ਗੁਰਦਾਸਪੁਰ/ਪਾਕਿਸਤਾਨ (ਵਿਨੋਦ) : ਪਾਕਿਸਤਾਨ ਤੋਂ ਆਈ ਇਕ ਤਾਜ਼ਾ ਰਿਪੋਰਟ ਅਨੁਸਾਰ, ਉੱਥੇ ਸਿੱਖ ਅਤੇ ਹਿੰਦੂ ਧਾਰਮਿਕ ਸਥਾਨਾਂ ਦੀਆਂ ਜ਼ਮੀਨਾਂ ਨੂੰ ਵੇਚਿਆ ਜਾ ਰਿਹਾ ਹੈ ਜਾਂ ਉਨ੍ਹਾਂ ’ਤੇ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ। ਇਸ ਕਾਰਨ ਪਾਕਿਸਤਾਨ ਵਿੱਚ ਸਿੱਖ ਅਤੇ ਹਿੰਦੂ ਆਬਾਦੀ ਵਿਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਰਿਪੋਰਟ ਵਿਚ ਖ਼ੁਲਾਸਾ ਕੀਤਾ ਗਿਆ ਹੈ ਕਿ ਦੇਸ਼ ਭਰ ਵਿਚ ਘੱਟ ਗਿਣਤੀ ਭਾਈਚਾਰਿਆਂ ਨਾਲ ਸਬੰਧਤ ਬਹੁਤ ਸਾਰੇ ਧਾਰਮਿਕ ਸਥਾਨਾਂ ਦੀਆਂ ਜ਼ਮੀਨਾਂ ਨੂੰ ਸਥਾਨਕ ਪ੍ਰਭਾਵਸ਼ਾਲੀ ਲੋਕਾਂ ਵੱਲੋਂ ਜ਼ਬਰਦਸਤੀ ਹਥਿਆਇਆ ਜਾ ਰਿਹਾ ਹੈ। ਬਹੁਤ ਸਾਰੇ ਅਜਿਹੇ ਧਾਰਮਿਕ ਸਥਾਨ ਹਨ ਜਿਨ੍ਹਾਂ ’ਤੇ ਜਾਅਲੀ ਦਸਤਾਵੇਜ਼ਾਂ ਜਾਂ ਕਿਰਾਏ ਦੇ ਫ਼ਰਜ਼ੀ ਕਾਗਜ਼ਾਂ ਰਾਹੀਂ ਕਬਜ਼ਾ ਕੀਤਾ ਹੋਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮੁੱਦੇ ਵਿਰੁੱਧ ਆਵਾਜ਼ ਉਠਾਉਣ ਵਾਲੇ ਕਿਸੇ ਵੀ ਹਿੰਦੂ ਜਾਂ ਸਿੱਖ ਨੂੰ ‘ਈਸ਼ਨਿੰਦਾ ਕਾਨੂੰਨ’ ਦੇ ਡਰ ਹੇਠ ਚੁੱਪ ਕਰਾ ਦਿੱਤਾ ਜਾਂਦਾ ਹੈ।
ਪਾਕਿਸਤਾਨੀ ਪੰਜਾਬ ਵਿਚ ਘੱਟ ਗਿਣਤੀ ਭਾਈਚਾਰਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਵੀ ਇਸ ਗੰਭੀਰ ਮੁੱਦੇ ’ਤੇ ਚੁੱਪੀ ਧਾਰੀ ਹੋਈ ਹੈ। ਹਾਲਾਂਕਿ ‘ਪਾਕਿਸਤਾਨ ਹਿੰਦੂ ਕੌਂਸਲ’ ਅਤੇ ਵੱਖ-ਵੱਖ ਸਿੱਖ ਸੰਗਠਨਾਂ ਨੇ ਵਾਰ-ਵਾਰ ਇਹ ਮਾਮਲਾ ਸਰਕਾਰ ਦੇ ਧਿਆਨ ਵਿਚ ਲਿਆਂਦਾ ਹੈ ਅਤੇ ਧਾਰਮਿਕ ਸਥਾਨਾਂ ਨੂੰ ਖਾਲੀ ਕਰਵਾਉਣ ਦੀ ਮੰਗ ਕੀਤੀ ਹੈ ਪਰ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਰਿਪੋਰਟ ਮੁਤਾਬਕ ਕਈ ਇਤਿਹਾਸਕ ਗੁਰਦੁਆਰਿਆਂ ਦੇ ਬਿਲਕੁਲ ਬਾਹਰ ਮੀਟ ਅਤੇ ਜੁੱਤੀਆਂ ਦੀਆਂ ਦੁਕਾਨਾਂ ਚੱਲ ਰਹੀਆਂ ਹਨ, ਜੋ ਕਿ ਇਨ੍ਹਾਂ ਪਵਿੱਤਰ ਅਸਥਾਨਾਂ ਦੀ ਮਰਿਆਦਾ ਖ਼ਿਲਾਫ਼ ਹੈ।
ਇੰਦਰਜੀਤ ਸਿੰਘ ਉੱਭੀ ਦੇ ਅਕਾਲ ਚਲਾਣੇ 'ਤੇ ਪੱਤਰਕਾਰ ਕੁਲਵੰਤ ਧਾਲੀਆਂ ਨੂੰ ਸਦਮਾ, 5 ਮਾਰਚ ਨੂੰ ਹੋਵੇਗੀ ਅੰਤਿਮ ਅਰਦਾਸ
NEXT STORY