ਨਵੀਂ ਦਿੱਲੀ— ਸਾਬਕਾ ਸਮਾਜਵਾਦੀ ਪਾਰਟੀ ਨੇਤਾ ਅਮਰ ਸਿੰਘ ਦਾ ਅੱਜ ਯਾਨੀ ਕਿ ਸ਼ਨੀਵਾਰ ਨੂੰ 64 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਦਾ ਸਿੰਗਾਪੁਰ ਦੇ ਇਕ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦਾ ਕਿਡਨੀ ਟਰਾਂਸਪਲਾਂਟ ਕੀਤਾ ਗਿਆ ਸੀ। ਉਨ੍ਹਾਂ ਦੇ ਦਿਹਾਂਤ 'ਤੇ ਤਮਾਮ ਸਿਆਸੀ ਸ਼ਖਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅਮਰ ਸਿੰਘ ਸਿਰਫ ਇਕ ਨੇਤਾ ਹੀ ਨਹੀਂ ਰਹੇ, ਸਗੋਂ ਉਨ੍ਹਾਂ ਨੇ ਕੁਝ ਫਿਲਮਾਂ 'ਚ ਵੀ ਅਭਿਨੈ ਕੀਤਾ ਸੀ।
ਅਮਰ ਸਿੰਘ ਦਾ ਜੀਵਨ ਅਤੇ ਸਿਆਸੀ ਸਫ਼ਰ—
ਅਮਰ ਸਿੰਘ ਦਾ ਜਨਮ ਅਲੀਗੜ੍ਹ (ਉੱਤਰ ਪ੍ਰਦੇਸ਼) ਵਿਚ ਰਾਜਪੂਤ ਪਰਿਵਾਰ ਵਿਚ ਹੋਇਆ ਸੀ। ਉਨ੍ਹਾਂ ਨੇ ਬੀ. ਏ., ਐੱਲ. ਐੱਲ. ਬੀ. ਦੀ ਡਿਗਰੀ ਪ੍ਰਾਪਤ ਕੀਤੀ। ਯੂਨੀਵਰਸਿਟੀ ਕਾਲਜ ਆਫ਼ ਲਾਅ, ਕੋਲਕਾਤਾ ਵਿਚ ਅੱਗੇ ਦੀ ਪੜ੍ਹਾਈ ਕੀਤੀ ਸੀ। ਉਨ੍ਹਾਂ ਨੇ ਸਾਲ 1987 'ਚ ਪੰਕਜਾ ਕੁਮਾਰੀ ਨਾਲ ਵਿਆਹ ਕਰਵਾਇਆ ਅਤੇ ਉਨ੍ਹਾਂ ਦੋ ਧੀਆਂ ਹਨ।
ਅਮਰ ਸਿੰਘ ਦੇ ਸਿਆਸੀ ਸਫਰ ਦੀ ਸ਼ੁਰੂਆਤ 1996 'ਚ ਰਾਜ ਸਭਾ ਦਾ ਮੈਂਬਰ ਚੁਣੇ ਜਾਣ ਨਾਲ ਹੋਈ ਸੀ। ਅਮਰ ਸਿੰਘ, ਸਮਾਜਵਾਦੀ ਪਾਰਟੀ ਦੇ ਸਾਬਕਾ ਜਨਰਲ ਸਕੱਤਰ ਰਹੇ ਅਤੇ ਨਾਲ ਹੀ ਰਾਜ ਸਭਾ ਮੈਂਬਰ ਵੀ ਰਹੇ ਹਨ। ਅਮਰ ਸਿੰਘ ਇਕ ਸਮੇਂ ਸਮਾਜਵਾਦੀ ਪਾਰਟੀ ਦੀ ਨੰਬਰ ਦੋ ਪੋਜ਼ੀਸ਼ਨ ਦੇ ਨੇਤਾ ਵੀ ਰਹੇ ਸਨ। ਹਾਲਾਂਕਿ ਸਾਲ 2010 'ਚ ਪਾਰਟੀ ਦੇ ਸਾਰੇ ਪੋਸਟ ਤੋਂ ਅਸਤੀਫ਼ਾ ਦੇ ਦਿੱਤਾ ਸੀ। ਬਾਅਦ ਵਿਚ ਉਨ੍ਹਾਂ ਨੂੰ ਪਾਰਟੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਸਾਲ 2010 'ਚ ਪਾਰਟੀ ਤੋਂ ਬਰਖ਼ਾਸਤ ਕੀਤੇ ਜਾਣ ਤੋਂ ਬਾਅਦ 2016 'ਚ ਉਹ ਸਮਾਜਵਾਦੀ ਪਾਰਟੀ ਨਾਲ ਮੁੜ ਤੋਂ ਜੁੜ ਗਏ ਅਤੇ ਰਾਜ ਸਭਾ ਲਈ ਚੁਣੇ ਗਏ।
