ਨੈਸ਼ਨਲ ਡੈਸਕ- ਇਸ ’ਚ ਕੋਈ ਪਰਦੇ ਵਾਲੀ ਗੱਲ ਨਹੀਂ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੀਨੀਅਰ ਐੱਨ. ਸੀ. ਪੀ. ਨੇਤਾ ਸ਼ਰਦ ਪਵਾਰ ਨਾਲ ਸੁਖਾਵੇਂ ਸਬੰਧ ਹਨ ਤੇ ਉਹ ਜਨਤਕ ਤੌਰ ’ਤੇ ਉਨ੍ਹਾਂ ਦੀ ਸ਼ਲਾਘਾ ਕਰਦੇ ਰਹੇ ਹਨ। ਇੱਥੋਂ ਤੱਕ ਕਿ ਆਰ. ਐੱਸ. ਐੱਸ. ਲੀਡਰਸ਼ਿਪ ਵੀ ਇਸ ਰਵੱਈਏ ਤੋਂ ਅਸਹਿਜ ਹੈ।
ਮੋਦੀ ਪਵਾਰ ਦੇ ਕਿਸੇ ਵੀ ਸੱਦੇ ਨੂੰ ਖੁਸ਼ੀ ਨਾਲ ਸਵੀਕਾਰ ਕਰਦੇ ਹਨ ਤੇ ਇੱਥੋਂ ਤੱਕ ਕਿ ਉਨ੍ਹਾਂ ਦੀ ਸ਼ਲਾਘਾ ਕਰਦੇ ਕਹਿੰਦੇ ਹਨ ਕਿ ਜਦੋਂ ਪਵਾਰ ਯੂ. ਪੀ. ਏ. ਸਰਕਾਰ ’ਚ ਕੇਂਦਰੀ ਖੇਤੀਬਾੜੀ ਮੰਤਰੀ ਸਨ ਤਾਂ ਉਨ੍ਹਾਂ ਨੇ ਉਨ੍ਹਾਂ ਦਾ ਚੰਗਾ ਮਾਰਗਦਰਸ਼ਨ ਕੀਤਾ ਸੀ ਪਰ ਹਾਲ ਹੀ ਵਿਚ ਇਕ ਨਵਾਂ ਰੁਝਾਨ ਸਾਹਮਣੇ ਆਇਆ ਹੈ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਰਦ ਪਵਾਰ ਖਿਲਾਫ ਜਨਤਕ ਬਿਆਨਬਾਜ਼ੀ ਕਰਦਿਆਂ ਉਨ੍ਹਾਂ ਨੂੰ ਕਈ ਨਾਮ ਤੱਕ ਦੇ ਦਿੱਤੇ ਹਨ।
ਸ਼ਾਹ ਨੇ ਉਨ੍ਹਾਂ ਲਈ ‘ਭਟਕਦੀ ਆਤਮਾ’, ‘ਵਿਸ਼ਵਾਸਘਾਤੀ’ ਤੇ ਹੋਰ ਕਈ ਸ਼ਬਦਾਂ ਦੀ ਵਰਤੋਂ ਕੀਤੀ। ਸ਼ਾਹ ਦਾ ਗੁੱਸਾ ਉਦੋਂ ਸ਼ੁਰੂ ਹੋਇਆ ਜਦੋਂ ਪਵਾਰ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਅਨਾਰ ਦਿੱਤੇ, ਜਿਸ ਨਾਲ ਐੱਨ.ਸੀ.ਪੀ. ਦੇ ਦੋਵੇਂ ਧੜਿਆਂ ਦੇ ਇਕੱਠੇ ਹੋਣ ਦੀਆਂ ਗੱਲਾਂ ਸ਼ੁਰੂ ਹੋ ਗਈਆਂ। ਇਸ ਨਾਲ ਮਹਾਰਾਸ਼ਟਰ ਵਿਚ ਮਹਾਯੁਤੀ ਵਿਚ ਭੰਬਲਭੂਸੇ ਦੀ ਸਥਿਤੀ ਪੈਦਾ ਹੋ ਗਈ ਹੈ ਅਤੇ ਕਿਸੇ ਨੂੰ ਤਾਂ ਫੈਸਲਾ ਲੈਣਾ ਹੀ ਪਵੇਗਾ। ਸ਼ਾਹ ਦੇ ਇਸ ਹਮਲੇ ਨੂੰ ਪਵਾਰ ਵੱਲੋਂ 1978 ਵਿਚ ਮਹਾਰਾਸ਼ਟਰ ’ਚ ਵਸੰਤਦਾਦਾ ਪਾਟਿਲ ਦੀ ਅਗਵਾਈ ਵਾਲੀ ਸਰਕਾਰ ਤੋਂ 40 ਵਿਧਾਇਕਾਂ ਨਾਲ ਬਾਹਰ ਨਿਕਲਣ ਅਤੇ ਫਿਰ ਮੁੱਖ ਮੰਤਰੀ ਬਣਨ ਦੇ ਸੰਦਰਭ ਵਿਚ ਦੇਖਿਆ ਜਾ ਰਿਹਾ ਹੈ।
ਸ਼ਾਹ ਨੇ ਪਵਾਰ ’ਤੇ ‘ਧੋਖਾ’ ਤੇ ‘ਵਿਸ਼ਵਾਸਘਾਤ’ ਦੀ ਸਿਆਸਤ ਦਾ ਪਿਤਾਮਾ ਹੋਣ ਦਾ ਦੋਸ਼ ਲਾਇਆ ਪਰ ਸ਼ਰਦ ਪਵਾਰ ਨੇ ਅਮਿਤ ਸ਼ਾਹ ’ਤੇ ਨਿਸ਼ਾਨਾ ਵਿੰਨ੍ਹਿਆ ਤੇ ਉਨ੍ਹਾਂ ’ਤੇ ਗ੍ਰਹਿ ਮੰਤਰੀ ਦੇ ਅਹੁਦੇ ਦੀ ਮਾਣ-ਮਰਿਆਦਾ ਬਣਾਈ ਨਾ ਰੱਖਣ ਦਾ ਦੋਸ਼ ਲਾਇਆ ਅਤੇ ਉਨ੍ਹਾਂ ਨੂੰ ‘ਤੜੀਪਾਰ’ ਕਰਾਰ ਦਿੱਤਾ।
ਪਵਾਰ ਨੇ ਉਨ੍ਹਾਂ ਨੂੰ ਸੁਪਰੀਮ ਕੋਰਟ ਵੱਲੋਂ ਗੁਜਰਾਤ ਤੋਂ ਬਾਹਰ ਕੱਢਣ ਦੇ ਫੈਸਲੇ ਦਾ ਹਵਾਲਾ ਦਿੱਤਾ। ਇਸ ਤੋਂ ਬਾਅਦ ਸ਼ਾਹ ਨੇ ਫਿਰ ਪਵਾਰ ’ਤੇ ਹਮਲਾ ਕਰਦਿਆਂ ਉਨ੍ਹਾਂ ਨੂੰ ਯੂ. ਪੀ. ਏ. ਤਹਿਤ ਦੇਸ਼ ਦੇ ਖੇਤੀਬਾੜੀ ਮੰਤਰੀ ਵਜੋਂ ਬੇਕਾਰ ਕਰਾਰ ਦਿੱਤਾ। ਭਾਜਪਾ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਪਵਾਰ ’ਤੇ ਅਮਿਤ ਸ਼ਾਹ ਦਾ ਹਮਲਾ ਇਕ ਸੋਚੀ-ਸਮਝੀ ਰਣਨੀਤੀ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਇਹ ਸੁਨੇਹਾ ਦੇਣਾ ਹੈ ਕਿ ਮਹਾਰਾਸ਼ਟਰ ਦੇ ਮਾਮਲਿਆਂ ਦੀ ਗੱਲ ਆਉਂਦੀ ਹੈ ਤਾਂ ਭਾਜਪਾ ਦਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਨ੍ਹੀਂ ਦਿਨੀਂ ਸੰਸਦ ’ਚ ਦੋਵੇਂ ਇਕ-ਦੂਜੇ ਨਾਲ ਅੱਖਾਂ ਨਹੀਂ ਮਿਲਾ ਰਹੇ ਹਨ।
ਬਾਈਕ ਸਵਾਰ ਬਦਮਾਸ਼ਾਂ ਨੇ ਦਿਨ-ਦਿਹਾੜੇ ਭਾਜਪਾ ਨੇਤਾ ਦੀ ਗੋਲੀ ਮਾਰ ਕੇ ਕੀਤੀ ਹੱਤਿਆ
NEXT STORY