀਤੇ ਬਿਨਾਂ ਜਾਂ ਲੋੜੀਂਦੀ ਸਮੱਗਰੀ ਦੀ ਸਪਲਾਈ ਕੀਤੇ ਬਿਨਾਂ ਸਰਕਾਰ ਤੋਂ ਭੁਗਤਾਨ ਪ੍ਰਾਪਤ ਕੀਤਾ। ਇਸ ਘਪਲੇ ਵਿਚ ਕਥਿਤ ਤੌਰ 'ਤੇ 35 ਏਜੰਸੀ ਮਾਲਕ ਸ਼ਾਮਲ ਹਨ, ਜਿਨ੍ਹਾਂ ਨੇ ਸਰਕਾਰੀ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ 2021 ਅਤੇ 2024 ਦੇ ਵਿਚਕਾਰ ਮਨਰੇਗਾ ਅਧੀਨ ਭੁਗਤਾਨਾਂ ਦਾ ਦਾਅਵਾ ਕਰਨ ਲਈ ਜਾਅਲੀ ਕੰਮ ਪੂਰਾ ਹੋਣ ਦੇ ਸਰਟੀਫਿਕੇਟ ਅਤੇ ਜਾਅਲੀ ਦਸਤਾਵੇਜ਼ ਪੇਸ਼ ਕਰਕੇ 71 ਕਰੋੜ ਰੁਪਏ ਦੀ ਹੇਰਾਫੇਰੀ ਕੀਤੀ।
ਜ਼ਿਲ੍ਹਾ ਪੇਂਡੂ ਵਿਕਾਸ ਏਜੰਸੀ ਵੱਲੋਂ ਫੀਲਡ ਨਿਰੀਖਣ ਦੌਰਾਨ ਘੁਪਲੇ ਦਾ ਪਰਦਾਫਾਸ਼ ਕਰਨ ਤੋਂ ਬਾਅਦ ਜਾਂਚ ਸ਼ੁਰੂ ਹੋਈ, ਜਿਸ ਵਿਚ ਖੁਲਾਸਾ ਹੋਇਆ ਕਿ ਸੜਕਾਂ ਅਤੇ ਛੋਟੇ ਡੈਮਾਂ ਵਰਗੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਲਈ ਭੁਗਤਾਨ ਕੀਤੇ ਗਏ ਸਨ ਜੋ ਅਸਲ ਵਿਚ ਕਦੇ ਨਹੀਂ ਬਣਾਏ ਗਏ ਸਨ। ਇਸ ਤੋਂ ਇਲਾਵਾ ਪੁਲਸ ਨੇ ਪਾਇਆ ਕਿ ਭੁਗਤਾਨ ਉਨ੍ਹਾਂ ਏਜੰਸੀਆਂ ਨੂੰ ਕੀਤੇ ਗਏ ਸਨ ਜੋ ਸਰਕਾਰੀ ਠੇਕਿਆਂ ਲਈ ਅਯੋਗ ਸਨ ਜਾਂ ਕਦੇ ਵੀ ਅਧਿਕਾਰਤ ਟੈਂਡਰ ਪ੍ਰਕਿਰਿਆ ਵਿਚ ਹਿੱਸਾ ਨਹੀਂ ਲਿਆ। ਮਾਮਲੇ ਦੀ ਜਾਂਚ ਚੱਲ ਰਹੀ ਹੈ।
ਮਾਨਸਿਕ ਬੀਮਾਰੀ ਕਾਰਨ ਲਾਪਤਾ ਹੋ ਗਈ ਔਰਤ, Google ਨੇ ਇੰਝ ਕਰਵਾਏ ਪਰਿਵਾਰ ਨਾਲ ਮੇਲ
NEXT STORY