ਨਵੀਂ ਦਿੱਲੀ— ਅਕਸਰ ਆਪਣੇ ਪਿਆਰ ਲਈ ਕੋਈ ਵੀ ਹੱਦ ਪਾਰ ਕਰ ਜਾਣ ਦੀਆਂ ਕਹਾਣੀਆਂ ਤਾਂ ਤੁਸੀਂ ਕਿਤਾਬਾਂ 'ਚ ਪੜ੍ਹੀਆਂ ਜਾਂ ਫਿਲਮਾਂ 'ਚ ਦੇਖੀਆਂ ਹੋਣਗੀਆਂ ਪਰ ਦਿੱਲੀ ਦੇ ਰਫਿਊਜ਼ੀ ਇਲਾਕੇ 'ਚ ਇਕ ਅਜਿਹਾ ਜੋੜਾ ਮੌਜੂਦ ਹੈ ਜੋ ਆਪਣੇ ਪਿਆਰ ਲਈ ਦੇਸ਼ ਦੀਆਂ ਸਰਹੱਦਾਂ ਨੂੰ ਲੰਘ ਗਿਆ। ਸਮੀਰਾ ਤੇ ਮਜੀਦ ਨੇ ਪ੍ਰੇਮ ਕਹਾਣੀ ਦੀ ਇਕ ਅਜਿਹੀ ਮਿਸਾਲ ਕਾਇਮ ਕੀਤੀ ਹੈ ਜਿਸ ਨੂੰ ਦੇਖ ਕੇ ਸ਼ਾਇਦ ਕਿਸੇ ਨੂੰ ਯਕੀਨ ਨਾ ਆਵੇ।
ਦਿੱਲੀ ਦੇ ਭੋਗਾਲ ਇਲਾਕੇ 'ਚ ਅਫਗਾਨਿਸਤਾਨ ਤੋਂ ਆਏ ਸਮੀਰਾ ਤੇ ਮਜੀਦ ਆਪਣੇ ਛੋਟੇ ਜਿਹੇ ਪਰਿਵਾਰ ਨਾਲ ਖੁਸ਼ੀ ਨਾਲ ਜ਼ਿੰਦਗੀ ਜੀਅ ਰਹੇ ਹਨ। ਸਮੀਰਾ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਮੁਲਕ ਇਸ ਲਈ ਛੱਡਿਆ ਕਿਉਂਕਿ ਉਹ ਦੋਵੇਂ ਇਕ ਦੂਜੇ ਨਾਲ ਪਿਆਰ ਕਰਦੇ ਸਨ ਤੇ ਉਨ੍ਹਾਂ ਨੇ ਆਪਸ 'ਚ ਵਿਆਹ ਕਰਵਾ ਲਿਆ। ਸਮੀਰਾ ਦੀ ਜ਼ਿੰਦਗੀ ਅਫਗਾਨਿਸਤਾਨ 'ਚ ਮੁਸ਼ਕਲਾਂ ਭਰੀ ਰਹੀ ਸੀ। ਸਮੀਰਾ ਸਿਰਫ ਤਿੰਨ ਸਾਲ ਦੀ ਸੀ ਜਦੋਂ ਇਕ ਬੰਬ ਧਮਾਕੇ ਕਾਰਨ ਉਹ ਆਪਣੇ ਪਰਿਵਾਰ ਤੋਂ ਵਿੱਛੜ ਗਈ ਸੀ। ਸਮੀਰਾ ਲਹੂ-ਲੁਹਾਨ ਲਾਸ਼ਾਂ 'ਚ ਕਈ ਘੰਟਿਆਂ ਤੱਕ ਪਈ ਰਹੀ। ਸਮੀਰਾ ਦੀ ਪਰਵਰਿਸ਼ ਕਾਬੁਲ 'ਚ ਹੋਈ, ਜਿਥੇ ਦਾ ਇਕ ਪਰਿਵਾਰ ਸਮੀਰਾ ਨੂੰ ਲਾਸ਼ਾਂ 'ਚੋਂ ਕੱਢ ਕੇ ਆਪਣੇ ਨਾਲ ਲੈ ਗਿਆ। ਸਮੀਰਾ ਦਾ ਪੜਾਈ ਲਿਖਾਈ ਕਾਬੁਲ 'ਚ ਹੀ ਹੋਈ ਸੀ।
ਜਦੋਂ ਉਹ ਅੱਠਵੀਂ ਜਮਾਤ 'ਚ ਸੀ ਤਾਂ ਮੁਹੱਲੇ 'ਚ ਰਹਿਣ ਵਾਲੇ ਮਜੀਦ ਨੂੰ ਉਸ ਨਾਲ ਪਿਆਰ ਹੋ ਗਿਆ। ਮਜੀਦ ਸਮੀਰਾ ਦੇ ਘਰ ਤੇ ਸਕੂਲ ਦੇ ਰਸਤੇ ਦੇ ਵਿਚਕਾਰ ਰਹਿੰਦਾ ਸੀ। ਮਜੀਦ ਰੋਜ਼ ਸਮੀਰਾ ਦਾ ਰਸਤਾ ਦੇਖਦਾ ਤੇ ਫਿਰ ਉਸ ਨੂੰ ਆਉਂਦਾ ਦੇਖ ਕੇ ਉਸ ਦੇ ਪਿੱਛੇ-ਪਿੱਛੇ ਤੁਰ ਪੈਂਦਾ। ਮਜੀਦ ਨੇ ਸਮੀਰਾ ਨੂੰ ਮਨਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ, ਜਿਸ ਤੋਂ ਬਾਅਦ ਅਖੀਰ ਸਮੀਰਾ ਮੰਨ ਹੀ ਗਈ। ਪਰ ਉਨ੍ਹਾਂ ਦੇ ਪਿਆਰ 'ਚ ਸਭ ਤੋਂ ਵੱਡੀ ਮੁਸ਼ਕਲ ਸੀ ਉਨ੍ਹਾਂ ਦੇ ਪਰਿਵਾਰ ਵਾਲੇ। ਦੋਵਾਂ ਦੇ ਪਰਿਵਾਰ ਵਾਲੇ ਇਸ ਵਿਆਹ ਲਈ ਰਾਜ਼ੀ ਨਹੀਂ ਸਨ। ਲਿਹਾਜ਼ਾ ਦੋਵਾਂ ਨੇ ਘਰੋਂ ਭੱਜ ਕੇ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਦੋਵਾਂ ਦੇ ਪਰਿਵਾਰ ਵਾਲੇ ਉਨ੍ਹਾਂ ਨੂੰ ਕਤਲ ਕਰਨ ਲਈ ਥਾਂ-ਥਾਂ ਲੱਭ ਰਹੇ ਸਨ।
ਉਨ੍ਹਾਂ ਦੇ ਪਿਆਰ ਦੇ ਸ਼ੁਰੂਆਤੀ ਦਿਨਾਂ 'ਚ ਮਜੀਦ ਨੇ ਸਮੀਰਾ ਨੂੰ ਵਾਅਦਾ ਕੀਤਾ ਸੀ ਕਿ ਉਹ ਉਸ ਦੇ ਅਸਲੀ ਪਰਿਵਾਰ ਨੂੰ ਲੱਭ ਲਵੇਗਾ। ਇਸ ਲਈ ਮਜੀਦ ਉਨ੍ਹਾਂ ਦੀ ਤਲਾਸ਼ 'ਚ ਲੱਗਾ ਰਹਿੰਦਾ ਸੀ। ਇਕ ਵਾਰ ਮਜੀਦ ਨੇ ਸਮੀਰਾ ਦੇ ਅਤੀਤ ਬਾਰੇ ਆਪਣੇ ਇਕ ਦੋਸਤ ਨੂੰ ਦੱਸਿਆ ਤੇ ਉਸੇ ਦੋਸਤ ਨੇ ਇਸ ਦਾ ਜ਼ਿਕਰ ਸਲੀਮ ਨਾਲ ਕੀਤਾ। ਜਿਸ ਤੋਂ ਬਾਅਦ ਪਤਾ ਲੱਗਾ ਕਿ ਸਲੀਮ ਤੇ ਸਮੀਰਾ ਸਗੇ ਭੈਣ-ਭਰਾ ਹਨ। ਇਸ ਤਰ੍ਹਾਂ ਸਮੀਰਾ ਆਪਣੇ ਅਸਲੀ ਪਰਿਵਾਰ ਨਾਲ ਮਿਲ ਸਕੀ। ਸਮੀਰਾ ਦੇ ਅਸਲੀ ਪਰਿਵਾਰ ਨੇ ਉਨ੍ਹਾਂ ਦੇ ਪਿਆਰ ਨੂੰ ਸਮਝਿਆ ਤੇ ਉਨ੍ਹਾਂ ਦੋਵਾਂ ਨੂੰ ਸਲਾਹ ਦਿੱਤੀ ਕਿ ਜੇਕਰ ਜ਼ਿੰਦਾ ਰਹਿਣਾ ਹੈ ਤਾਂ ਅਫਗਾਨਿਸਤਾਨ ਛੱਡਣਾ ਹੋਵੇਗਾ।
ਇਸ ਤੋਂ ਬਾਅਦ ਮਜੀਦ ਤੇ ਸਮੀਰਾ ਭਾਰਤ ਆ ਗਏ। ਇਸ ਘਟਨਾ ਨੂੰ ਚਾਰ ਸਾਲ ਹੋ ਗਏ ਹਨ। ਮਜੀਦ ਤੇ ਸਮੀਰਾ ਦਾ ਇਕ ਬੇਟਾ ਵੀ ਹੈ, ਜਿਸ ਦਾ ਨਾਂ ਵਾਰਿਸ ਹੈ। ਮਜੀਦ ਦਿੱਲੀ 'ਚ ਅਫਗਾਨੀ ਨਾਗਰਿਕਾਂ ਦੇ ਲਈ ਗਾਈਡ ਦਾ ਕੰਮ ਕਰਦਾ ਹੈ ਤੇ ਸਮੀਰਾ ਹਾਊਸ ਵਾਈਫ ਹੈ। ਮਜੀਦ ਕਹਿੰਦਾ ਹੈ, ''ਭਾਰਤ ਬੇਸ਼ੱਕ ਇਕ ਪਿਆਰਾ ਮੁਲਕ ਹੈ ਤੇ ਇਥੋਂ ਦੇ ਲੋਕ ਹੁਣ ਆਪਣੇ ਜਿਹੇ ਲੱਗਦੇ ਹਨ। ਅਸੀਂ ਇਥੇ ਆਜ਼ਾਦੀ ਨਾਲ ਘੁੰਮ ਸਕਦੇ ਹਾਂ ਤੇ ਸਾਨੂੰ ਇਥੇ ਇਸ ਗੱਲ ਦਾ ਡੱਰ ਨਹੀਂ ਕਿ ਕੋਈ ਸਾਨੂੰ ਮਾਰ ਦੇਵੇਗਾ।''
ਘਾਟੀ 'ਚ ਅੱਤਵਾਦੀਆਂ ਦੇ ਹੌਸਲੇ ਢਹਿ-ਢੇਰੀ : ਜੇਤਲੀ
NEXT STORY