ਨਵੀਂ ਦਿੱਲੀ-'ਹਿੰਦੂ-ਪਾਕਿਸਤਾਨ' ਵਾਲਾ ਬਿਆਨ ਦੇਣ ਪਿੱਛੋਂ ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਬੁੱਧਵਾਰ ਮੁੜ ਭਾਜਪਾ 'ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਭਾਜਪਾ ਦੇ ਲੋਕ ਚਾਹੁੰਦੇ ਹਨ ਕਿ ਮੈਂ ਪਾਕਿਸਤਾਨ ਚਲਾ ਜਾਵਾਂ। ਉਨ੍ਹਾਂ ਨੂੰ ਇਹ ਅਧਿਕਾਰ ਕਿਸ ਨੇ ਦਿੱਤਾ ਹੈ? ਕੀ ਮੈਂ ਉਨ੍ਹਾਂ ਵਰਗਾ ਹਿੰਦੂ ਨਹੀਂ ਹਾਂ? ਕੀ ਮੈਨੂੰ ਭਾਰਤ ਵਿਚ ਰਹਿਣ ਦਾ ਅਧਿਕਾਰ ਨਹੀਂ ਹੈ? ਕੀ ਭਾਜਪਾ ਵਾਲੇ ਹਿੰਦੂ ਧਰਮ ਅੰਦਰ ਤਾਲਿਬਾਨ ਨੂੰ ਸਥਾਪਿਤ ਕਰਨ ਦੀ ਸ਼ੁਰੂਆਤ ਨਹੀਂ ਕਰ ਰਹੇ?
ਥਰੂਰ ਨੇ ਕਿਹਾ ਕਿ ਭਾਜਪਾ ਵਾਲਿਆਂ ਦਾ ਹਿੰਦੂ ਰਾਸ਼ਟਰ ਬਣਾਉਣ ਬਾਰੇ ਗੱਲਾਂ ਕਰਨੀਆਂ ਬਹੁਤ ਹੀ ਖਤਰਨਾਕ ਰੁਝਾਨ ਹੈ। ਇਹ ਦੇਸ਼ ਨੂੰ ਤਬਾਹ ਕਰ ਦੇਵੇਗਾ।
ਜ਼ਿਕਰਯੋਗ ਹੈ ਕਿ ਥਰੂਰ ਨੇ ਪਿਛਲੇ ਹਫਤੇ ਕੇਰਲ ਵਿਚ ਪਾਰਟੀ ਦੇ ਇਕ ਸਮਾਰੋਹ ਵਿਚ ਬੋਲਦਿਆਂ ਕਿਹਾ ਸੀ ਕਿ ਜੇ ਭਾਜਪਾ 2019 ਦੀਆਂ ਚੋਣਾਂ ਵਿਚ ਜਿੱਤ ਗਈ ਤਾਂ ਸੰਵਿਧਾਨ ਖਤਰੇ ਵਿਚ ਪੈ ਜਾਵੇਗਾ। ਭਾਜਪਾ ਆਪਣੇ ਹਿੰਦੂ ਰਾਸ਼ਟਰ ਦੇ ਸਿਧਾਂਤ ਦੇ ਅਨਸਰਾਂ ਨੂੰ ਹੱਲਾਸ਼ੇਰੀ ਦੇਣ ਲਈ ਸਭ ਕੁਝ ਕਰੇਗੀ। ਇੰਝ ਕਰਨ ਨਾਲ ਭਾਰਤ 'ਹਿੰਦੂ-ਪਾਕਿਸਤਾਨ' ਬਣ ਜਾਵੇਗਾ।
ਸ਼ਸ਼ੀ ਥਰੂਰ ਦੇ ਹਿੰਦੂਤਵ ਨੂੰ ਲੈ ਕੇ ਦਿੱਤੇ ਗਏ ਬਿਆਨ 'ਤੇ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਨੇ ਉਨ੍ਹਾਂ ਨੂੰ ਪਾਕਿਸਤਾਨ ਜਾਣ ਦੀ ਸਲਾਹ ਦੇ ਦਿੱਤੀ ਅਤੇ ਕਿਹਾ ਕਿ ਉਹ ਖੁਦ ਹੀ ਤਾਲਿਬਾਨੀ ਹਨ। ਥਰੂਰ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਉਹ ਤਾਲਿਬਾਨੀ ਹਨ? ਜੇ ਥਰੂਰ ਨੇ ਇਸ ਦੇਸ਼ 'ਚ ਰਹਿਣਾ ਹੈ ਤਾਂ ਹਿੰਦੂਤਵ ਨੂੰ ਗਾਲ੍ਹ ਨਹੀਂ ਕੱਢੀ ਜਾ ਸਕਦੀ, ਦੇਸ਼ ਨੂੰ ਗਾਲ੍ਹ ਨਹੀਂ ਦਿੱਤੀ ਜਾ ਸਕਦੀ। ਚੌਬੇ ਨੇ ਕਿਹਾ ਕਿ ਦੇਸ਼ ਵਿਚ ਰਹਿ ਕੇ ਜੇ ਕੋਈ ਹਿੰਦੂਤਵ ਨੂੰ ਗਾਲ੍ਹ ਕੱਢਦਾ ਹੈ ਤਾਂ ਉਸ ਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਹੈ। ਅਜਿਹੇ ਲੋਕਾਂ ਲਈ ਭਾਰਤ ਵਿਚ ਕੋਈ ਥਾਂ ਨਹੀਂ। ਸੁਪਰੀਮ ਕੋਰਟ ਨੇ ਵੀ ਕਿਹਾ ਹੈ ਕਿ ਹਿੰਦੂਤਵ 'ਵੇਅ ਆਫ ਲਾਈਫ' ਹੈ, ਇਸ ਲਈ ਸ਼ਸ਼ੀ ਥਰੂਰ ਦਾ ਬਿਆਨ ਠੀਕ ਨਹੀਂ।
ਦੇਸ਼ ਦੇ ਸਾਰੇ ਸਟੇਸ਼ਨਾਂ 'ਤੇ ਮਿਲੇਗੀ ਫਰੀ ਵਾਈ-ਫਾਈ ਦੀ ਸੁਵਿਧਾ, ਲੋਕ ਸਭਾ 'ਚ ਮੋਦੀ ਸਰਕਾਰ ਨੇ ਦਿੱਤੀ ਜਾਣਕਾਰੀ
NEXT STORY