ਸਮਾਜਵਾਦੀ ਪਾਰਟੀ ਤੋਂ ਇੰਝ ਦੂਰ ਹੁੰਦੇ ਗਏ ਅਮਰ—
ਇਕ ਸਮੇਂ ਮੁਲਾਇਮ ਸਿੰਘ ਯਾਦਵ ਦੇ ਖਾਸ ਕਹੇ ਜਾਣ ਵਾਲੇ ਅਮਰ ਸਿੰਘ ਸਾਲ 2017 ਦੇ ਪਹਿਲਾਂ ਹੀ ਕਿਨਾਰੇ ਲੱਗਣ ਲੱਗੇ ਸਨ। ਸਮਾਜਵਾਦੀ ਪਾਰਟੀ ਵਿਚ ਸ਼ਿਵਪਾਲ ਯਾਦਵ ਅਤੇ ਅਖਿਲੇਸ਼ ਯਾਦਵ ਦੇ ਝਗੜੇ ਵਿਚ ਅਖਿਲੇਸ਼ ਨੇ ਅਮਰ ਸਿੰਘ ਨੂੰ ਵਿਲੇਨ ਮੰਨਿਆ। ਕਈ ਵਾਰ ਤਾਂ ਅਖਿਲੇਸ਼ ਨੇ ਖੁੱਲ੍ਹੇਆਮ ਅਮਰ ਸਿੰਘ ਦੀ ਆਲੋਚਨਾ ਕੀਤੀ। ਬਾਅਦ ਵਿਚ ਅਮਰ ਸਿੰਘ ਵੀ ਭਾਜਪਾ ਦੇ ਪ੍ਰੋਗਰਾਮਾਂ 'ਚ ਨਜ਼ਰ ਆਉਣ ਲੱਗੇ। ਉਨ੍ਹਾਂ ਨੇ ਆਰ. ਐੱਸ. ਐੱਸ. ਨਾਲ ਜੁੜੇ ਸੰਗਠਨਾਂ ਨੂੰ ਆਪਣੀ ਪੂਰੀ ਸੰਪਤੀ ਦਾਨ ਕਰਨ ਦਾ ਵੀ ਐਲਾਨ ਕੀਤਾ ਸੀ।
ਅਮਿਤਾਭ ਬੱਚਨ ਦੇ ਕਰੀਬੀ ਦੋਸਤ ਸਨ ਅਮਰ ਸਿੰਘ—
ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਦੇ ਪਰਿਵਾਰ ਨਾਲ ਵੀ ਅਮਰ ਸਿੰਘ ਦੇ ਬੇਹੱਦ ਕਰੀਬੀ ਰਿਸ਼ਤੇ ਰਹੇ ਹਨ। ਹਾਲਾਂਕਿ ਪਿਛਲੇ ਕੁਝ ਸਾਲਾਂ 'ਚ ਇਨ੍ਹਾਂ ਰਿਸ਼ਤਿਆਂ 'ਚ ਖਟਾਸ ਜ਼ਰੂਰ ਆਈ ਸੀ। ਇਸ ਸਾਲ ਫਰਵਰੀ ਮਹੀਨੇ 'ਚ ਅਮਰ ਸਿੰਘ ਨੇ ਇਕ ਵੀਡੀਓ ਜਾਰੀ ਕਰ ਕੇ ਅਮਿਤਾਭ ਬੱਚਨ ਤੋਂ ਮੁਆਫ਼ੀ ਵੀ ਮੰਗੀ ਸੀ।
ਇਨ੍ਹਾਂ ਫਿਲਮਾਂ 'ਚ ਕੀਤਾ ਸੀ ਕੰਮ—
ਅਮਰ ਸਿੰਘ ਨੇ ਫਿਲਮ 'ਹਮਾਰਾ ਦਿਲ ਆਪਕੇ ਪਾਸ ਹੈ' ਵਿਚ ਇਕ ਛੋਟੀ ਜਿਹੀ ਭੂਮਿਕਾ ਨਿਭਾਈ ਅਤੇ ਡਾਇਰੈਕਟਰ ਸ਼ੈਲੇਂਦਰ ਪਾਂਡੇ ਦੀ ਫਿਲਮ ਜੇਡੀ ਵਿਚ ਇਕ ਰਾਜਨੇਤਾ ਦੀ ਭੂਮਿਕਾ ਨਿਭਾਈ। ਕਲਾ, ਸੰਸਕ੍ਰਿਤੀ, ਖੇਡ, ਸਿੱਖਿਆ ਅਤੇ ਦਲਿਤਾਂ ਦੇ ਵਿਕਾਸ, ਸੰਗੀਤ ਸੁਣਨ, ਫਿਲਮਾਂ ਦੇਖਣ ਅਤੇ ਕਿਤਾਬਾਂ ਪੜ੍ਹਨ 'ਚ ਉਨ੍ਹਾਂ ਦੀ ਖਾਸ ਦਿਲਚਸਪੀ ਸੀ।
ਨਹੀਂ ਰਹੇ ਰਾਜਨੀਤੀ ਦੇ 'ਅਮਰ', ਆਪਣੇ ਆਖਰੀ ਵੀਡੀਓ 'ਚ ਮੰਗੀ ਸੀ ਅਮਿਤਾਭ ਬੱਚਨ ਤੋਂ ਮੁਆਫ਼ੀ
NEXT STORY