ਹਰਿਆਣਾ— ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਦੇ ਪ੍ਰਧਾਨ ਜਨਰਲ ਸਕੱਤਰ ਅਭੈ ਚੌਟਾਲਾ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣੀ ਕਿਸਾਨ ਟਰੈਕਟਰ ਯਾਤਰਾ ਕੱਲ੍ਹ ਯਾਨੀ ਕਿ 15 ਜਨਵਰੀ ਤੋਂ ਸ਼ੁਰੂ ਕਰਨਗੇ। ਇਹ ਜਾਣਕਾਰੀ ਦਿੰਦੇ ਹੋਏ ਚੌਟਾਲਾ ਨੇ ਦੱਸਿਆ ਕਿ ਉਹ ਯਾਤਰਾ ਦੇ ਪਹਿਲੇ ਪੜਾਅ ’ਚ ਪਹਿਲੇ ਦਿਨ ਅੰਬਾਲਾ ਤੋਂ ਯਾਤਰਾ ਸ਼ੁਰੂ ਕਰ ਕੇ ਪੇਹਵਾ, ਕੈਥਲ ਹੁੰਦੇ ਹੋਏ ਨਰਵਾਨਾ ਪਹੁੰਚਣਗੇ, ਜਿੱਥੇ ਰਾਤ ਵਿਸ਼ਰਾਮ ਹੋਵੇਗਾ।
ਸ਼ਨੀਵਾਰ ਨੂੰ ਉਚਾਨਾ, ਜੀਂਦ, ਗੋਹਾਨਾ ਅਤੇ ਸੋਨੀਪਤ ਹੁੰਦੇ ਹੋਏ ਸਿੰਘੂ ਸਰਹੱਦ ’ਤੇ ਪਹੁੰਚਣਗੇ। ਉਨ੍ਹਾਂ ਨੇ ਦੱਸਿਆ ਕਿ ਦੂਜੇ ਪੜਾਅ ਵਿਚ 20 ਜਨਵਰੀ ਨੂੰ ਤੋਸ਼ਾਮ ਤੋਂ ਕਿਸਾਨ ਟਰੈਕਟਰ ਯਾਤਰਾ ਸ਼ੁਰੂ ਕਰ ਕੇ ਬਾਢੜਾ, ਕਾਦਮਾ, ਦਾਲਮਵਾਸ ਹੁੰਦੇ ਹੋਏ ਮਹਿੰਦਰਗੜ੍ਹ ਪਹੁੰਚਣਗੇ, ਜਿੱਥੇ ਰਾਤ ਵਿਸ਼ਰਾਮ ਹੋਵੇਗਾ। ਇਸ ਤੋਂ ਅਗਲੇ ਦਿਨ ਯਾਨੀ ਕਿ 21 ਜਨਵਰੀ ਨੂੰ ਨਾਰਨੌਲ, ਰੇਵਾੜੀ ਹੁੰਦੇ ਹੋਏ ਮਸਾਨੀਪੁਰ ਬੈਰਾਜ ਧਰਨੇ ਵਾਲੀ ਥਾਂ ’ਤੇ ਪਹੁੰਚਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇਸ ਯਾਤਰਾ ਦਾ ਮਕਸਦ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਕਿਸਾਨ ਅੰਦੋਲਨ ਨਾਲ ਜੁੜਨ ਦੀ ਅਪੀਲ ਕਰਨਾ ਹੈ।
ਅਭੈ ਚੌਟਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਕੇਂਦਰ ਨੂੰ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਹੀ ਪਵੇਗਾ ਅਤੇ ਅੰਨਦਾਤਾ ਨੂੰ ਜਿੱਤ ਹਾਸਲ ਹੋਵੇਗੀ। ਉਨ੍ਹਾਂ ਨੇ 60 ਤੋਂ ਵਧੇਰੇ ਕਿਸਾਨਾਂ ਦੀ ਮੌਤ ’ਤੇ ਦੁੱਖ ਜ਼ਾਹਰ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੀ ਸ਼ਹਾਦਤ ਬੇਕਾਰ ਨਹੀਂ ਜਾਵੇਗਾ। ਦੱਸਣਯੋਗ ਹੈ ਕਿ ਅਭੈ ਖੇਤੀ ਕਾਨੂੰਨਾਂ ਖ਼ਿਲਾਫ਼ ਵਿਧਾਨ ਸਭਾ ਦੇ ਸਪੀਕਰ ਨੂੰ ਚਿੱਠੀ ਲਿਖੀ ਕੇ ਵਿਧਾਇਕ ਤੋਂ ਅਸਤੀਫੇ ਦਾ ਐਲਾਨ ਕਰ ਚੁੱਕੇ ਹਨ। ਇਸ ਚਿੱਠੀ ’ਚ ਉਨ੍ਹਾਂ ਲਿਖਿਆ ਹੈ ਕਿ ਜੇਕਰ ਭਾਰਤ ਸਰਕਾਰ ਤਿੰਨੋਂ ਖੇਤੀ ਕਾਨੂੰਨਾਂ ਨੂੰ 26 ਜਨਵਰੀ 2021 ਤੱਕ ਵਾਪਸ ਨਹੀਂ ਲੈਂਦੀ ਤਾਂ ਇਸ ਚਿੱਠੀ ਨੂੰ ਵਿਧਾਨ ਸਭਾ ਤੋਂ ਮੇਰਾ ਅਸਤੀਫ਼ਾ ਸਮਝਿਆ ਜਾਵੇ।
ਦਿੱਲੀ ਦੇ ਸਫ਼ਦਰਜੰਗ ਹਸਪਤਾਲ 'ਚ ਲੱਗੀ ਅੱਗ, ਅੱਗ ਬੁਝਾਊ ਵਿਭਾਗ ਨੇ ਪਾਇਆ ਕਾਬੂ
NEXT STORY