ਨਵੀਂ ਦਿੱਲੀ —ਰੱਖਿਆ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਨੋਟਬੰਦੀ ਅਤੇ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਵਲੋਂ ਹਵਾਲਾ ਕਾਰੋਬਾਰ ਵਿਰੁੱਧ ਕੀਤੀ ਗਈ ਕਾਰਵਾਈ ਪਿੱਛੋਂ ਜੰਮੂ-ਕਸ਼ਮੀਰ ਵਿਚ ਅੱਤਵਾਦੀਆਂ ਦੇ ਹੌਸਲੇ ਢਹਿ-ਢੇਰੀ ਹੋ ਗਏ ਹਨ ਅਤੇ ਪੱਥਰਬਾਜ਼ਾਂ ਦੀ ਗਿਣਤੀ ਵਿਚ ਵੀ ਕਮੀ ਆਈ ਹੈ।
ਜੇਤਲੀ ਨੇ ਇਥੇ ਇਕ ਨਿੱਜੀ ਟੀ. ਵੀ. ਚੈਨਲ ਦੇ ਪ੍ਰੋਗਰਾਮ ਵਿਚ ਕਿਹਾ ਕਿ ਐੱਨ. ਆਈ. ਏ. ਦੀ ਕਾਰਵਾਈ ਪਿੱਛੋਂ ਅੱਤਵਾਦੀਆਂ ਨੂੰ ਪੈਸਾ ਮਿਲਣਾ ਬੰਦ ਹੋ ਗਿਆ ਹੈ ਅਤੇ ਉਹ ਬੈਂਕ ਲੁੱਟਣ ਵਰਗੀਆਂ ਵਾਰਦਾਤਾਂ ਵਿਚ ਸ਼ਾਮਲ ਹੋਣ ਲੱਗੇ ਹਨ। ਸਰਜੀਕਲ ਸਟ੍ਰਾਈਕ ਪਿੱਛੋਂ ਸਰਹੱਦ ਪਾਰੋਂ ਘੁਸਪੈਠ ਵੀ ਘਟ ਗਈ ਹੈ। ਘਾਟੀ ਵਿਚ ਅੱਤਵਾਦੀਆਂ ਵਲੋਂ ਆਈ. ਐੱਸ. ਦੇ ਝੰਡੇ ਦੀ ਵਰਤੋਂ ਦੇ ਸਵਾਲ 'ਤੇ ਜੇਤਲੀ ਨੇ ਕਿਹਾ ਕਿ ਅਜਿਹੀ ਇਕ-ਅੱਧੀ ਘਟਨਾ ਸਾਹਮਣੇ ਆਈ ਹੈ। ਦੇਸ਼ ਵਿਚ ਕਿਤੇ ਵੀ ਇਸ ਦਾ ਵਜੂਦ ਨਹੀਂ ਹੈ।
ਰੱਖਿਆ ਮੰਤਰੀ ਨੇ ਕਿਹਾ ਕਿ ਸਰਕਾਰ ਦੇਸ਼ ਨੂੰ ਰੱਖਿਆ ਉਤਪਾਦਨ ਦੇ ਖੇਤਰ ਵਿਚ ਮੋਹਰੀ ਬਣਾਉਣਾ ਚਾਹੁੰਦੀ ਹੈ, ਇਸ ਲਈ ਨਿੱਜੀ ਖੇਤਰ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਦੇਸ਼ ਦੇ ਅਸਲਾ ਕਾਰਖਾਨਿਆਂ ਅਤੇ ਰੱਖਿਆ ਖੇਤਰ ਦੀਆਂ ਕੰਪਨੀਆਂ ਨੂੰ ਵੀ ਮਜ਼ਬੂਤ ਬਣਾਉਣ ਦਾ ਕੰਮ ਹੋ ਰਿਹਾ ਹੈ। ਉਨ੍ਹਾਂ ਡੋਕਲਾਮ ਵਿਚ ਭਾਰਤ ਤੇ ਚੀਨ ਵਿਚਾਲੇ ਪੈਦਾ ਹੋਏ ਖਿਚਾਅ 'ਤੇ ਪੁੱਛੇ ਗਏ ਸਵਾਲ 'ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਜੰਮੂ-ਕਸ਼ਮੀਰ : ਸ਼ੋਪੀਆ ਮੁਕਾਬਲੇ 'ਚ ਹਿਜ਼ਬੁਲ ਮੁਜਾਹੀਦੀਨ ਦਾ ਚੀਫ ਕਮਾਂਡਰ ਢੇਰ
NEXT STORY