ਗਾਂਧੀਨਗਰ : ਗੁਜਰਾਤ 'ਚ ਭਾਰੀ ਮੀਂਹ ਕਾਰਨ ਮੰਗਲਵਾਰ (27 ਅਗਸਤ) ਨੂੰ ਸਾਰੇ ਪ੍ਰਾਇਮਰੀ ਸਕੂਲ ਬੰਦ ਰਹਿਣਗੇ। ਇਹ ਜਾਣਕਾਰੀ ਸੂਬੇ ਦੇ ਸਿੱਖਿਆ ਮੰਤਰੀ ਪ੍ਰਫੁੱਲ ਪਨਸੇਰੀਆ ਨੇ ਦਿੱਤੀ। ਇਸ ਦੌਰਾਨ ਪੂਰੇ ਗੁਜਰਾਤ 'ਚ ਬਾਰਿਸ਼ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਸਾਰੇ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ। ਸੂਬਾ ਸਰਕਾਰ ਨੇ ਸਾਰੇ ਸਾਵਧਾਨੀ ਦੇ ਕਦਮ ਚੁੱਕੇ ਹਨ। ਮੁੱਖ ਮੰਤਰੀ ਨੇ ਆਪਦਾ ਪ੍ਰਬੰਧਨ ਨਾਲ ਮੀਟਿੰਗ ਕੀਤੀ ਹੈ।
ਸੋਮਵਾਰ (26 ਅਗਸਤ) ਸਵੇਰੇ 6 ਵਜੇ ਤੱਕ ਗੁਜਰਾਤ ਦੇ ਕਈ ਹਿੱਸਿਆਂ ਵਿੱਚ ਪਿਛਲੇ 24 ਘੰਟਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਸ਼ ਹੋਈ ਹੈ ਅਤੇ ਬਰਸਾਤੀ ਨਦੀਆਂ ਦੇ ਪਾਣੀ ਦਾ ਪੱਧਰ ਵਧਣ ਕਾਰਨ ਨਵਸਾਰੀ ਅਤੇ ਵਲਸਾਡ ਜ਼ਿਲ੍ਹਿਆਂ ਦੇ ਨੀਵੇਂ ਖੇਤਰ ਪਾਣੀ ਵਿੱਚ ਡੁੱਬ ਗਏ ਹਨ। ਅਜਿਹੇ 'ਚ ਸੈਂਕੜੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣਾ ਪਿਆ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ (ਐੱਸਈਓਸੀ) ਦੇ ਅੰਕੜਿਆਂ ਅਨੁਸਾਰ, ਸੋਮਵਾਰ (26 ਅਗਸਤ) ਸਵੇਰੇ 6 ਵਜੇ ਤੱਕ ਪਿਛਲੇ 24 ਘੰਟਿਆਂ ਵਿੱਚ ਨਵਸਾਰੀ ਜ਼ਿਲ੍ਹੇ ਦੇ ਖੇਰਗਾਮ ਤਾਲੁਕਾ ਵਿੱਚ ਸਭ ਤੋਂ ਵੱਧ 356 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਇਸ ਸਮੇਂ ਦੌਰਾਨ ਡਾਂਗ ਜ਼ਿਲ੍ਹੇ ਦੇ ਡਾਂਗ-ਆਹਵਾ ਤਾਲੁਕਾ ਵਿੱਚ 268 ਮਿਲੀਮੀਟਰ ਅਤੇ ਕਪਰਾਡਾ (ਵਲਸਾਡ ਜ਼ਿਲ੍ਹਾ) ਵਿਚ 263 ਮਿਲੀਮੀਟਰ ਮੀਂਹ ਪਿਆ।
ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਐਤਵਾਰ ਦੇਰ ਰਾਤ ਸੌਰਾਸ਼ਟਰ ਖੇਤਰ ਦੇ ਮੋਰਬੀ, ਕੱਛ, ਰਾਜਕੋਟ, ਸੁਰੇਂਦਰਨਗਰ ਅਤੇ ਭਾਵਨਗਰ ਜ਼ਿਲ੍ਹਿਆਂ ਅਤੇ ਦੱਖਣੀ ਗੁਜਰਾਤ ਦੇ ਭਰੂਚ ਅਤੇ ਡਾਂਗ ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟਰੇਟਾਂ ਨਾਲ ਗੱਲ ਕਰਕੇ ਸਥਿਤੀ ਦਾ ਜਾਇਜ਼ਾ ਲਿਆ।
ਮੁੱਖ ਮੰਤਰੀ ਦਫ਼ਤਰ (ਸੀਐੱਮਓ) ਨੇ ਦੱਸਿਆ ਕਿ ਮੁੱਖ ਮੰਤਰੀ ਨੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਬਾਰਿਸ਼ ਦੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖਦਿਆਂ ਚੌਕਸ ਰਹਿਣ ਅਤੇ ਲੋਕਾਂ ਅਤੇ ਉਨ੍ਹਾਂ ਦੇ ਪਸ਼ੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਸੂਬੇ ਵਿਚ ਹੋਰ ਬਾਰਸ਼ ਦੀ ਭਵਿੱਖਬਾਣੀ ਦੇ ਵਿਚਕਾਰ, ਮੁੱਖ ਸਕੱਤਰ ਰਾਜ ਕੁਮਾਰ ਨੇ ਐਤਵਾਰ ਸ਼ਾਮ ਨੂੰ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ।
ਭਾਰਤੀ ਮੌਸਮ ਵਿਭਾਗ ਨੇ ਅਗਲੇ ਹਫ਼ਤੇ ਗੁਜਰਾਤ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਦੱਖਣੀ ਗੁਜਰਾਤ ਦੇ ਜ਼ਿਲ੍ਹਿਆਂ ਵਿੱਚ ਹੁਣ ਤੱਕ ਔਸਤ ਸਾਲਾਨਾ ਵਰਖਾ ਦਾ 105 ਪ੍ਰਤੀਸ਼ਤ ਤੋਂ ਵੱਧ ਮੀਂਹ ਪਿਆ ਹੈ, ਜੋ ਕਿ ਰਾਜ ਵਿੱਚ ਸਭ ਤੋਂ ਵੱਧ ਹੈ, ਦੱਖਣੀ ਗੁਜਰਾਤ ਅਤੇ ਸੌਰਾਸ਼ਟਰ ਦੇ ਅੱਠ ਜ਼ਿਲ੍ਹਿਆਂ ਵਿਚ ਔਸਤ ਸਾਲਾਨਾ ਬਾਰਸ਼ 100 ਪ੍ਰਤੀਸ਼ਤ ਤੋਂ ਵੱਧ ਹੈ। ਐੱਸਈਓਸੀ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਬਾਕੀ ਸਾਰੇ ਜ਼ਿਲ੍ਹਿਆਂ ਵਿਚ ਇਸ ਸੀਜ਼ਨ ਵਿਚ ਹੁਣ ਤੱਕ ਔਸਤ ਸਾਲਾਨਾ ਦਾ 50 ਫੀਸਦੀ ਤੋਂ ਵੱਧ ਮੀਂਹ ਪਿਆ ਹੈ।
CRPF ਜਵਾਨ ਨੇ AK-47 ਨਾਲ ਖੁਦ ਨੂੰ ਮਾਰੀ ਗੋਲੀ, ਹਸਪਤਾਲ 'ਚ ਹੋਈ ਮੌਤ
NEXT STORY