ਸੋਨੀਪਤ, (ਇੰਟ.)- ਬੁੱਧਵਾਰ ਰਾਤ ਸੋਨੀਪਤ ’ਚ ਕੁੱਟੂ ਦਾ ਆਟਾ ਖਾਣ ਨਾਲ ਮਾਡਲ ਟਾਊਨ, ਜੀਵਨ ਨਗਰ ਅਤੇ ਓਲਡ ਡੀ. ਸੀ. ਰੋਡ ਇਲਾਕਿਆਂ ਦੇ 250 ਤੋਂ ਵੱਧ ਲੋਕ ਬੀਮਾਰ ਹੋ ਗਏ। ਹਾਲਤ ਜ਼ਿਆਦਾ ਵਿਗੜਨ ’ਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਸਮੇਤ ਵੱਖ-ਵੱਖ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ। ਇਕੱਠੇ ਇੰਨੀ ਵੱਡੀ ਗਿਣਤੀ ’ਚ ਲੋਕਾਂ ਦੇ ਬੀਮਾਰ ਹੋਣ ਨਾਲ ਜ਼ਿਲਾ ਪ੍ਰਸ਼ਾਸਨ ’ਚ ਹੜਕੰਪ ਮਚ ਗਿਆ। ਸਿਵਲ ਹਸਪਤਾਲ ’ਚ ਬੁੱਧਵਾਰ ਰਾਤ 11 ਵਜੇ ਤੋਂ ਹੀ ਬੀਮਾਰ ਲੋਕਾਂ ਦਾ ਪਹੁੰਚਣਾ ਸ਼ੁਰੂ ਹੋ ਗਿਆ। 8 ਤੋਂ 10 ਤੱਕ ਦੀ ਗਿਣਤੀ ’ਚ ਵੱਖ-ਵੱਖ ਸਮੇਂ ’ਤੇ ਪੁੱਜੇ ਲੋਕਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਛੁੱਟੀ ਦਿੱਤੀ ਗਈ। ਪ੍ਰਸ਼ਾਸਨ ਨੇ ਟੀਮ ਗਠਿਤ ਕਰਕੇ ਇਸ ਮਾਮਲੇ ’ਚ ਜਾਂਚ ਸ਼ੁਰੂ ਕਰ ਦਿੱਤੀ ਹੈ।
ਬੁੱਧਵਾਰ ਨੂੰ ਚੇਤ ਨਰਾਤਿਆਂ ਦਾ ਪਹਿਲਾ ਦਿਨ ਸੀ ਅਤੇ ਲੋਕਾਂ ਨੇ ਵਰਤ ਰੱਖਿਆ ਸੀ। ਵਰਤ ਖੋਲ੍ਹਣ ਲਈ ਲੋਕਾਂ ਨੇ ਕੁੱਟੂ ਦੇ ਆਟੇ ਦਾ ਸੇਵਨ ਕੀਤਾ। ਕੁੱਟੂ ਦੇ ਆਟੇ ਦੇ ਸੇਵਨ ਤੋਂ ਕੁਝ ਸਮੇਂ ਬਾਅਦ ਸਾਰਿਆਂ ਨੂੰ ਉਲਟੀਆਂ-ਦਸਤ, ਢਿੱਡ ਦਰਦ, ਬੀ. ਪੀ. ਘੱਟ ਅਤੇ ਖੰਘ ਹੋਣ ਲੱਗੀ। ਸਿਹਤ ਖ਼ਰਾਬ ਹੋਣ ’ਤੇ ਪਰਿਵਾਰਕ ਮੈਂਬਰਾਂ ਨੇ ਮਰੀਜ਼ਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ। ਸਿਵਲ ਹਸਪਤਾਲ ਦੇ ਮੈਡੀਕਲ ਅਫਸਰ ਡਾ. ਰਾਜੇਸ਼ ਸਿੰਘਲ ਅਨੁਸਾਰ ਮਰੀਜ਼ਾਂ ਦਾ ਕਹਿਣਾ ਸੀ ਕਿ ਉਨ੍ਹਾਂ ਰਾਤ ਵਰਤ ਖੋਲ੍ਹਣ ਦੌਰਾਨ ਕੁੱਟੂ ਦੇ ਆਟੇ ਦਾ ਸੇਵਨ ਕੀਤਾ ਸੀ। ਸੇਵਨ ਕਰਨ ਤੋਂ ਬਾਅਦ ਮਰੀਜ਼ਾਂ ਨੂੰ ਢਿੱਡ ’ਚ ਦਰਦ, ਉਲਟੀਆਂ-ਦਸਤ ਅਤੇ ਬੀ. ਪੀ. ਘਟਣ ਦੀ ਸ਼ਿਕਾਇਤ ਹੋਣ ਲੱਗੀ। ਸਵੇਰੇ 5 ਵਜੇ ਤੱਕ ਕਰੀਬ 150 ਮਰੀਜ਼ਾਂ ਦਾ ਇਲਾਜ ਕੀਤਾ ਗਿਆ।
ਡੀ. ਸੀ. ਸੋਨੀਪਤ ਲਲਿਤ ਸਿਵਾਚ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ। ਖਾਧ ਸਪਲਾਈ ਵਿਭਾਗ ਦੀ ਟੀਮ ਨੂੰ ਦੁਕਾਨਾਂ ’ਤੇ ਕੁੱਟੂ ਦੇ ਆਟੇ ਦਾ ਸੈਂਪਲ ਲੈਣ ਭੇਜ ਦਿੱਤਾ ਗਿਆ ਹੈ। ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਜੰਮੂ ਕਸ਼ਮੀਰ : ਸੋਪੋਰ 'ਚ ਲਸ਼ਕਰ ਦਾ ਅੱਤਵਾਦੀ ਗ੍ਰਿਫ਼ਤਾਰ, ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ
NEXT STORY