ਠਾਣੇ: ਮਹਾਰਾਸ਼ਟਰ ਦੇ ਠਾਣੇ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ 6 ਸਾਲਾ ਮਾਸੂਮ ਬੱਚੀ ਦੀ ਆਵਾਰਾ ਕੁੱਤੇ ਦੇ ਵੱਢਣ ਤੋਂ ਕਰੀਬ ਇਕ ਮਹੀਨੇ ਬਾਅਦ ਮੌਤ ਹੋ ਗਈ। ਨਗਰ ਨਿਗਮ ਦੇ ਅਧਿਕਾਰੀਆਂ ਅਨੁਸਾਰ, ਇਹ ਮੌਤ ਰੇਬੀਜ਼ ਦੇ ਪ੍ਰੋਟੋਕਾਲ ਦੀ ਪਾਲਣਾ ਕਰਨ ਅਤੇ ਸਮੇਂ ਸਿਰ ਵੈਕਸੀਨ ਲਗਵਾਉਣ ਦੇ ਬਾਵਜੂਦ ਹੋਈ ਹੈ।
ਖੇਡਦੇ ਸਮੇਂ ਕੀਤਾ ਸੀ ਹਮਲਾ
ਜਾਣਕਾਰੀ ਮੁਤਾਬਕ ਮ੍ਰਿਤਕ ਬੱਚੀ ਦੀ ਪਛਾਣ ਨਿਸ਼ਾ ਸ਼ਿੰਦੇ ਵਜੋਂ ਹੋਈ ਹੈ। ਘਟਨਾ 17 ਨਵੰਬਰ ਦੀ ਹੈ, ਜਦੋਂ ਨਿਸ਼ਾ ਦਿਵਾ ਇਲਾਕੇ ਵਿੱਚ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ। ਇਸ ਦੌਰਾਨ ਇਕ ਆਵਾਰਾ ਕੁੱਤੇ ਨੇ ਉਸ ਦੇ ਮੋਢੇ ਅਤੇ ਗੱਲ੍ਹ 'ਤੇ ਬੁਰੀ ਤਰ੍ਹਾਂ ਵੱਢ ਲਿਆ ਸੀ। ਪਰਿਵਾਰ ਵਾਲੇ ਉਸ ਨੂੰ ਤੁਰੰਤ ਸਥਾਨਕ ਡਾਕਟਰ ਕੋਲ ਅਤੇ ਫਿਰ ਕਲਿਆਣ-ਡੋਂਬੀਵਲੀ ਨਗਰ ਨਿਗਮ (KDMC) ਦੇ ਸ਼ਾਸਤਰੀਨਗਰ ਹਸਪਤਾਲ ਲੈ ਗਏ।
ਜਨਮਦਿਨ ਮਨਾਉਣ ਤੋਂ ਬਾਅਦ ਅਚਾਨਕ ਵਿਗੜੀ ਹਾਲਤ
ਬੱਚੀ ਦੀ ਮਾਂ ਸੁਸ਼ਮਾ ਸ਼ਿੰਦੇ ਨੇ ਦੱਸਿਆ ਕਿ ਉਨ੍ਹਾਂ ਨੇ ਨਿਸ਼ਾ ਨੂੰ ਸਾਰੇ ਲਾਜ਼ਮੀ ਰੇਬੀਜ਼ ਰੋਧੀ ਟੀਕੇ (Anti-rabies vaccines) ਸਮੇਂ ਸਿਰ ਲਗਵਾਏ ਸਨ। ਸ਼ੁਰੂਆਤੀ ਇਲਾਜ ਤੋਂ ਬਾਅਦ ਉਸ ਦੀ ਹਾਲਤ ਠੀਕ ਲੱਗ ਰਹੀ ਸੀ ਅਤੇ 3 ਦਸੰਬਰ ਨੂੰ ਉਸ ਦਾ ਜਨਮਦਿਨ ਵੀ ਮਨਾਇਆ ਗਿਆ ਸੀ। ਪਰ 16 ਦਸੰਬਰ ਨੂੰ, ਵੈਕਸੀਨ ਦੀ ਆਖਰੀ ਖੁਰਾਕ ਲੈਣ ਦੇ ਅਗਲੇ ਹੀ ਦਿਨ, ਉਸ ਨੂੰ ਤੇਜ਼ ਬੁਖਾਰ ਅਤੇ ਸਿਰ ਦਰਦ ਸ਼ੁਰੂ ਹੋ ਗਿਆ।
ਵਿਵਹਾਰ 'ਚ ਆਇਆ ਅਜੀਬ ਬਦਲਾਅ
ਪਰਿਵਾਰ ਮੁਤਾਬਕ ਬੱਚੀ ਦੇ ਵਿਵਹਾਰ ਵਿੱਚ ਅਚਾਨਕ ਬਦਲਾਅ ਆ ਗਿਆ ਸੀ। ਉਹ ਬਿਸਤਰੇ 'ਤੇ ਸਿਰ ਮਾਰਨ ਲੱਗੀ ਅਤੇ ਨੇੜੇ ਆਉਣ ਵਾਲਿਆਂ ਨੂੰ ਖੁਰਚਣ ਲੱਗੀ। ਹਾਲਤ ਵਿਗੜਦੀ ਦੇਖ ਉਸ ਨੂੰ ਮੁੜ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਮੁੰਬਈ ਦੇ ਇਕ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ।
ਸਿਹਤ ਵਿਭਾਗ ਦਾ ਦਾਅਵਾ
ਇਸ ਮਾਮਲੇ ਬਾਰੇ ਕੇਡੀਐੱਮਸੀ (KDMC) ਦੀ ਸਿਹਤ ਅਧਿਕਾਰੀ ਡਾ. ਦੀਪਾ ਸ਼ੁਕਲਾ ਨੇ ਕਿਹਾ ਕਿ ਬੱਚੀ ਦੇ ਇਲਾਜ ਦੌਰਾਨ ਨਿਰਧਾਰਤ ਮੈਡੀਕਲ ਪ੍ਰੋਟੋਕਾਲ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਗਈ ਸੀ। ਇਸ ਘਟਨਾ ਨੇ ਰੇਬੀਜ਼ ਦੇ ਇਲਾਜ ਅਤੇ ਵੈਕਸੀਨ ਦੀ ਪ੍ਰਭਾਵਸ਼ੀਲਤਾ 'ਤੇ ਚਿੰਤਾਜਨਕ ਸਵਾਲ ਖੜ੍ਹੇ ਕਰ ਦਿੱਤੇ ਹਨ।
BMC ਚੋਣਾਂ ਇਕੱਠੇ ਲੜਨਗੇ ਊਧਵ ਤੇ ਰਾਜ ਠਾਕਰੇ, ਗਠਜੋੜ ਦਾ ਕੀਤਾ ਐਲਾਨ
NEXT STORY